ਕੌਮਾਂਤਰੀ ਯੋਗ ਦਿਵਸ ਮੌਕੇ ਕੈਂਪ ਲਾਏ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 21 ਜੂਨ
ਅੰਤਰਰਾਸ਼ਟਰੀ ਦਿਵਸ ਯੋਗ ਦਿਵਸ ਮੌਕੇ ਅੱਜ ਇਥੇ ਵੱਖ-ਵੱਖ ਥਾਵਾਂ ’ਤੇ ਯੋਗ ਕੈਂਪ ਲਾ ਕੇ ਇਹ ਦਿਹਾੜਾ ਮਨਾਇਆ ਗਿਆ। ਨਜ਼ਦੀਕੀ ਐੱਮਐੱਲਡੀ ਸਕੂਲ ਤਲਵੰਡੀ ਕਲਾਂ ਦੇ ਪ੍ਰਿੰਸੀਪਲ ਬਲਦੇਵ ਬਾਵਾ ਨੇ ਇਹ ਦਿਵਸ ਵਿਕਟੋਰੀਆ ਲੇਕ ਮੈਲਬੌਰਨ ਵਿੱਚ ਸਾਥੀਆਂ ਨਾਲ ਮਨਾਇਆ। ਇਸ ’ਚ ਪ੍ਰਿੰਸੀਪਲ ਬਲਦੇਵ ਬਾਵਾ ਤੋਂ ਇਲਾਵਾ ਦਵਿੰਦਰ ਬਾਵਾ, ਜਗਜੀਤ ਬਾਵਾ, ਅਸ਼ਵਨੀ ਬਾਵਾ ਅਤੇ ਕਮਲਜੀਤ ਬਾਵਾ ਨੇ ਵਿਸ਼ੇਸ਼ ਤੌਰ ’ਤੇ ਹਿੱਸਾ ਲਿਆ। ਬਲਦੇਵ ਬਾਵਾ ਨੇ ਕਿਹਾ ਕਿ ਅੰਤਰਰਾਸ਼ਟਰੀ ਯੋਗ ਦਿਵਸ ਸਾਨੂੰ ਸਿਹਤ ਤੇ ਤੰਦਰੁਸਤੀ ਪ੍ਰਤੀ ਜਾਗਰੂਕ ਕਰਦਾ ਹੈ। ਭਾਰਤ ਦੀ ਪੁਰਾਤਨ ਵਿਰਾਸਤ ਯੋਗ ਦਾ ਮਨੁੱਖੀ ਜੀਵਨ ਨੂੰ ਤਰੋ-ਤਾਜ਼ਾ ਅਤੇ ਫੁਰਤੀਲਾ ਰੱਖਣ ’ਚ ਬਹੁਤ ਵੱਡਾ ਯੋਗਦਾਨ ਹੈ। ਭਾਰਤ ਤੋਂ ਸ਼ੁਰੂ ਹੋਇਆ ਇਹ ਮਹਾਨ ਕਾਰਜ ਵਿਸ਼ਵ ’ਚ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਨ ਦਾ ਵਧੀਆ ਉਪਰਾਲਾ ਹੈ। ਇਸੇ ਤਰ੍ਹਾਂ ਨਜ਼ਦੀਕੀ ਜੀਐੱਚਜੀ ਹਰਿਪ੍ਰਕਾਸ਼ ਕਾਲਜ ਆਫ ਐਜੂਕੇਸ਼ਨ (ਲੜਕੀਆਂ) ਵਿਖੇ ਪ੍ਰਿੰਸੀਪਲ ਡਾ. ਅਮਨਦੀਪ ਕੌਰ ਦੀ ਅਗਵਾਈ ਹੇਠ ਇਹ ਦਿਵਸ ਮਨਾਇਆ ਗਿਆ। ਐੱਨਐੱਸਐੱਸ ਵਿਭਾਗ ਵੱਲੋਂ ਇਸ ਦਿਵਸ ਮੌਕੇ ਇਕ ਰੋਜ਼ਾ ਯੋਗ ਕੈਂਪ ਲਾਇਆ ਗਿਆ। ਪ੍ਰਿੰਸੀਪਲ ਡਾ. ਅਮਨਦੀਪ ਕੌਰ ਨੇ ਯੋਗ ਦੇ ਮਨੁੱਖੀ ਜੀਵਨ ’ਚ ਮਹੱਤਵ ਵਿਸ਼ੇ ’ਤੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਯੋਗ ਖੂਨ ਦਾ ਉੱਚ ਦਬਾਅ, ਸ਼ੂਗਰ, ਮੋਟਾਪਾ, ਚਿੰਤਾ ਸਮੇਤ ਹੋਰ ਮਾਨਸਿਕ ਰੋਗਾਂ ਤੋਂ ਬਚਾਉਣ ’ਚ ਸਹਾਈ ਹੁੰਦਾ ਹੈ। ਸਹਾਇਕ ਪ੍ਰੋਫੈਸਰ ਤੇ ਐੱਨਐੱਸਐੱਸ ਇੰਚਾਰਜ ਅਜੇ ਕੁਮਾਰ ਨੇ ਯੋਗ ਦਾ ਅਭਿਆਸ ਕਰਵਾਇਆ। ਡਾ. ਗੀਤਾ ਕੂੰਦੀ ਨੇ ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਨੂੰ ਯੋਗ ਨੂੰ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਆ।
ਪਾਇਲ(ਦਵਿੰਦਰ ਜੱਗੀ): ਅੱਜ ਸਿਵਲ ਸਰਜਨ ਲੁਧਿਆਣਾ ਡਾ. ਜਸਵੀਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਹਰਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸੀਐੱਚਸੀ ਪਾਇਲ ਅਤੇ ਅਧੀਨ ਪੈਂਦੀਆਂ ਸਿਹਤ ਸੰਸਥਾਵਾਂ ਵਿੱਚ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਇਸ ਮੌਕੇ ਡਾਕਟਰ ਮਨਜੀਤ ਕੌਰ, ਡਾ.ਅਕਸ਼ੈ ਚੋਪੜਾ, ਡਾ.ਰਿਚਾ ਗੁਪਤਾ ਅਤੇ ਡਾ.ਲਖਵੀਰ ਸਿੰਘ ਆਦਿ ਹਾਜ਼ਰ ਸਨ।
ਰਾਏਕੋਟ (ਰਾਮ ਗੋਪਾਲ ਰਾਏਕੋਟੀ):ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਯੋਗਾ ਕਲੱਬ ਰਾਏਕੋਟ ਵੱਲੋਂ ਸਥਾਨਕ ਤਲਾਬ ਵਾਲ ਮੰਦਿਰ ਦੀ ਪਾਰਕ ’ਚ ਪੰਜਾਬ ਸਰਕਾਰ ਵੱਲੋਂ ਨਿਯੁਕਤ ਯੋਗ ਅਧਿਆਪਕ ਅਵਤਾਰ ਸਿੰਘ ਦੀ ਦੇਖ ਰੇਖ ਹੇਠ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਸ਼ਹਿਰ ਦੇ ਕਈ ਯੋਗ ਅਭਿਆਸੀ ਜੋ ਹਰ ਸਵੇਰ-ਸ਼ਾਮ ਤਲਾਬ ਵਾਲਾ ਮੰਦਰ ’ਚ ਯੋਗ ਕਰਨ ਆਉਂਦੇ ਹਨ ਸ਼ਾਮਲ ਹੋਏ, ਇਹਨਾਂ ਵਿੱਚ ਔਰਤਾਂ, ਨੌਜਵਾਨ, ਬੱਚੇ ਤੇ ਬਜ਼ੁਰਗ ਸ਼ਾਮਲ ਸਨ। ਇਸ ਮੌਕੇ ਯੋਗ ਮਾਹਰ ਡਾ. ਅਸ਼ੋਕ ਕੁਮਾਰ ਨੇ ਕਿਹਾ ਕਿ ਯੋਗ ਪੂਰਵਜਾਂ ਰਾਹੀਂ ਦੁਨੀਆ ਨੂੰ ਦਿੱਤਾ ਗਿਆ ਸਭ ਤੋਂ ਮਹਾਨ ਅਤੇ ਪ੍ਰਾਚੀਨ ਤੋਹਫਾ ਰਿਹਾ ਹੈ।
ਖੰਨਾ ਵਿੱਚ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੇ ਯੋਗ ਕੀਤਾ
ਖੰਨਾ/ਦੋਰਾਹਾ(ਜੋਗਿੰਦਰ ਸਿੰਘ ਓਬਰਾਏ): ਅੱਜ ਇਥੋਂ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਵਿੱਚ 10ਵਾਂ ਅੰਤਰ ਰਾਸ਼ਟਰੀ ਯੋਗ ਦਿਵਸ ਮਨਾਉਂਦਿਆਂ ਐੱਨਐੱਸਐੱਸ ਯੂਨਿਟ ਵੱਲੋਂ ‘ਸਵੈ ਤੇ ਸਮਾਜ ਲਈ ਯੋਗਾ’ ਵਿਸ਼ੇ ’ਤੇ ਯੋਗ ਸ਼ੈਸ਼ਨ ਕਰਵਾਇਆ। ਇਸ ਮੌਕੇ ਪ੍ਰਿੰਸੀਪਲ ਡਾ. ਨਿਰਲੇਪ ਕੌਰ ਨੇ ਸਿਹਤਮੰਦ ਮਨੁੱਖ ਅਤੇ ਸਮਾਜ ਦੀ ਕਾਮਨਾ ਕਰਦਿਆਂ ਸਾਡੇ ਜੀਵਨ ਵਿਚ ਯੋਗ ਦੀ ਮਹੱਤਤਾ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਯੋਗ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਨਾਉਣ ਲਈ ਪ੍ਰੇਰਿਆ। ਇਸ ਦੌਰਾਨ ਰੁਪਿੰਦਰ ਕੌਰ ਦੀ ਅਗਵਾਈ ਹੇਠ ਕਾਲਜ ਸਟਾਫ, ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਵਾਲੇ ਯੋਗ ਆਸਣਾਂ ਦਾ ਅਭਿਆਸ ਕਰਵਾਇਆ ਗਿਆ। ਇਸੇ ਤਰ੍ਹਾਂ ਖੰਨਾ ਦੇ ਏਐਸ ਕਾਲਜ ਆਫ ਐਜੂਕੇਸ਼ਨ ਕਲਾਲਮਾਜਰਾ ਵਿੱਚ ਪ੍ਰਿੰਸੀਪਲ ਡਾ. ਪਵਨ ਕੁਮਾਰ ਅਤੇ ਡਾ. ਸ਼ਿਲਪੀ ਅਰੋੜਾ ਦੀ ਅਗਵਾਈ ਹੇਠ ਦੀ ਅਗਵਾਈ ਹੇਠਾਂ ਯੋਗ ਦਿਵਸ ਮਨਾਇਆ। ਇਸ ਮੌਕੇ ਮੁੱਖ ਮਹਿਮਾਨ ਅਰਜਨ ਦਾਸ ਨੇ ਯੋਗ ਦੇ ਇਤਿਹਾਸ ਅਤੇ ਲਾਭਾਂ ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਯੋਗਾ ਬਿਨਾਂ ਕਿਸੇ ਨਕਲੀ ਸਾਧਨਾਂ ਜਿਵੇਂ ਕਿ ਦਵਾਈਆਂ ਜਾਂ ਕਿਸੇ ਕਿਸਮ ਦੇ ਸ਼ਾਰਟਕੱਟ ਦੀ ਵਰਤੋਂ ਕੀਤੇ ਬਿਨਾਂ ਸਿਹਤਮੰਦ ਤੇ ਲੰਬੀ ਜ਼ਿੰਦਗੀ ਜਿਊਣ ਦਾ ਰਾਜ਼ ਹੈ। ਇਸ ਮੌਕੇ ਵਿਦਿਆਰਥੀਆਂ ਤੇ ਮਾਪਿਆਂ ਨੇ ਵੱਖ-ਵੱਖ ਯੋਗ ਆਸਣ ਕੀਤੇ। ਇਸ ਮੌਕੇ ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਸੁੰਦਰ ਪੋਸਟਰ ਵੀ ਬਣਾਏ ਗਏ।