ਐੱਨਆਰਆਈ ਦੇ ਪਲਾਟ ’ਤੇ ਕਬਜ਼ੇ ਕੋਸ਼ਿਸ਼ ਦੇ ਦੋਸ਼ ਹੇਠ ਸਾਬਕਾ ਡੀਐੱਸਪੀ ਖ਼ਿਲਾਫ਼ ਕੇਸ ਦਰਜ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਜੁਲਾਈ
ਐੱਨਆਰਆਈ ਦੇ ਪਲਾਟ ’ਤੇ ਕਬਜ਼ੇ ਕੋਸ਼ਿਸ਼ ਕਰਨ ਦੇ ਮਾਮਲੇ ’ਚ ਨਾਮਜ਼ਦ ਹੋ ਚੁੱਕੇ ਪੰਜਾਬ ਪੁਲੀਸ ਦੇ ਸੇਵਾਮੁਕਤ ਡੀਐੱਸਪੀ ਰਣਧੀਰ ਸਿੰਘ ਤੇ ਉਸ ਦੇ ਲੜਕੇ ’ਤੇ ਇੱਕ ਹੋਰ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਐੱਨਆਰਆਈ ਸ਼ਿਲਪਾ ਸ਼ਰਮਾ ਦੇ ਸਹੁਰੇ ਕੁਲਦੀਪ ਸ਼ਰਮਾ ਨੇ ਦਰਜ ਕਰਵਾਇਆ ਹੈ, ਜੋ ਕਿ ਐੱਨਆਰਆਈ ਦੇ ਪਲਾਟ ਦੀ ਦੇਖਭਾਲ ਕਰਦੇ ਹਨ। ਸ਼ਿਕਾਇਤ ਮੁਤਾਬਕ ਮੁਲਜ਼ਮ ਸੇਵਾਮੁਕਤ ਡੀਐੱਸਪੀ ਨੇ ਫਾਰਚੂਨਰ ਕਾਰ ਨਾਲ ਕੁਲਦੀਪ ਸ਼ਰਮਾ ਦੀ ਸਕਾਰਪੀਓ ਕਾਰ ਨੂੰ ਟੱਕਰ ਮਾਰਨ ਤੋਂ ਬਾਅਦ ਉਸ ਨੂੰ ਧਮਕੀਆਂ ਦਿੱਤੀਆਂ ਕਿ ਜੇਕਰ ਉਹ ਪਲਾਟ ’ਤੇ ਜਾਵੇਗਾ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਇਸ ਦੌਰਾਨ ਰਣਧੀਰ ਸਿੰਘ ਨਾਲ ਉਸਦਾ ਲੜਕਾ ਵੀ ਸ਼ਾਮਲ ਸੀ। ਦੁੱਗਰੀ ਫਲਾਵਰ ਇਨਕਲੇਵ ਸਥਿਤ ਗੁਰੂ ਅੰਗਦ ਦੇਵ ਕਲੋਨੀ ਵਾਸੀ ਕੁਲਦੀਪ ਸ਼ਰਮਾ ਨੇ ਇਸ ਦੀ ਸ਼ਿਕਾਇਤ ਥਾਣਾ ਦੁੱਗਰੀ ਪੁਲੀਸ ਨੂੰ ਕੀਤੀ। ਪੁਲੀਸ ਨੇ ਜਾਂਚ ਤੋਂ ਬਾਅਦ ਰਣਧੀਰ ਸਿੰਘ ਦੇ ਨਾਲ ਨਾਲ ਉਸ ਦੇ ਲੜਕੇ ਤੇ ਹੋਰਨਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਕੁਲਦੀਪ ਸ਼ਰਮਾ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਸ ਦੀ ਨੂੰਹ ਸ਼ਿਲਪਾ ਸ਼ਰਮਾ ਜੋ ਕਿ ਆਸਟ੍ਰੇਲੀਆ ’ਚ ਪਰਿਵਾਰ ਨਾਲ ਰਹਿੰਦੀ ਹੈ ਤੇ ਐਨਆਰਆਈ ਹੈ। ਉਸ ਦੇ ਪਿਤਾ ਨੇ ਉਸ ਨੂੰ ਭਾਈ ਹਿੰਮਤ ਸਿੰਘ ਨਗਰ ਇਲਾਕੇ ’ਚ ਇੱਕ 1490 ਗਜ਼ ਦਾ ਪਲਾਟ ਗਿਫ਼ਟ ਕੀਤਾ ਸੀ। ਇਸ ਦੌਰਾਨ ਮੁਲਜ਼ਮ ਰਣਧੀਰ ਸਿੰਘ ਨੇ ਪਲਾਟ ’ਚੋਂ 90 ਗਜ਼ ਜਗ੍ਹਾ ’ਤੇ ਕਬਜ਼ਾ ਕਰਕੇ ਕੁਆਟਰ ਬਣਾ ਦਿੱਤੇ। ਉਹ ਪਲਾਟ ਦੀ ਦੇਖਭਾਲ ਲਈ ਜਾਂਦਾ ਹੈ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਵੱਖ-ਵੱਖ ਥਾਵਾਂ ’ਤੇ ਸ਼ਿਕਾਇਤ ਕੀਤੀ ਜਿਸ ਦੀ ਜਾਂਚ ਮਗਰੋਂ ਪੁਲੀਸ ਨੇ ਕੇਸ ਦਰਜ ਕਰ ਲਿਆ।