ਸ਼ਾਹਦਰਾ ਇਲਾਕੇ ’ਚ ਕਾਰੋਬਾਰੀ ਦੀ ਗੋਲੀਆਂ ਮਾਰ ਕੇ ਹੱਤਿਆ
ਕੁਲਵਿੰਦਰ ਕੌਰ ਦਿਓਲ
ਨਵੀਂ ਦਿੱਲੀ, 7 ਦਸੰਬਰ
ਦਿੱਲੀ ਦੇ ਸ਼ਾਹਦਰਾ ਜ਼ਿਲ੍ਹੇ ਦੇ ਫਰਸ਼ ਇਲਾਕੇ ’ਚ ਫਰਸ਼ ਬਾਜ਼ਾਰ ਇਲਾਕੇ ’ਚ ਅੱਜ ਸਵੇਰੇ ਕਾਰੋਬਾਰੀ ਸੁਨੀਲ ਜੈਨ (57) ਨੂੰ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ। ਇੱਕ ਹੋਰ ਵਾਰਦਾਤ ਵਿੱਚ ਗੋਬਿੰਦਪੁਰੀ ਇਲਾਕੇ ਵਿੱਚ ਚਾਕੂਬਾਜ਼ੀ ਕਾਰਨ ਇੱਕ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖ਼ਮੀ ਹੋ ਗਏ। ਦੁੂਜੇ ਪਾਸੇ ਦੋ ਕਤਲਾਂ ਦੇ ਮਾਮਲੇ ’ਤੇ ਸਿਆਸੀ ਦੂਸ਼ਣਬਾਜ਼ੀ ਤੇਜ਼ ਹੋ ਗਈ ਹੈ।
ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੁਨੀਲ ਜੈਨ ਯਮੁਨਾ ਸਪੋਰਟਸ ਕੰਪਲੈਕਸ ਤੋਂ ਵਾਪਸ ਆ ਰਿਹਾ ਸੀ, ਜਦੋਂ ਮੋਟਰਸਾਈਕਲ ‘ਤੇ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲੀਸ ਅਧਿਕਾਰੀ ਅਨੁਸਾਰ ਹਮਲਾਵਰਾਂ ਨੇ ਜੈਨ ’ਤੇ ਉਦੋਂ ਗੋਲੀਆਂ ਚਲਾਈਆਂ ਜਦੋਂ ਉਹ ਭੀੜ-ਭਾੜ ਵਾਲੇ ਇਲਾਕੇ ’ਚ ਜਾ ਰਿਹਾ ਸੀ। ਜੈਨ ਭਾਂਡਿਆਂ ਦਾ ਕਾਰੋਬਾਰ ਚਲਾਉਂਦਾ ਸੀ। ਸਥਾਨਕ ਪੁਲੀਸ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਕਿ ਹਮਲਾਵਰਾਂ ਦੀ ਪਛਾਣ ਕਰਨ ਤੇ ਉਨ੍ਹਾਂ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ।
ਜਾਣਕਾਰੀ ਮੁਤਾਬਕ ਦੂਜੀ ਘਟਨਾ ’ਚ ਗੋਵਿੰਦਪੁਰੀ ’ਚ ਇੱਕ ਸਾਂਝੇ ਪਖਾਨੇ ਦੀ ਸਫਾਈ ਨੂੰ ਲੈ ਕੇ ਝਗੜਾ ਹਿੰਸਾ ਵਿੱਚ ਬਦਲ ਗਿਆ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਗਏ। ਤਕਰਾਰ ਦੌਰਾਨ ਸੁਧੀਰ, ਉਸ ਦੇ ਭਰਾ ਪ੍ਰੇਮ ਤੇ ਉਨ੍ਹਾਂ ਦੇ ਦੋਸਤ ਸਾਗਰ ‘ਤੇ ਹਮਲਾ ਕੀਤਾ ਗਿਆ। ਸੁਧੀਰ ਦੀ ਛਾਤੀ, ਚਿਹਰੇ ਅਤੇ ਸਿਰ ’ਤੇ ਚਾਕੂ ਦੇ ਵਾਰਾਂ ਕਾਰਨ ਉਸ ਨੇ ਦਮ ਤੋੜ ਦਿੱਤਾ, ਜਦਕਿ ਬਾਕੀ ਦੋ ਦਾ ਏਮਸ ’ਚ ਇਲਾਜ ਚੱਲ ਰਿਹਾ ਹੈ।
ਪੁਲੀਸ ਨੇ ਇਸ ਮਾਮਲੇ ਤਹਿਤ ਇੱਕ ਨਾਬਾਲਗ ਸਮੇਤ ਪੰਜ ਸ਼ੱਕੀਆਂ ਨੂੰ ਹਿਰਾਸਤ ’ਚ ਲਿਆ ਹੈ। ਮੁਲਜ਼ਮਾਂ ਦੀ ਪਛਾਣ ਭੀਕਮ ਸਿੰਘ, ਉਸ ਦੀ ਪਤਨੀ ਮੀਨਾ ਅਤੇ ਉਨ੍ਹਾਂ ਦੇ ਪੁੱਤਰ ਸੰਜੇ (20), ਰਾਹੁਲ (18) ਅਤੇ ਇੱਕ ਨਾਬਾਲਗ ਵਜੋਂ ਹੋਈ ਹੈ। ਭੀਕਮ ਇਲਾਕੇ ਵਿੱਚ ਇੱਕ ਬਿਲਡਿੰਗ ਮਟੀਰੀਅਲ ਦੀ ਦੁਕਾਨ ’ਤੇ ਕੰਮ ਕਰਦਾ ਹੈ।
ਦਿੱਲੀ ’ਚ ਕਾਨੂੰਨ ਵਿਵਸਥਾ ਕਾਇਮ ਰੱਖਣ ’ਚ ਕੇਂਦਰੀ ਗ੍ਰਹਿ ਮੰਤਰੀ ਨਾਕਾਮ: ਕੇਜਰੀਵਾਲ
ਕਾਰੋਬਾਰੀ ਦੇ ਕਤਲ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਦਿੱਲੀ ’ਚ ਕਾਨੂੰਨ ਪ੍ਰਬੰਧ ਬਣਾਈ ਰੱਖਣ ’ਚ ਅਸਫਲ ਰਹਿਣ ਦਾ ਕਥਿਤ ਦੋਸ਼ ਲਾਇਆ ਹੈ। ਕੇਜਰੀਵਾਲ ਨੇ ‘ਐਕਸ’ ’ਤੇ ਪੋਸਟ ’ਚ ਕਿਹਾ, ‘‘ਅਮਿਤ ਸ਼ਾਹ ਨੇ ਦਿੱਲੀ ਨੂੰ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਦੇ ਅਧੀਨ ਸ਼ਹਿਰ ਬੇਕਾਬੂ ਹੋ ਗਿਆ ਹੈ। ਭਾਜਪਾ ਅਪਰਾਧਕ ਸਰਗਰਮੀਆਂ ਰੋਕਣ ’ਚ ਅਸਫਲ ਹੋ ਰਹੀ ਹੈ। ਲੋਕਾਂ ਨੂੰ ਇਕੱਠੇ ਹੋ ਕੇ ਉੱਠਣਾ ਚਾਹੀਦਾ ਹੈ। ਆਪਣੀ ਆਵਾਜ਼ ਬੁਲੰਦ ਕਰੋ।’’ ‘ਆਪ’ ਆਗੂ ਸੌਰਭ ਭਾਰਦਵਾਜ ਨੇ ਦਾਅਵਾ ਕੀਤਾ ਕਿ ਹਮਲਾਵਰਾਂ ਨੇ ਜੈਨ ’ਤੇ ਛੇ ਤੋਂ ਸੱਤ ਗੋਲੀਆਂ ਚਲਾਈਆਂ।
ਭਾਰਦਵਾਜ ਨੇ ਐਕਸ ’ਤੇ ਆਪਣੀ ਪੋਸਟ ਵਿੱਚ ਦਿੱਲੀ ਨੂੰ ‘ਅਪਰਾਧ ਦੀ ਰਾਜਧਾਨੀ’ ਕਰਾਰ ਦਿੱਤਾ ਤੇ ਕਾਨੂੰਨ ਵਿਵਸਥਾ ਦੀ ਨਾਕਾਮੀ ਲਈ ਮੋਦੀ ਸਰਕਾਰ ਨੂੰ ਭੰਡਿਆ। ਉਨ੍ਹਾਂ ਪੋਸਟ ’ਚ ਕਿਹਾ, ‘‘ਕ੍ਰਾਈਮ ਕੈਪੀਟਲ- ਸ਼ਾਹਦਰਾ ਜ਼ਿਲ੍ਹੇ ’ਚ ਭਾਂਡਿਆਂ ਦੇ ਵਪਾਰੀ ਸੰਜੇ ਜੈਨ ’ਤੇ ਗੁੰਡਿਆਂ ਨੇ ਗੋਲੀਆਂ ਚਲਾਈਆਂ। ਹਮਲਾਵਰਾਂ ਨੇ 6 ਤੋਂ 7 ਗੋਲੀਆਂ ਚਲਾਈਆਂ ਤੇ ਸਾਰੀਆਂ ਗੋਲੀਆਂ ਸੰਜੇ ਜੈਨ ਨੂੰ ਲੱਗੀਆਂ।’’