ਫਰੀਦਕੋਟ ਵਿੱਚ ਪਰਾਲੀ ਸਾੜਨ ਵਾਲੇ 28 ਕਿਸਾਨਾਂ ਖ਼ਿਲਾਫ਼ ਕੇਸ ਦਰਜ
ਜਸਵੰਤ ਜੱਸ
ਫਰੀਦਕੋਟ, 3 ਨਵੰਬਰ
ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਰੋਕਣ ਲਈ ਡਿਪਟੀ ਕਮਿਸ਼ਨਰ ਵਨੀਤ ਕੁਮਾਰ ਅਤੇ ਜ਼ਿਲ੍ਹਾ ਪੁਲੀਸ ਮੁਖੀ ਪ੍ਰੱਗਿਆ ਜੈਨ ਅੱਜ ਪੂਰਾ ਦਿਨ ਖੇਤਾਂ ਵਿੱਚ ਘੁੰਮਦੇ ਰਹੇ। ਕਿਸਾਨਾਂ ਨੇ ਝੋਨੇ ਦੀ ਪਰਾਲੀ ਅਤੇ ਰਹਿੰਦ- ਖੂੰਹਦ ਨੂੰ ਅੱਗ ਲਾਈ, ਉਨ੍ਹਾਂ ਕਿਸਾਨਾਂ ਖਿਲਾਫ਼ ਹੁਣ ਤੱਕ 28 ਫੌਜਦਾਰੀ ਪਰਚੇ ਦਰਜ ਹੋ ਚੁੱਕੇ ਹਨ ਅਤੇ ਇਨ੍ਹਾਂ ਕਿਸਾਨਾਂ ਖ਼ਿਲਾਫ਼ ਮਾਲ ਵਿਭਾਗ ਵਿੱਚ ਲਾਲ ਐਂਟਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ 75000 ਦਾ ਜੁਰਮਾਨਾ ਕਰਕੇ 62000 ਦੀ ਉਗਰਾਹੀ ਵੀ ਕਰ ਲਈ ਹੈ। ਡਿਪਟੀ ਕਮਿਸ਼ਨਰ ਵਨੀਤ ਕੁਮਾਰ ਨੇ ਕਿਹਾ ਕਿ ਪਰਾਲੀ ਅਤੇ ਰਹਿੰਦ-ਖੂੰਹਦ ਨੂੰ ਖ਼ਪਤ ਕਰਨ ਲਈ ਕਿਸਾਨਾਂ ਦੀ ਹਰ ਪੱਧਰ ‘ਤੇ ਮੱਦਦ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਕੁਝ ਕਿਸਾਨਾਂ ਨੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਾਈ ਸੀ ਜਿੱਥੇ ਪ੍ਰਸ਼ਾਸਨ ਨੇ ਸਖਤ ਕਾਨੂੰਨੀ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ 70 ਫੀਸਦੀ ਤੋਂ ਵੱਧ ਤੱਕ ਦੀ ਕਮੀ ਆਈ ਹੈ ਅਤੇ ਕਿਸਾਨਾਂ ਨੇ ਪਰਾਲੀ ਨਾ ਸਾੜਨ ਲਈ ਪ੍ਰਸ਼ਾਸਨ ਨੂੰ ਕਾਫੀ ਸਹਿਯੋਗ ਦਿੱਤਾ ਹੈ, ਇਸ ਦੇ ਬਾਵਜੂਦ ਕਈ ਥਾਵਾਂ ‘ਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਅਤੇ ਐੱਸ.ਐੱਸ.ਪੀ ਡਾ. ਪ੍ਰੱਗਿਆ ਜੈਨ ਵੱਲੋਂ ਅੱਜ ਛੁੱਟੀ ਵਾਲੇ ਦਿਨ ਵੀ ਆਪਣੇ ਅਧਿਕਾਰੀਆਂ ਨਾਲ ਫੀਲਡ ਵਿੱਚ ਜਾ ਕੇ ਅੱਗ ਲੱਗਣ ਦੀਆਂ ਘਟਨਾਵਾਂ ‘ਤੇ ਨਿਗਰਾਨੀ ਰੱਖੀ ਗਈ ਅਤੇ ਕੁਝ ਥਾਵਾਂ ‘ਤੇ ਖੇਤਾਂ ਵਿਚ ਲਗਾਈ ਅੱਗ ਨੂੰ ਬੁਝਾਇਆ ਗਿਆ। ਇਸ ਤੋਂ ਇਲਾਵਾ ਅੱਠ ਨੋਡਲ ਅਫ਼ਸਰ ਜਿਨ੍ਹਾਂ ਦੇ ਏਰੀਏ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ, ਉਨ੍ਹਾਂ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।