ਨਸ਼ੀਲੇ ਕੈਪਸੂਲ ਵੇਚਣ ਵਾਲੇ ਮੈਡੀਕਲ ਸਟੋਰ ਸੰਚਾਲਕ ਖ਼ਿਲਾਫ਼ ਕੇਸ ਦਰਜ
ਇਕਬਾਲ ਸਿੰਘ ਸ਼ਾਂਤ
ਲੰਬੀ, 1 ਜੁਲਾਈ
ਪਿੰਡ ਘੁਮਿਆਰਾ ‘ਚ ਮੈਡੀਕਲ ਨਸ਼ੇ ਦੀ ਵਾਇਰਲ ਵੀਡੀਓ ਦੇ ਭਖੇ ਮਾਮਲੇ ਵਿੱਚ ਪੁਲੀਸ ਨੇ ਖੁਰਾਣਾ ਮੈਡੀਕਲ ਸਟੋਰ ਦੇ ਸੰਚਾਲਕ ਰਾਕੇਸ਼ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਹ ਕੇਸ ਮਾਪਿਆਂ ਵੱਲੋਂ ਪੈਰਾਂ ਵਿੱਚ ਬੇੜੀਆਂ ‘ਚ ਬੰਨ੍ਹੇ ਕਾਲਾ ਪੀਲੀਆ ਪੀੜਤ ਨੌਜਵਾਨ ਦੇ ਬਿਆਨਾਂ ‘ਤੇ ਹੋਇਆ ਹੈ। ਵਾਇਰਲ ਵੀਡੀਓ ਵੀ ਪੀੜਤ ਨੌਜਵਾਨ ਨੇ ਬਣਾਈ ਸੀ। ਨੌਜਵਾਨ ਕੁਲਵਿੰਦਰ ਸਿੰਘ ਉਰਫ਼ ਅੰਮ੍ਰਿਤਪਾਲ ਵਾਸੀ ਘੁਮਿਆਰਾ ਨੇ ਪੁਲੀਸ ਨੂੰ ਦਿੱਤੇ ਬਿਆਨ ‘ਚ ਦੋਸ਼ ਲਗਾਇਆ ਕਿ ਉਹ ਕਰੀਬ 4 ਵਰ੍ਹਿਆਂ ਤੋਂ ਬੁਰੀ ਸੰਗਤ ਕਰਕੇ ਨਸ਼ਾ ਕਰਨ ਲੱਗ ਪਿਆ ਸੀ, ਉਸ ਦੇ ਪਿੰਡ ਘੁਮਿਆਰਾ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇੜੇ ਸਥਿਤ ਮੈਡੀਕਲ ਮਾਲਕ ਰਾਕੇਸ਼ ਕੁਮਾਰ ਪਿੰਡ ਦੇ ਲੋਕਾਂ ਨੂੰ ਬਿਨਾਂ ਡਾਕਟਰ ਦੀ ਪਰਚੀ ਨਸ਼ੇ ਵਾਸਤੇ ਗੋਲੀਆਂ, ਕੈਪਸੂਲ ਤੇ ਟੀਕੇ ਵੇਚਦਾ ਹੈ ਅਤੇ ਲਾਪਰਵਾਹੀ ਵਰਤ ਕੇ ਇੱਕ ਸਰਿੰਜ ਨਾਲ ਤਿੰਨ-ਚਾਰ ਲੋਕਾਂ ਦੇ ਟੀਕੇ ਲਗਾ ਦਿੰਦਾ ਹੈ। ਕੁਲਵਿੰਦਰ ਸਿੰਘ ਨੇ ਕਿਹਾ ਕਿ ਉਹ ਕਾਫ਼ੀ ਚਿਰ ਤੋਂ ਇਸ ਵਿਅਕਤੀ ਤੋਂ ਹੀ ਗੋਲੀਆਂ, ਕੈਪਸੂਲ ਖਰੀਦਦਾ ਅਤੇ ਟੀਕੇ ਲਗਵਾਉਂਦਾ ਰਿਹਾ ਹੈ। ਕੁਲਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਰਾਕੇਸ਼ ਕੁਮਾਰ ਵੱਲੋਂ ਲਾਪਰਵਾਹੀ ਨਾਲ ਇੱਕ ਸਰਿੰਜ ਨਾਲ ਹੀ ਟੀਕੇ ਲਾਉਣ ਕਰਕੇ ਹੀ ਉਹ ਕਾਲਾ ਪੀਲੀਆ ਜਿਹੀ ਭਿਆਨਕ ਬਿਮਾਰੀ ਦਾ ਸ਼ਿਕਾਰ ਹੋਇਆ ਹੈ। ਥਾਣਾ ਕਿੱਲਿਆਂਵਾਲੀ ਦੇ ਮੁਖੀ ਇਕਬਾਲ ਸਿੰਘ ਨੇ ਕਿਹਾ ਕਿ ਖੁਰਾਣਾ ਮੈਡੀਕਲ ਸਟੋਰ ਦੇ ਮਾਲਕ ਰਾਕੇਸ਼ ਕੁਮਾਰ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਉਸ ਦੀ ਭਾਲ ਲਈ ਜਲਾਲਬਾਦ, ਡੱਬਵਾਲੀ, ਮੌਜਗੜ੍ਹ ਅਤੇ ਗੰਗਾਨਗਰ ਵਿੱਚ ਛਾਪੇਮਾਰੇ ਗਏ ਹਨ।