ਕਿਸੇ ਹੋਰ ਦੀ ਥਾਂ ਪ੍ਰੀਖ਼ਿਆ ਦੇਣ ਵਾਲੇ ਖ਼ਿਲਾਫ਼ ਕੇਸ ਦਰਜ
ਚੰਡੀਗੜ੍ਹ: ਚੰਡੀਗੜ੍ਹ ਪੁਲੀਸ ਨੇ ਐਤਵਾਰ ਨੂੰ ਸ਼ਹਿਰ ਦੇ ਵੱਖ-ਵੱਖ ਸਕੂਲਾਂ ਵਿੱਚ ਹੋਈ ਈਐੱਮਆਰਐੱਸ ਦੀ ਪ੍ਰੀਖਿਆ ਵਿੱਚ ਧੋਖਾਧੜੀਆਂ ਕਰਨ ਸਬੰਧੀ ਤਿੰਨ ਜਣਿਆਂ ਵਿਰੁੱਧ ਦੋ ਕੇਸ ਦਰਜ ਕੀਤੇ ਹਨ। ਪਹਿਲਾ ਕੇਸ ਥਾਣਾ ਸੈਕਟਰ-39 ਦੀ ਪੁਲੀਸ ਨੇ ਸਰਵਹਿੱਤ ਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-40 ਦੀ ਸੁਪਰਡੈਂਟ ਸ਼ਾਰਦਾ ਦੀ ਸ਼ਿਕਾਇਤ ’ਤੇ ਵਿਕਰਮ ਵਾਸੀ ਹਿਰਾਸ ਅਤੇ ਬਲਵਿੰਦਰ ਸਿੰਘ ਵਾਸੀ ਫਤਿਆਬਾਦ ਵਿਰੁੱਧ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਬੀਤੇ ਦਿਨ ਹੋਈ ਪ੍ਰੀਖਿਆ ਵਿੱਚ ਬਲਵਿੰਦਰ ਸਿੰਘ ਦੀ ਥਾਂ ’ਤੇ ਵਿਕਰਮ ਨੇ ਪ੍ਰੀਖਿਆ ਵਿੱਚ ਬੈਠ ਕੇ ਪੇਪਰ ਦੇਣ ਦੀ ਕੋਸ਼ਿਸ਼ ਕੀਤੀ ਹੈ। ਥਾਣਾ ਸੈਕਟਰ-39 ਦੀ ਪੁਲੀਸ ਨੇ ਦੋਵਾਂ ਵਿਰੁੱਧ ਕੇਸ ਦਰਜ ਕਰਕੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸੇ ਤਰ੍ਹਾਂ ਵੱਖਰੇ ਮਾਮਲੇ ਵਿੱਚ ਥਾਣਾ ਸੈਕਟਰ-26 ਦੀ ਪੁਲੀਸ ਨੇ ਬਾਇਓਮੈਟ੍ਰਿਕ ਨਾ ਮਿਲਣ ’ਤੇ ਇਕ ਵਿਰੁੱਧ ਕੇਸ ਦਰਜ ਕੀਤਾ ਹੈ। ਇਹ ਕੇਸ ਸਰਕਾਰੀ ਮਾਡਲ ਹਾਈ ਸਕੂਲ ਪੁਲੀਸ ਲਾਈਨ ਸੈਕਟਰ-26 ਦੇ ਸੁਪਰਡੈਂਟ ਨਰੇਸ਼ ਕੁਮਾਰ ਦੀ ਸ਼ਿਕਾਇਤ ’ਤੇ ਸੰਨੀ ਵਾਸੀ ਪੰਚਕੂਲਾ ਵਿਰੁੱਧ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਈਐੱਮਆਰਐੱਸ ਦੀ ਪ੍ਰੀਖਿਆ ਦੌਰਾਨ ਮੁਲਜ਼ਮ ਦਾ ਬੋਇਓਮੈਟ੍ਰਿਕ ਨਹੀਂ ਮਿਲ ਰਿਹਾ ਸੀ। ਥਾਣਾ ਸੈਕਟਰ-26 ਦੀ ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। -ਟ੍ਰਿਬਿਊਨ ਨਿਊਜ਼ ਸਰਵਿਸ