ਫਰਜ਼ੀ ਜੀਐੱਸਟੀ ਅਧਿਕਾਰੀ ਦੱਸ ਕੇ ਨੌਜਵਾਨਾਂ ਦੀ ਕੁੱਟਮਾਰ ਕਰਨ ਵਾਲਿਆਂ ’ਤੇ ਕੇਸ ਦਰਜ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਨਵੰਬਰ
ਖੰਨਾ ਤੋਂ ਆਪਣੇ ਦੋਸਤਾਂ ਨਾਲ ਕੇਸਰਗੰਜ ਮੰਡੀ ’ਚ ਸੁੱਕਾ ਮੇਵਾ ਖਰੀਦਣ ਆਏ ਹਰਚਰਨ ਸਿੰਘ ਅਤੇ ਉਸ ਦੇ ਦੋਸਤਾਂ ਦੀ ਦੁਕਾਨਦਾਰਾਂ ਵੱਲੋਂ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਥਾਣਾ ਕੋਤਵਾਲੀ ਦੀ ਪੁਲੀਸ ਨੇ ਅੱਜ ਡੇਢ ਮਹੀਨੇ ਬਾਅਦ ਕੇਸ ਦਰਜ ਕੀਤਾ ਹੈ। ਪੁਲੀਸ ਨੇ ਕੇਸਰਗੰਜ ਮੰਡੀ ਦੇ 10 ਤੋਂ 15 ਅਣਪਛਾਤੇ ਦੁਕਾਨਦਾਰਾਂ ਅਤੇ ਤੇ ਹੋਰ ਵਿਅਕਤੀਆਂ ਖ਼ਿਲਾਫ਼ ਕੁੱਟਮਾਰ ਦਾ ਕੇਸ ਦਰਜ ਕੀਤਾ ਹੈ। ਪੁਲੀਸ ਨੇ ਇਹ ਕਾਰਵਾਈ ਖੰਨਾ ਦੇ ਦਸਮੇਸ਼ ਨਗਰ ਇਲਾਕੇ ’ਚ ਰਹਿਣ ਵਾਲੇ ਹਰਚਰਨ ਸਿੰਘ ਦੀ ਸ਼ਿਕਾਇਤ ’ਤੇ ਕੀਤੀ ਹੈ। ਪੁਲੀਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਹਰਚਰਨ ਸਿੰਘ ਨੇ ਸ਼ਿਕਾਇਤ ਦਿੱਤੀ ਸੀ ਕਿ ਬੀਤੀ 9 ਅਕਤੂਬਰ ਨੂੰ ਉਹ ਆਪਣੇ ਦੋਸਤ ਅਸ਼ੀਸ਼ ਵਰਮਾ ਤੇ ਗੁਰਜੰਟ ਸਿੰਘ ਨਾਲ ਕੇਸਰਗੰਜ ਦੀ ਮੰਡੀ ਵਿੱਚ ਸੁੱਕਾ ਮੇਵਾ ਖਰੀਦਣ ਗਿਆ ਸੀ। ਉਸ ਵੇਲੇ ਉਹ ਇੱਕ ਦੁਕਾਨ ਵਿੱਚ ਦਾਖਲ ਹੋਇਆ ਜਿਸ ਦੌਰਾਨ ਕੁਝ ਹੋਰ ਸ਼ਰਾਰਤੀ ਨੌਜਵਾਨ ਵੀ ਦੁਕਾਨ ਵਿੱਚ ਦਾਖਲ ਹੋ ਗਏ। ਉਕਤ ਨੌਜਵਾਨਾਂ ਨੇ ਹਰਚਰਨ ਤੇ ਉਸ ਦੇ ਦੋਸਤਾਂ ਨੂੰ ਫਰਜ਼ੀ ਜੀਐੱਸਟੀ ਅਧਿਕਾਰੀ ਦੱਸਦਿਆਂ ਉਨ੍ਹਾਂ ਨਾਲ ਬਹਿਸਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਕੁਝ ਹੋਰ ਦੁਕਾਨਦਾਰ ਵੀ ਇਕੱਠੇ ਹੋ ਗਏ ਤੇ ਸਾਰਿਆਂ ਨੇ ਰਲ ਕੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਹਰਚਰਨ ਸਿੰਘ ਦੀ ਪੱਗ ਵੀ ਉਤਰ ਗਈ। ਇਸ ਦੇ ਨਾਲ ਹੀ ਦੁਕਾਨਦਾਰਾਂ ਨੇ ਇਸ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵੀ ਪਾ ਦਿੱਤੀ। ਉਸ ਦਾ ਦੋਸ਼ ਹੈ ਕਿ ਜਾਣ ਬੁੱਝ ਕੇ ਉਨ੍ਹਾਂ ਦੀ ਬੇਇਜੱਤੀ ਕੀਤੀ ਗਈ ਹੈ ਤੇ ਅਕਸ ਖਰਾਬ ਕੀਤਾ ਗਿਆ ਹੈ।