ਮੀਟ ’ਚੋਂ ਚੂਹਾ ਨਿਕਲਣ ’ਤੇ ਢਾਬਾ ਮਾਲਕ ਖ਼ਿਲਾਫ਼ ਕੇਸ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 4 ਜੂਲਾਈ
ਸਨਅਤੀ ਸ਼ਹਿਰ ਦੇ ਮਸ਼ਹੂਰ ਪ੍ਰਕਾਸ਼ ਢਾਬੇ ’ਚ ਮੀਟ ਦੀ ਪਲੇਟ ’ਚ ਮਰਿਆ ਹੋਇਆ ਚੂਹਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 6 ਦੀ ਪੁਲੀਸ ਨੇ ਮਾਲਕ ’ਤੇ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਇਹ ਐਫਆਈਆਰ ਪ੍ਰੇਮ ਨਗਰ ਦੇ ਰਹਿਣ ਵਾਲੇ ਵਿਵੇਕ ਕੁਮਾਰ ਦੀ ਸ਼ਿਕਾਇਤ ’ਤੇ ਦਰਜ ਕੀਤੀ ਹੈ।
ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਥਾਣਾ ਡਵੀਜ਼ਨ ਨੰਬਰ 6 ਦੀ ਪੁਲੀਸ ਨੂੰ ਪ੍ਰੇਮ ਨਗਰ ਵਾਸੀ ਵਿਵੇਕ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਐਤਵਾਰ ਰਾਤ ਆਪਣੇ ਪਰਿਵਾਰ ਦੇ ਨਾਲ ਖਾਣਾ ਖਾਣ ਲਈ ਵਿਸ਼ਵਕਰਮਾ ਚੌਂਕ ਕੋਲ ਪ੍ਰਕਾਸ਼ ਢਾਬੇ ’ਤੇ ਗਿਆ ਸੀ। ਉਨ੍ਹਾਂ ਉਥੇ ਮੀਟ ਦਾ ਆਰਡਰ ਦਿੱਤਾ ਸੀ। ਉਨ੍ਹਾਂ ਜਿਵੇਂ ਹੀ ਮੀਟ ਦੀ ਪਲੇਟ ਵਿੱਚੋਂ ਖਾਣਾ ਖਾਣਾ ਸ਼ੁਰੂ ਕੀਤਾ ਤਾਂ ਉਸ ’ਚੋਂ ਮਰਿਆ ਹੋਇਆ ਚੂਹਾ ਨਿਕਲਿਆ। ਜਦੋਂ ਉਸ ਨੇ ਇਸਦਾ ਵਿਰੋਧ ਕੀਤਾ ਤਾਂ ਢਾਬਾ ਮਾਲਕ ਨੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਖਾਣਾ ਖਾਣ ਤੋਂ ਬਾਅਦ ਪਰਿਵਾਰ ਵਾਲਿਆਂ ਦੀ ਸਿਹਤ ਖਰਾਬ ਹੋਈ। ਉਸ ਤੋਂ ਬਾਅਦ ਪੂਰੇ ਮਾਮਲੇ ਦੀ ਵੀਡੀਓ ਬਣਾਈ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਪੁਲੀਸ ਨੇ ਇਸ ਮਾਮਲੇ ਵਿੱਚ ਆਈਪੀਸੀ ਦੀ ਧਾਰਾ 273 (ਹਾਨੀਕਾਰਕ ਖਾਣਾ ਵੇਚਣ) ਤੇ 269 (ਲਾਪ੍ਰਵਾਹੀ ਨਾਲ ਕੰਮ ਕਰਨਾ, ਜਿਸ ਨਾਲ ਕਿਸੇ ਨੂੰ ਭਿਆਨਕ ਬਿਮਾਰੀ ਹੋ ਸਕਦੀ ਹੈ) ਤਹਿਤ ਕੇਸ ਦਰਜ ਕੀਤਾ ਹੈ। ਇਸ ਦੌਰਾਨ ਢਾਬੇ ਦੇ ਮਾਲਕ ਹਨੀ ਘਈ ਨੇ ਵੀਡੀਓ ਜਾਰੀ ਕਰ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਸ ਦੇ ਗਾਹਕ ਦੀ ਬਿੱਲ ਕਾਰਨ ਢਾਬੇ ਦੇ ਪ੍ਰਬੰਧਕਾਂ ਨਾਲ ਬਹਿਸ ਹੋਈ ਸੀ। ਉਸ ਨੇ ਢਾਬੇ ਨੂੰ ਬਦਨਾਮ ਕਰਨ ਦੀ ਧਮਕੀ ਦਿੱਤੀ ਸੀ। ਉਸ ਨੇ ਕਿਹਾ ਕਿਾ ਸਾਜਿਸ਼ ਤਹਿਤ ਗਾਹਕ ਨੇ ਮੀਟ ’ਚ ਚੂਹਾ ਦਿਖਾਇਆ ਹੈ।