ਟਰੱਕ ਨਾਲ ਕਾਰ ਟਕਰਾਈ; ਇੱਕ ਹਲਾਕ
ਪੱਤਰ ਪ੍ਰੇਰਕ
ਫਗਵਾੜਾ, 29 ਸਤੰਬਰ
ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਇੱਕ ਪਰਿਵਾਰ ਦੀ ਕਾਰ ਇਥੇ ਜਮਾਲਪੁਰ ਫਲਾਈਓਵਰ ’ਤੇ ਬੇਕਾਬੂ ਹੋ ਕੇ ਟਰੱਕ ਹੇਠਾਂ ਜਾ ਵੜੀ ਜਿਸ ਕਾਰਨ ਕਾਰ ਚਾਲਕ ਦੀ ਮੌਤ ਹੋ ਗਈ ਜਦਕਿ ਕਾਰ ’ਚ ਸਵਾਰ ਉਸ ਦੇ ਤਿੰਨ ਪਰਿਵਾਰਕ ਜੀਅ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਖਾਲ ਕਰਵਾਉਣ ਮਗਰੋਂ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ। ਐੱਸਐੱਚਓ ਸਿਟੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਵਰਿੰਦਰ ਕੁਮਾਰ (47) ਵਾਸੀ ਪੱਖੋਵਾਲ ਰੋਡ ਫਗਵਾੜਾ ਵਜੋਂ ਹੋਈ ਹੈ ਜਦਕਿ ਉਸ ਦੀ ਪਤਨੀ ਦੀ ਪਛਾਣ ਰਾਜਵਿੰਦਰ ਕੌਰ ਵਜੋਂ ਹੋਈ ਹੈ। ਜ਼ਖਮੀਆਂ ’ਚ ਉਨ੍ਹਾਂ ਦੇ ਦੋ ਬੱਚੇ ਅਭਿਨਾਵ ਤੇ ਰਣਵੀਰ ਵੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਕਾਰ ਨੰਬਰ ਪੀਬੀ10 ਐੱਚਆਰ3605 ਦੀ ਰਫ਼ਤਾਰ ਤੇਜ਼ ਹੋਣ ਕਰਕੇ ਇਹ ਟਰੱਕ ਹੇਠਾਂ ਜਾ ਵੜੀ। ਕਾਰ ਨੂੰ ਕੱਢਦਿਆਂ ਹੀ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਲੁਧਿਆਣਾ ਦੇ ਹਸਪਤਾਲ ’ਚ ਦਾਖ਼ਲ ਹੈ ਜਿਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਬਿਆਨ ਦਰਜ ਕਰਨ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।