ਕਹਾਣੀਆਂ ਦਾ ਗੁਲਦਸਤਾ
ਸੁਖਮਿੰਦਰ ਸਿੰਘ ਸੇਖੋਂ
ਸੰਪਾਦਿਤ ਪੁਸਤਕਾਂ ਦਾ ਰਿਵਾਜ ਦਿਨੋਂ ਦਿਨ ਵਧ ਰਿਹਾ ਹੈ। ਕਵਿਤਾਵਾਂ ਤੇ ਮਿੰਨੀ ਕਹਾਣੀਆਂ ਵਾਂਗ ਹੀ ਕਹਾਣੀ ਵੀ ਪਿੱਛੇ ਨਹੀਂ। ਸੰਪਾਦਿਤ ਕਿਤਾਬਾਂ ਦਾ ਰੁਝਾਨ ਹਾਂ-ਪੱਖੀ ਹੋਵੇ ਤਾਂ ਇਹ ਕਿਸੇ ਵੀ ਵਿਧਾ ਲਈ ਬਿਹਤਰ ਹੁੰਦਾ ਹੈ। ਵਿਚਾਰ ਅਧੀਨ ਸੰਪਾਦਿਤ ਪੁਸਤਕ ‘2022 ਦੀਆਂ ਚੋਣਵੀਆਂ ਕਹਾਣੀਆਂ ਸਲਾਮੀ’ (ਸੰਪਾਦਕ: ਡਾ. ਜੇ.ਬੀ. ਸੇਖੋਂ; ਕੀਮਤ: 224 ਰੁਪਏ; ਆਰਸੀ ਪਬਲਿਸ਼ਰਜ਼ ਨਵੀਂ ਦਿੱਲੀ) ਵੀ ਇਸੇ ਦਿਸ਼ਾ ਵੱਲ ਪੁਲਾਂਘ ਪੁੱਟਦੀ ਨਜ਼ਰ ਆਉਂਦੀ ਹੈ। ਸੰਪਾਦਕ ਨੇ ਇਸ ਵਿੱਚ ਦੋ ਤਿੰਨ ਨੂੰ ਛੱਡ ਕੇ ਬਾਕੀ ਨਵੇਂ ਕਹਾਣੀਕਾਰਾਂ ਦੀਆਂ ਕਹਾਣੀਆਂ ਨੂੰ ਥਾਂ ਦਿੱਤੀ ਹੈ। ਕੁੱਲ 14 ਕਹਾਣੀਆਂ। ਕਹਾਣੀ ‘ਮੋਹ ਜਾਲ’ (ਹਰਪ੍ਰੀਤ ਸੇਖਾ) ਬੇਸ਼ੱਕ ਆਕਾਰ ਪੱਖੋਂ ਨਿੱਕੀ ਹੈ ਪਰ ਤਿੱਖੀ ਹੈ। ਘਟਨਾ ਜਾਂ ਦੁਰਘਟਨਾ ’ਤੇ ਆਧਾਰਿਤ ਅਤੇ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਇੱਕ ਬਿਰਧ ਦੀ ਕਥਾ ਬਿਆਨਦੀ ਕਹਾਣੀ ਦੇ ਅੰਤ ਵਿੱਚ ਇੱਕ ਧੀ ਆਪਣੇ ਲਹੂ ਜਾਇਆਂ ਨੂੰ ਮਿਹਣਾ ਮਾਰਦੀ ਹੈ, ਤਾਂ ਏਸੇ ਕਰਕੇ ਤੁਸੀਂ ਬਾਪੂ ਨੂੰ ਰੱਖਿਆ ਹੋਇਐ? ਇਸ ਨਾਲ ਤ੍ਰਾਸਦਿਕ ਮਾਹੌਲ ਬਣਦਾ ਪ੍ਰਤੀਤ ਹੁੰਦਾ ਹੈ।
ਕਹਾਣੀ ‘ਪੰਜਵਾਂ ਮੋਢਾ’ ਵੀ ਧਿਆਨ ਖਿੱਚਦੀ ਹੈ ਜੋ ਦੀਪਤੀ ਬਬੂਟਾ ਦੀ ਰਚਨਾ ਹੈ। ਇਹ ਕਹਾਣੀ ਵੀ ਰਿਸ਼ਤਿਆਂ ਦੀ ਸਾਰ ਲੈਂਦੀ ਹੋਈ ਆਪਣੇ ਮੰਤਵ ਦੀ ਪੂਰਤੀ ਕਰ ਜਾਂਦੀ ਹੈ। ਇਸ ਦਾ ਇੱਕ ਵਾਕ ਹੀ ਕਹਾਣੀ ਦਾ ਵਿਸ਼ਾ ਕਹਿ ਜਾਂਦਾ ਹੈ, ‘ਚੁੱਪ ਕਰ ਭੈਣੇ। ਬਥੇਰਾ ਸਹਿ ਲਿਆ ਸਾਰੀ ਉਮਰ ਤੇਰਾ ਨਖਰਾ। ਐਡਾ ਈ ਮਾਂ ਦਾ ਧ੍ਰੇਕ ਜਾਗਦਾ ਈ ਤਾਂ ਲੈ ਜਾ ਤੇ ਸਾਂਭ ਲੈ ਮਾਂ ਨੂੰ।’ ਸੁਕੀਰਤ, ਭੁਪਿੰਦਰ ਸਿੰਘ ਮਾਨ, ਖਾਲਿਦ, ਸਰਬਜੀਤ, ਸਿਮਰਨ, ਨਵਚੇਤਨ ਆਦਿ ਦੀਆਂ ਕਹਾਣੀਆਂ ਵੀ ਇੱਕੋ ਸਾਹੇ ਪਾਠਕ ਪੜ੍ਹ ਲਵੇਗਾ, ਅਜਿਹਾ ਮੇਰਾ ਯਕੀਨ ਬਣਦਾ ਹੈ। ਕੁਝ ਕਹਾਣੀਆਂ ਪਿੱਤਰਸੱਤਾ ਨੂੰ ਵੀ ਚੁਣੌਤੀ ਦਿੰਦੀਆਂ ਹਨ। ਦਲਿਤ ਚੇਤਨਾ ਵੀ ਉਭਰਦੀ ਹੈ ਤੇ ਨਾਰੀ ਸ਼ਕਤੀ ਦਾ ਵੀ ਆਭਾਸ ਹੁੰਦਾ ਹੈ। ‘18 ਮਿੰਟ ਦਾ ਆਤੰਕ ਕਾਲ’ ਖ਼ੌਫ਼ਜ਼ਦਾ ਮਾਹੌਲ ਦੇ ਵਰਤਾਰੇ ਨੂੰ ਮੁਖਾਤਬਿ ਹੁੰਦੀ ਹੈ। ਕਹਾਣੀਕਾਰ ਦੀ ਸ਼ੈਲੀ ਇੱਕ ਸਤਰ ਰਾਹੀਂ ਵੇਖਿਆਂ ਬਣਦੀ ਹੈ: ਰੂੰ ਦੇ ਗੁੱਡੇ ਨੇ ਉਪਰ ਨੂੰ ਉਂਗਲ ਕਰ ਦਿੱਤੀ। ਉਹ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਪੜਛੱਤੀ ਵੱਲ ਨੂੰ ਵੇਖਣ ਲੱਗੀ। ਕਹਾਣੀਕਾਰ ਦਾ ਆਪਣੀਆਂ ਵਿਲੱਖਣ ਕਥਾ ਜੁਗਤਾਂ ਨਾਲ ਕਹਾਣੀ ਕਹਿਣ ਦਾ ਆਪਣਾ ਅੰਦਾਜ਼ ਹੈ। ਹਰ ਕਹਾਣੀ ਦਾ ਆਪਣਾ ਕਥਾ ਬਿੰਬ ਉੱਭਰਦਾ ਹੈ ਤੇ ਬਿਰਤਾਂਤ ਸਿਰਜਣ ਦੀ ਸ਼ੈਲੀ ਵੀ ਲਗਭਗ ਅੱਡਰੀ-ਵੱਖਰੀ ਹੈ। ਪੰਜਾਬੀ ਸਭਿਆਚਾਰ ਨੂੰ ਪ੍ਰਗਟਾਉਂਦੀਆਂ ਕੁਝ ਰਚਨਾਵਾਂ ਗੁੰਝਲਾਂ ਵਿੱਚੋਂ ਗੁਜ਼ਰਦਿਆਂ ਮਨੋਵਿਗਿਆਨਕ ਪੱਖਾਂ ਦੀ ਵੀ ਨਿਸ਼ਾਨਦੇਹੀ ਕਰਦੀਆਂ ਪ੍ਰਤੀਤ ਹੁੰਦੀਆਂ ਹਨ, ਪਰ ਸੰਜੀਦਾ ਪਾਠਕ ਦੇ ਪੱਲੇ ਕੁਝ ਨਾ ਪਵੇ ਅਜਿਹਾ ਵੀ ਨਹੀਂ।
ਘੰਮਣ ਦੀ ਲੰਬੀ ਕਹਾਣੀ ਵੀ ਪੇਸ਼ ਹੈ ‘ਬਾਬਾ, ਥੋੜ੍ਹ ਵਾਲਾ’। ਪਰ ਅਜਿਹਾ ਸੰਭਵ ਨਹੀਂ ਜਾਪਦਾ ਕਿ ਇਹ ਕਹਾਣੀ ਪਾਠਕ ਇੱਕੋ ਬੈਠਕ ਵਿੱਚ ਪੜ੍ਹ ਲਵੇਗਾ। ਕਹਾਣੀ ਵਿੱਚ ਕਹਾਣੀਕਾਰ ਨੇ ਰੂਹ ਫੂਕਣ ਦੀ ਕੋਸ਼ਿਸ਼ ਕੀਤੀ ਹੈ। ਇਸ ਦੇ ਬਾਵਜੂਦ ਇਸ ਕਹਾਣੀ ਨੂੰ ਰੁਕ ਰੁਕ ਕੇ ਪੜ੍ਹਨਾ ਪਵੇਗਾ ਤਦੇ ਪਾਠਕ ਇਸ ਦੀ ਤਹਿ ਤੱਕ ਅੱਪੜਦਿਆਂ ਇਸ ਨੂੰ ਜਾਣ ਤੇ ਮਾਣ ਸਕੇਗਾ। ਇਹ ਕਹਾਣੀਆਂ ਪਹਿਲੋਂ ਹੀ ਵੱਖ-ਵੱਖ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਤੇ ਸੰਪਾਦਕ ਨੇ ਆਪਣੀ ਪਸੰਦ ਅਨੁਸਾਰ ਅਤੇ ਅਜੋਕੀ ਕਹਾਣੀ ਦੇ ਮੱਦੇਨਜ਼ਰ ਆਪਣੀ ਸੂਝ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਕਿਤਾਬੀ ਰੂਪ ਦੇਣ ਦਾ ਉਪਰਾਲਾ ਕੀਤਾ ਹੈ। ਨਿਰਸੰਦੇਹ, ਚੰਗੀਆਂ ਤੇ ਬਿਹਤਰ ਰਚਨਾਵਾਂ ਵਾਲੀਆਂ ਸੰਪਾਦਤ ਪੁਸਤਕਾਂ ਆਉਂਦੀਆਂ ਰਹਿਣ ਤੇ ਪਾਠਕ ਪੜ੍ਹਦੇ ਰਹਿਣ ਅਤੇ ਲੇਖਕ-ਪਾਠਕ ਦਾ ਰਿਸ਼ਤਾ ਸਾਰਥਕ ਮੁਕਾਮ ਸਿਰਜਦਾ ਰਹੇ।
ਸੰਪਰਕ: 98145-07693