ਬੱਚੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਜਾਗਰੂਕਤਾ ਦਾ ਸੱਦਾ
ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 29 ਸਤੰਬਰ
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਬੇਟੀ ਬਚਾਓ ਬੇਟੀ-ਪੜ੍ਹਾਓ ਮੁਹਿੰਮ ਤਹਿਤ ਬੱਚੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਲਿੰਗ-ਅਨੁਪਾਤ ਵਿੱਚ ਸੰਤੁਲਨ ਕਾਇਮ ਕਰਨ ਲਈ ਨਿਰੰਤਰ ਯਤਨ ਜਾਰੀ ਹਨ। ਜਿਸ ਦੇ ਤਹਿਤ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਅੱਜ ਇੱਥੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਦਾ ਉਦੇਸ਼ ਲਿੰਗ ਅਨੁਪਾਤ ਵਿੱਚ ਸੁਧਾਰ, ਮਹਿਲਾ ਸਸ਼ਕਤੀਕਰਨ ਅਤੇ ਲੜਕੀਆਂ ਨੂੰ ਪੜ੍ਹਾਈ ਪ੍ਰਤੀ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਅਧੀਨ ਜਾਗਰੂਕਤਾ ਤਹਿਤ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਖਰੜ-ਕੁਰਾਲੀ ਫਲਾਈਓਵਰ ਦੀਆਂ ਕੰਧਾਂ ’ਤੇ ਗਰੈਫ਼ਿਟੀ ਕਰਵਾ ਕੇ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਨਾਮਣਾ ਖੱਟਣ ਵਾਲੀਆਂ ਧੀਆਂ ਦੀ ਜਾਣਕਾਰੀ ਸਮੇਤ ਤਸਵੀਰਾਂ ਦੇਣ ਤੋਂ ਬਾਅਦ ਹੁਣ ਜ਼ਿਲ੍ਹੇ ਵਿੱਚ ਜ਼ੀਰਕਪੁਰ ਫਲਾਈਓਵਰ (ਨੇੜੇ ਕੋਸਮੋ ਮਾਲ) ’ਤੇ ਕਰੀਬ 5000 ਵਰਗ ਫੁੱਟ ਏਰੀਆ ਵਿੱਚ ਵਾਲ ਪੇਂਟਿੰਗ ਬਣਾਈ ਗਈ ਹੈ, ਜੋ ਕਿ ਧੀਆਂ ਦੀ ਸਾਂਭ-ਸੰਭਾਲ ਦਾ ਸੁਨੇਹਾ ਦੇ ਰਹੀ ਹੈ। ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਮੁਹਾਲੀ ਦੇ ਵਿਭਾਗ ਵੱਲੋਂ ਨਿਊ ਚੰਡੀਗੜ੍ਹ ਸਮੇਤ ਮੁਹਾਲੀ-ਖਰੜ, ਖਰੜ-ਰੂਪਨਗਰ, ਖਰੜ-ਲੁਧਿਆਣਾ ਅਤੇ ਡੇਰਾਬੱਸੀ ਦੇ ਫਲਾਈਓਵਰਾਂ ਸਮੇਤ ਹੋਰਨਾਂ ਇਮਾਰਤਾਂ ਦੀਆਂ ਕੰਧਾਂ ਉੱਤੇ ਵੀ ਅਜਿਹੀਆਂ ਵਾਲ ਪੇਂਟਿੰਗਾਂ ਕਰਵਾਈਆਂ ਜਾਣਗੀਆਂ।