ਨਾਬਾਲਗ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਕੇਸ ਦਰਜ
ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 1 ਮਾਰਚ
ਪੁਲੀਸ ਨੇ ਚੰਡੀਗੜ੍ਹ ਵਸਨੀਕ ਨਾਬਾਲਗ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਇਕ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦ ਪੀੜਤ ਲੜਕੀ ਗਰਭਵਤੀ ਹੋ ਗਈ। ਜਾਣਕਾਰੀ ਅਨੁਸਾਰ ਮੁਲਜ਼ਮ ਦੀ ਪਛਾਣ ਮੋਨੂੰ ਵਾਸੀ ਮੌਲੀ ਜਾਗਰਾਂ ਚੰਡੀਗੜ੍ਹ ਵਜੋਂ ਹੋਈ ਹੈ। ਮੁਲਜ਼ਮ ਹਾਲੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ ਜਿਸਦੀ ਭਾਲ ਵਿੱਚ ਛਾਪੇ ਮਾਰੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਜ਼ੀਰਕਪੁਰ ਦੇ ਇੱਕ ਹੋਟਲ ਵਿੱਚ ਨਾਬਾਲਗ ਨਾਲ ਜਬਰ-ਜਨਾਹ ਕੀਤਾ ਗਿਆ ਅਤੇ ਇਸ ਮਾਮਲੇ ਵਿੱਚ ਚੰਡੀਗੜ੍ਹ ਪੁਲੀਸ ਨੇ ਜ਼ੀਰੋ ਐੱਫਆਈਆਰ ਦਰਜ ਕਰ ਕੇ ਜ਼ੀਰਕਪੁਰ ਪੁਲੀਸ ਨੂੰ ਭੇਜ ਦਿੱਤੀ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਪੀੜਤਾ ਨੇ ਦੱਸਿਆ ਕਿ 10ਵੀਂ ਪਾਸ ਕਰਨ ਤੋਂ ਬਾਅਦ ਉਹ ਚੰਡੀਗੜ੍ਹ ’ਚ ਕਰਿਆਨੇ ਦੀ ਦੁਕਾਨ ’ਤੇ ਕੰਮ ਕਰਦੀ ਸੀ। ਇੱਥੇ ਉਸ ਦੀ ਮੁਲਾਕਾਤ ਵਿਕਾਸ ਨਗਰ ਮੌਲੀ ਜਾਗਰਾਂ ਦੇ ਰਹਿਣ ਵਾਲੇ ਮੋਨੂੰ ਨਾਲ ਹੋਈ। ਮੋਨੂੰ ਨੇ ਉਸ ਨੂੰ ਭਰੋਸੇ ’ਚ ਲੈ ਕੇ ਜ਼ੀਰਕਪੁਰ ਦੇ ਇਕ ਹੋਟਲ ’ਚ ਲਿਜਾ ਕੇ ਜ਼ਬਰਦਸਤੀ ਸਬੰਧ ਬਣਾਏ। ਕੁਝ ਦਿਨਾਂ ਬਾਅਦ ਉਸ ਦੇ ਢਿੱਡ ’ਚ ਦਰਦ ਹੋਣ ਲੱਗਾ ਅਤੇ ਉਸ ਦਾ ਚੰਡੀਗੜ੍ਹ ਜੀਐੱਮਐੱਸਐੱਚ ਸੈਕਟਰ-16 ’ਚ ਚੈਕਅੱਪ ਕਰਵਾਇਆ ਗਿਆ ਤਾਂ ਪਤਾ ਲੱਗਾ ਕਿ ਉਹ ਦੋ ਮਹੀਨਿਆਂ ਦੀ ਗਰਭਵਤੀ ਹੈ। ਇਸ ਤੋਂ ਬਾਅਦ ਉਸ ਨੇ ਸਾਰੀ ਗੱਲ ਆਪਣੇ ਮਾਪਿਆਂ ਨੂੰ ਦੱਸੀ ਅਤੇ ਉਨ੍ਹਾਂ ਨੂੰ ਨਾਲ ਲੈ ਕੇ ਚੰਡੀਗੜ੍ਹ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ।