ਕੁੱਟਮਾਰ ਦੇ ਦੋਸ਼ ਹੇਠ 13 ਜਣਿਆਂ ਖ਼ਿਲਾਫ਼ ਕੇਸ ਦਰਜ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 3 ਜੁਲਾਈ
ਥਾਣਾ ਸਾਹਨੇਵਾਲ ਨੇ ਪਿੰਡ ਉਮੈਦਪੁਰ ਵਿੱਚ ਇੱਕ ਰਾਹਗੀਰ ਦੀ ਕੁੱਟਮਾਰ ਕਰਨ ਦੇ ਦੋਸ਼ ਤਹਿਤ ਪੰਜ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਅਮਨਦੀਪ ਸਿੰਘ ਵਾਸੀ ਪਿੰਡ ਉਮੈਦਪੁਰ ਨੇ ਦੱਸਿਆ ਕਿ ਉਹ ਗੁਰਦੁਆਰਾ ਸਾਹਿਬ ਤੋਂ ਪੈਦਲ ਆਪਣੇ ਘਰ ਜਾ ਰਿਹਾ ਸੀ ਕਿ ਸੰਪੂਰਨ ਦਾਸ ਦੇ ਘਰ ਅੱਗੇ ਕੁੱਝ ਲੋਕਾਂ ਨੇ ਉਸਨੂੰ ਘੇਰ ਕੇ ਤਿੱਖੀ ਤੇਜ਼ਧਾਰ ਗਰਾਰੀ ਨਾਲ ਉਸਦੀ ਕੁੱਟਮਾਰ ਕੀਤੀ ਅਤੇ ਉਸ ਵੱਲੋਂ ਰੌਲਾ ਪਾਉਣ ’ਤੇ ਉਹ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਉਸਨੂੰ ਦਿਆਨੰਦ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਥਾਣੇਦਾਰ ਬਲਵੀਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਅਸ਼ੋਕ ਕੁਮਾਰ, ਰਾਜੇਸ਼, ਰੂਤਵੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।ਇਸੇ ਤਰ੍ਹਾਂ ਥਾਣਾ ਡਾਬਾ ਦੀ ਪੁਲੀਸ ਨੂੰ ਅੰਕੁਸ਼ ਸ਼ਰਮਾ ਵਾਸੀ ਗਗਨ ਨਗਰ ਨੇ ਦੱਸਿਆ ਕਿ ਉਹ ਆਪਣੀ ਰੁਦਰਾ ਟੈਲੀਕੌਮ ਦੁਕਾਨ ਗੁਰੂ ਨਾਨਕ ਨਗਰ ਡਾਬਾ ’ਚ ਹਾਜ਼ਰ ਸੀ ਤਾਂ ਕੁੱਝ ਲੋਕ ਗੱਡੀਆਂ ’ਤੇ ਸਵਾਰ ਹੋ ਕੇ ਆਏ, ਜਿਨ੍ਹਾਂ ਨੇ ਦੁਕਾਨ ਅੰਦਰ ਵੜ ਕੇ ਉਸਦੀ ਕੁੱਟਮਾਰ ਕੀਤੀ। ਉਸ ਵੱਲੋਂ ਰੌਲਾ ਪਾਉਣ ’ਤੇ ਉਹ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਹਥਿਆਰਾਂ ਸਮੇਤ ਫ਼ਰਾਰ ਹੋ ਗਏ। ਥਾਣੇਦਾਰ ਅਭਿਨਾਸ਼ ਰਾਏ ਨੇ ਦੱਸਿਆ ਕਿ ਪੁਲੀਸ ਵੱਲੋਂ ਰਤਨੇਸ਼ਵਰ ਸਿੰਘ, ਹੈਪੀ ਰਾਜਪੂਤ ਅਤੇ 5-6 ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।