ਉੱਤਰਾਖੰਡ ਦੇ ਅਲਮੋੜਾ ਜ਼ਿਲ੍ਹੇ ਵਿੱਚ ਬੱਸ ਖੱਡ ’ਚ ਡਿੱਗੀ, 36 ਹਲਾਕ
ਮਰਚੁਲਾ (ਉੱਤਰਾਖੰਡ), 4 ਨਵੰਬਰ
ਉੱਤਰਾਖੰਡ ਦੇ ਅਲਮੋੜਾ ਜ਼ਿਲ੍ਹੇ ਵਿਚ ਅੱਜ ਸਵੇਰੇ ਨਿੱਜੀ ਬੱਸ ਦੇ ਡੂੰਘੀ ਖੱਡ ਵਿਚ ਡਿੱਗਣ ਕਰਕੇ 10 ਮਹਿਲਾਵਾਂ ਸਣੇ 36 ਵਿਅਕਤੀਆਂ ਦੀ ਮੌਤ ਹੋ ਗਈ। 43 ਸੀਟਾਂ ਵਾਲੀ ਬੱਸ ਵਿਚ 60 ਦੇ ਕਰੀਬ ਵਿਅਕਤੀ ਸਵਾਰ ਸਨ। ਬਹੁਤੇ ਯਾਤਰੀ ਦੀਵਾਲੀ ਦੀਆਂ ਛੁੱਟੀਆਂ ਮਗਰੋਂ ਕੰਮਾਂ ’ਤੇ ਪਰਤ ਰਹੇ ਸਨ। ਜ਼ਿਲ੍ਹਾ ਮੈਜਿਸਟਰੇਟ ਆਲੋਕ ਕੁਮਾਰ ਪਾਂਡੇ ਨੇ ਗੜਵਾਲ ਮੋਟਰ ਓਨਰ ਐਸੋਸੀਏਸ਼ਨ ਦੀ ਨਿੱਜੀ ਬੱਸ ਪੌੜੀ ਗੜ੍ਹਵਾਲ ਤੋਂ ਕੁਮਾਓਂ ਦੇ ਰਾਮਨਗਰ ਜਾ ਰਹੀ ਸੀ। ਹਾਦਸਾ ਸਵੇਰੇ ਅੱਠ ਵਜੇ ਦੇ ਕਰੀਬ ਵਾਪਰਿਆ ਅਤੇ ਸਾਰੀ ਰਾਤ ਦੇ ਸਫ਼ਰ ਮਗਰੋਂ ਬੱਸ ਰਾਮਨਗਰ ਤੋਂ 35 ਕਿਲੋਮੀਟਰ ਪਹਿਲਾਂ ਅਲਮੋੜਾ ਦੇ ਮਾਰਚੁਲਾ ਇਲਾਕੇ ਵਿਚ 200 ਮੀਟਰ ਡੂੰਘੀ ਖੱਡ ਵਿਚ ਜਾ ਡਿੱਗੀ। ਹਾਦਸੇ ਵਿਚ 26 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਚਾਰ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ। ਹਾਦਸੇ ਦੌਰਾਨ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ। ਸੰਘਣੇ ਜੰਗਲ ਤੇ ਪਹਾੜੀ ਢਲਾਣ ਕਰਕੇ ਬੱਸ ਹੇਠਾਂ ਵਗਦੀ ਨਦੀ ’ਚ ਡਿੱਗਣ ਤੋਂ ਬਚ ਗਈ। ਸੂਬਾ ਸਰਕਾਰ ਨੇ ਹਾਦਸੇ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੰਦਿਆਂ ਪੌੜੀ ਤੇ ਅਲਮੋੜਾ ਦੇ ਸਹਾਇਕ ਖੇਤਰੀ ਟਰਾਂਸਪੋਰਟ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਅਲਮੋੜਾ ਦੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਵਿਨੀਤ ਪਾਲ ਨੇ ਕਿਹਾ ਕਿ ਜ਼ਖ਼ਮੀਆਂ ਨੂੰ ਰਾਮਨਗਰ ਵਿਚ ਨੇੜਲੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਚਾਰ ਗੰਭੀਰ ਜ਼ਖ਼ਮੀਆਂ ਵਿਚੋਂ ਤਿੰਨ ਨੂੰ ਏਅਰਲਿਫਟ ਕਰਕੇ ਏਮਸ ਰਿਸ਼ੀਕੇਸ਼ ਤੇ ਇਕ ਨੂੰ ਹਲਦਵਾਨੀ ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। -ਪੀਟੀਆਈ
ਮੁਰਮੂ ਤੇ ਮੋਦੀ ਵੱਲੋਂ ਦੁੱਖ ਪ੍ਰਗਟ, ਪੀੜਤਾਂ ਲਈ ਮੁਆਵਜ਼ੇ ਦਾ ਐਲਾਨ
ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਕਾਂਗਰਸ ਪ੍ਰਧਾਨ ਮਲਿਕਾਰੁਜਨ ਖੜਗ ਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਹਾਦਸੇ ਵਿਚ ਗਈਆਂ ਜਾਨਾਂ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਜ਼ਖ਼ਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਦੁਆ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਮ੍ਰਿਤਕਾਂ ਦੇ ਵਾਰਿਸਾਂ ਲਈ 2-2 ਲੱਖ ਰੁਪਏ ਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਐਕਸਗ੍ਰੇਸ਼ੀਆ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਥਾਨਕ ਪ੍ਰਸ਼ਾਸਨ ਵੱਲੋਂ ਰਾਹਤ ਤੇ ਬਚਾਅ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਧਰ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਮ੍ਰਿਤਕਾਂ ਦੇ ਵਾਰਿਸਾਂ ਲਈ 4-4 ਲੱਖ ਰੁਪਏ ਤੇ ਜ਼ਖ਼ਮੀਆਂ ਲਈ 1-1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਧਾਮੀ ਨੇ ਕਿਹਾ ਕਿ ਹਾਦਸੇ ਲਈ ਜ਼ਿੰਮੇਵਾਰ ਲੋਕਾਂ ਨਾਲ ਸਖ਼ਤੀ ਨਾਲ ਸਿੱਝਿਆ ਜਾਵੇਗਾ।