ਔਰਤਾਂ ’ਤੇ ਹਮਲਿਆਂ ਖ਼ਿਲਾਫ਼ ਇਕਜੁੱਟ ਹੋਣ ਦਾ ਸੱਦਾ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 18 ਅਕਤੂਬਰ
‘ਔਰਤ ਮੁਕਤੀ ਮੋਰਚਾ ਪੰਜਾਬ’ ਵੱਲੋਂ ਦੇਸ਼ ਭਗਤ ਯਾਦਗਾਰ ਜਲੰਧਰ ਦੇ ਗ਼ਦਰੀ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਵਿੱਚ ਸੂਬਾਈ ਸੈਮੀਨਾਰ ਕਰਵਾਇਆ ਗਿਆ।
ਮਰਹੂਮ ਬੀਬੀ ਤ੍ਰਿਪਤਾ ਦੇਵੀ ਗੌਤਮ ਦੀ ਯਾਦ ਵਿੱਚ ਕਰਵਾਏ ਸੈਮੀਨਾਰ ਦੀ ਪ੍ਰਧਾਨਗੀ ‘ਮੋਰਚਾ’ ਦੀ ਸੂਬਾਈ ਪ੍ਰਧਾਨ ਪ੍ਰੋ. ਸੁਰਿੰਦਰ ਕੌਰ, ਸਰਪ੍ਰਸਤ ਡਾ. ਰਘਬੀਰ ਕੌਰ, ਮੀਤ ਪ੍ਰਧਾਨ ਜਸਬੀਰ ਕੌਰ ਤਰਨ ਤਾਰਨ ਅਤੇ ਅਰੁਣਾ ਗੌਤਮ ਨੇ ਕੀਤੀ। ਮੰਚ ’ਤੇ ਜਮਹੂਰੀ ਲਹਿਰ ਦੇ ਆਗੂ ਮੰਗਤ ਰਾਮ ਪਾਸਲਾ ਅਤੇ ਦੇਸ਼ ਭਗਤ ਯਾਦਗਾਰ ਜਲੰਧਰ ਦੇ ਟਰਸਟੀ ਪਰਗਟ ਸਿੰਘ ਜਾਮਾਰਾਏ ਵੀ ਸਮਾਗਮ ਵਿੱਚ ਹਾਜ਼ਰ ਸਨ।
ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਦੀ ਪ੍ਰਿੰਸੀਪਲ ਡਾ. ਨਵਜੋਤ ਨੇ ਫ਼ਿਰਕੂ-ਫਾਸ਼ੀ ਦੌਰ ਵਿੱਚ ਇਸਤਰੀਆਂ ਖਿਲਾਫ਼ ਵਧ ਰਹੇ ਜਨਿਸੀ ਹਮਲੇ-ਇੱਕ ਵੰਗਾਰ ਵਿਸ਼ੇ ’ਤੇ ਭਾਸ਼ਣ ਦਿੱਤਾ। ਉਨਾ ਕਿਹਾ ਕਿ ਦੇਸ਼ ਭਰ ਵਿਚ ਇਸਤਰੀਆਂ ਨੂੰ ਦਰਪੇਸ਼ ਚੌਤਰਫਾ ਵਿਤਕਰਿਆਂ ਅਤੇ ਉਨ੍ਹਾਂ ’ਤੇ ਢਾਹੇ ਜਾ ਰਹੇ ਜੁਲਮਾਂ ਖ਼ਿਲਾਫ਼ ਇਕਜੁੱਟ ਹੋਣਾ ਸਮੇਂ ਦੀ ਲੋੜ ਹੈ।
ਸ੍ਰੀ ਪਾਸਲਾ ਨੇ ਕਿਹਾ ਕਿ ਆਰਐੱਸਐੱਸ ਤੋਂ ਵਿਚਾਰਧਾਰਕ ਅਗਵਾਈ ਲੈਣ ਵਾਲੀ ਕੇਂਦਰ ਸਰਕਾਰ ਦੇ ਥਾਪੜੇ ਨਾਲ ਸੰਘੀ ਸੰਗਠਨਾਂ ਦੇ ਖਰੂਦੀ ਟੋਲੇ ਔਰਤਾਂ ਖ਼ਿਲਾਫ਼ ਅਪਰਾਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਫਲਸਤੀਨੀਆਂ, ਖ਼ਾਸ ਕਰ ਕੇ ਔਰਤਾਂ-ਬੱਚਿਆਂ ਦਾ ਕਤਲੇਆਮ ਅਤੇ ਉਜਾੜਾ ਕਰ ਰਹੇ ਇਜ਼ਰਾਇਲੀ ਫ਼ੌਜੀ ਹਮਲੇ ਫੌਰੀ ਬੰਦ ਕੀਤੇ ਜਾਣ। ਉਨ੍ਹਾਂ ਈਰਾਨ ਦੀ ਨੋਬਲ ਇਨਾਮ ਜੇਤੂ ਕਾਰਕੁਨ ਨਰਗਿਸ ਮੁਹੰਮਦੀ ਨੂੰ ਰਿਹਾਅ ਕਰਨ ਦੀ ਮੰਗ ਵੀ ਕੀਤੀ। ਇੱਕ ਹੋਰ ਮਤੇ ਰਾਹੀਂ ਨਸ਼ਿਆਂ ਅਤੇ ਅਪਰਾਧਾਂ ਦੇ ਖਾਤਮੇ ਲਈ, ਮੀਡੀਆ ਦੀ ਆਜ਼ਾਦੀ ’ਤੇ ਹਮਲਿਆਂ ਖ਼ਿਲਾਫ਼, ਕੰਮ ਦਿਹਾੜੀ ਦੇ ਘੰਟੇ ਵਧਾਉਣ ਦਾ ਨੋਟੀਫਿਕੇਸ਼ਨ ਰੱਦ ਕਰਵਾਉਣ ਲਈ ਸਾਂਝੇ ਅਤੇ ਆਜ਼ਾਦਾਨਾ ਸੰਘਰਸ਼ ਤੇਜ਼ ਕਰਨ ਦਾ ਫ਼ੈਸਲਾ ਲਿਆ ਗਿਆ।
ਇਸ ਮੌਕੇ ਨਰਿੰਦਰ ਕੌਰ ਪੱਟੀ, ਸੁਨੀਤਾ ਨੂਰਪੁਰੀ, ਸੁਨੀਤਾ ਫਿਲੌਰ, ਜਸਵਿੰਦਰ ਕੌਰ ਮਾਹੂੰਵਾਲ, ਕੰਚਨ ਸਿੰਘ, ਪਾਰਵਤੀ, ਗੁਰਿੰਦਰ ਕੌਰ ਦਾਊਦ, ਅਮਨਦੀਪ ਗੜ੍ਹਾ, ਕੁਲਵਿੰਦਰ ਕੌਰ ਨੌਸ਼ਹਿਰਾ ਪੰਨੂਆਂ, ਸੁਦੇਸ਼ ਕੁਮਾਰੀ ਨੰਗਲ, ਬਲਜਿੰਦਰ ਕੌਰ ਬੁਟਾਰੀ, ਅਜੀਤ ਕੌਰ ਕੋਟ ਰਜ਼ਾਦਾ ਨੇ ਵੀ ਵਿਚਾਰ ਰੱਖੇ। ਸੇਵਾਮੁਕਤ ਪ੍ਰਿੰਸੀਪਲ ਡਾ. ਗੁਰਦੀਪ ਕੌਰ, ਸੇਵਾਮੁਕਤ ਪ੍ਰਿੰਸੀਪਲ ਪ੍ਰੋਮਿਲਾ ਅਰੋੜਾ, ਪ੍ਰੋ. ਡਾ. ਬਲਜੀਤ ਕੌਰ, ਡਾ. ਤੇਜਿੰਦਰ ਕੌਰ, ਪ੍ਰੋ. ਮਨਜਿੰਦਰ ਕੌਰ ਆਦਿ ਵੀ ਮੌਜੂਦ ਸਨ। ਸੈਮੀਨਾਰ ਦੀ ਵਿਲੱਖਣਤਾ ਇਹ ਰਹੀ ਕਿ ’ਔਰਤ ਮੁਕਤੀ ਮੋਰਚਾ’ ਤੋਂ ਇਲਾਵਾ ਸਹਿਯੋਗੀ ਸੰਗਠਨਾਂ ਦੇ ਸਰਕਰਦਾ ਆਗੂ ਵੀ ਸਮਰੱਥ ਬੁਲਾਰੇ ਦੇ ਮੁੱਲਵਾਨ ਵਿਚਾਰ ਸੁਣਨ ਲਈ ਪੁੱਜੇ।