ਲੱਖੋਵਾਲ ਕਲਾਂ ਦੇ ਪੰਚ ’ਤੇ ਪੰਚਾਇਤੀ ਜ਼ਮੀਨ ’ਚੋਂ ਦਰੱਖਤ ਵੱਢਵਾਉਣ ਦਾ ਦੋਸ਼
ਪੱਤਰ ਪ੍ਰੇਰਕ
ਮਾਛੀਵਾੜਾ, 21 ਨਵੰਬਰ
ਪਿੰਡ ਲੱਖੋਵਾਲ ਕਲਾਂ ਦੇ ਇੱਕ ਪੰਚ ’ਤੇ ਪਿੰਡ ਵਾਸੀ ਵੱਲੋਂ ਪੰਚਾਇਤੀ ਜ਼ਮੀਨ ’ਚੋਂ ਦਰੱਖ਼ਤ ਵੱਢਣ ਦਾ ਦੋਸ਼ ਲਾ ਕੇ ਪੰਚਾਇਤ ਵਿਭਾਗ ਤੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਭਗਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਸੂਏ ਨੇੜੇ ਗੰਦੇ ਪਾਣੀ ਦੀ ਨਿਕਾਸੀ ਲਈ ਮੌਜੂਦ ਛੱਪੜ ਨਾਲ ਪੰਚਾਇਤ ਦੀ ਮਾਲਕੀ ਜ਼ਮੀਨ ਵਿੱਚ ਲੱਗੇ ਦਰੱਖ਼ਤ ਨੂੰ ਕੁਝ ਅਣਪਛਾਤੇ ਲੋਕਾਂ ਨੇ ਬੀਤੀ 17 ਨਵੰਬਰ ਨੂੰ ਕੱਟਣੇ ਸ਼ੁਰੂ ਕਰ ਦਿੱਤੇ। ਜਦੋਂ ਉਸ ਨੇ ਇਸ ਬਾਬਤ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਦੇ ਪੰਚਾਇਤ ਮੈਂਬਰ ਨੇ ਇਹ ਦਰੱਖ਼ਤ ਉਨ੍ਹਾਂ ਨੂੰ ਵੇਚਿਆ ਹੈ। ਜਦੋਂ ਉਸ ਨੇ ਦਰੱਖ਼ਤ ਵੱਢਣ ਤੋਂ ਰੋਕਿਆ ਤਾਂ ਰੌਲਾ ਪੈਣ ਦੇ ਡਰੋਂ ਉਕਤ ਵਿਅਕਤੀ ਫਰਾਰ ਹੋ ਗਏ। ਇਸ ਮਗਰੋਂ ਭਗਤ ਸਿੰਘ ਨੇ ਤੁਰੰਤ ਪੰਚਾਇਤ ਵਿਭਾਗ ਨੂੰ ਸੂਚਿਤ ਕੀਤਾ ਤੇ ਪੁਲੀਸ ਕੋਲ ਵੀ ਲਿਖਤੀ ਸ਼ਿਕਾਇਤ ਦਿੱਤੀ।
ਬਲਾਕ ਪੰਚਾਇਤ ਅਫ਼ਸਰ ਰੁਪਿੰਦਰ ਕੌਰ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੱਖੋਵਾਲ ਕਲਾਂ ਵਿੱਚ ਦਰੱਖ਼ਤ ਵੱਢਣ ਦੀ ਸ਼ਿਕਾਇਤ ਉਨ੍ਹਾਂ ਦੇ ਧਿਆਨ ਵਿੱਚ ਹੈ, ਜਿਸ ਸਬੰਧੀ ਪਟਵਾਰੀ ਵੱਲੋਂ ਰਿਪੋਰਟ ਬਣਾ ਕੇ ਪੁਲੀਸ ਨੂੰ ਭੇਜੀ ਜਾਵੇਗੀ ਅਤੇ ਦੋਸ਼ੀ ਖਿਲਾਫ਼ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ।