ਬਾਬਾ ਬਲਬੀਰ ਸਿੰਘ ਅਕਾਲੀ ਦੀ ਅਗਵਾਈ ਹੇਠ ਗੁਰਮਤਿ ਸਮਾਗਮ ਆਰੰਭ
ਡਾ. ਹਿਮਾਂਸ਼ੂ ਸੂਦ
ਫਤਹਿਗੜ੍ਹ ਸਾਹਿਬ, 25 ਦਸੰਬਰ
ਬੁੱਢਾ ਦਲ ਦੀ ਛਾਉਣੀ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਵਿਖੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਸ਼ਹੀਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਆਰੰਭ ਹੋ ਗਏ। ਇਸ ਮੌਕੇ ਸ਼੍ਰੋਮਣੀ ਸੇਵਾ ਰਤਨ, ਸ਼੍ਰੋੋਮਣੀ ਪੰਥ ਰਤਨ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਨੇ ਕਿਹਾ ਕਿ ਇਹ ਸ਼ਹੀਦੀ ਸਮਾਗਮ 28 ਦਸੰਬਰ ਤੱਕ ਚੱਲਣਗੇ। ਇਸ ਦੌਰਾਨ ਰਾਗੀ, ਢਾਡੀ, ਪ੍ਰਚਾਰਕ ਅਤੇ ਕਥਾਵਾਚਕ ਸਿਖ ਇਤਿਹਾਸ ਦੀ ਮਹਿਮਾ ਨਾਲ ਸੰਗਤਾਂ ਨੂੰ ਜੋੜਨਗੇ। ਉਨ੍ਹਾਂ ਸੰਗਤਾਂ ਨੂੰ ਇਸ ਮੌਕੇ ਵੱਧ ਚੜ੍ਹ ਕੇ ਸਾਮਲ ਹੋਣ ਦੀ ਅਪੀਲ ਕੀਤੀ। ਇਸ ਦੌਰਾਨ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਵਿਚ ਆਖੰਡ ਪਾਠ ਆਰੰਭ ਹੋ ਗਏ ਜਿਨ੍ਹਾਂ ਦਾ ਭੋਗ 27 ਦਸੰਬਰ ਨੂੰ ਪਵੇਗਾ, 26 ਦਸੰਬਰ ਨੂੰ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਅਖੰਡ ਆਰੰਭ ਹੋਣਗੇ ਤੇ 28 ਦਸੰਬਰ ਨੂੰ ਭੋਗ ਪਵੇਗਾ, 27 ਦਸੰਬਰ ਨੂੰ ਗੁਰਦੁਆਰਾ ਫਤਹਿਗੜ੍ਹ ਸਾਹਿਬ ਤੋਂ ਗੁਰਦੁਆਰਾ ਜੋਤੀ ਸਰੂਪ ਤੀਕ ਨਗਰ ਕੀਰਤਨ ਹੋਵੇਗਾ। ਸ੍ਰੀ ਦਸਮ ਗ੍ਰੰਥ ਸਾਹਿਬ ਭੋਗ ਉਪਰੰਤ 28 ਦਸੰਬਰ ਨੂੰ ਸਮੂਹ ਨਿਹੰਗ ਸਿੰਘ ਦਲਾਂ ਵਲੋਂ ਬੁੱਢਾ ਦਲ ਦੀ ਅਗਵਾਈ ਵਿੱਚ ਮਹੱਲਾ ਸਜਾਇਆ ਜਾਵੇਗਾ। ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਸਾਡੇ ਬੱਚਿਆਂ ਨੂੰ ਘੋੜਸਵਾਰੀ, ਨੇਜਾਬਾਜ਼ੀ, ਤੀਰਕਮਾਨ, ਸ਼ਸਤਰ ਅਤੇ ਸ਼ਾਸਤਰ ਵਿੱਦਿਆ ਲੈਣੀ ਚਾਹੀਦੀ ਹੈ।