ਔਰਤ ਦਾ ਨੱਕ ਵੱਢਣ ਦੇ ਮਾਮਲੇ ’ਚ ਤਿੰਨ ਖ਼ਿਲਾਫ਼ ਕੇਸ ਦਰਜ
08:54 AM Sep 22, 2024 IST
ਪੱਤਰ ਪ੍ਰੇਰਕ
ਜਲਾਲਾਬਾਦ, 21 ਸਤੰਬਰ
ਪਿੰਡ ਕਾਠਗੜ੍ਹ ਵਾਸੀ ਔਰਤ ਦੇ ਸਹੁਰਾ ਪਰਿਵਾਰ ਵੱਲੋਂ ਉਸ ਨਾਲ ਕੁੱਟਮਾਰ ਕਰ ਕੇ ਨੱਕ ਅਤੇ ਵਾਲ ਵੱਢਣ ਦੇ ਮਾਮਲੇ ਵਿੱਚ ਵੈਰੋਕਾ ਪੁਲੀਸ ਨੇ ਪੀੜਤਾ ਦੇ ਬਿਆਨਾਂ ’ਤੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਐੱਸਐੱਸਪੀ ਫਾਜ਼ਿਲਕਾ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਨ੍ਹਾਂ ਖੁਦ ਇਸ ਕੇਸ ’ਤੇ ਧਿਆਨ ਦਿੱਤਾ ਤੇ ਇਸ ਵਿੱਚ ਤਿੰਨ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਪੀੜਤਾ ਮਨਜੀਤ ਕੌਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 19 ਸਤੰਬਰ ਦੀ ਸ਼ਾਮ ਨੂੰ ਉਹ ਆਪਣੇ ਘਰ ’ਚ ਕੰਮ ਕਰ ਰਹੀ ਸੀ ਤਾਂ ਅਮਰਜੀਤ ਸਿੰਘ, ਦੇਸਾ ਸਿੰਘ ਵਾਸੀ ਕਾਠਗੜ੍ਹ ਅਤੇ ਨੀਲਮ ਰਾਣੀ ਵਾਸੀ ਢਾਬ ਖੁਸ਼ਹਾਲ ਜੋਇਆਂ ਨੇ ਉਸ ਨੂੰ ਆਪਣੇ ਪੇਕੇ ਪਰਿਵਾਰ ਤੋਂ ਪੈਸੇ ਲਿਆਉਣ ਲਈ ਕਿਹਾ, ਜਦੋਂ ਉਸ ਨੇ ਪੈਸੇ ਲਿਆਉਣ ਤੋਂ ਮਨ੍ਹਾਂ ਕਰ ਦਿੱਤਾ ਤਾਂ ਉਨ੍ਹਾਂ ਨੇ ਕੁੱਟਮਾਰ ਕਰ ਦਿੱਤੀ।
Advertisement
Advertisement