ਰੰਗਾਂ ਦੇ ਅਰਥ ਦੱਸਦੀ ਪੁਸਤਕ
ਪ੍ਰੋ. (ਡਾ.) ਸਤਨਾਮ ਸਿੰਘ ਜੱਸਲ
ਡਾਕਟਰ ਜਤਿੰਦਰ ਸਿੰਘ ਰਚਿਤ ਪੁਸਤਕ ‘ਰੰਗ, ਰਮਜ਼ ਤੇ ਪੰਜਾਬੀ ਕਾਵਿ’ (ਕੀਮਤ: 250 ਰੁਪਏ; ਪ੍ਰਕਾਸ਼ਕ: ਦਾ ਬਰੁੱਕ ਪਬਲੀਕੇਸ਼ਨ, ਚੰਡੀਗੜ੍ਹ) ਲੇਖਕ ਦੀ ਪੰਜਵੀਂ ਕਿਤਾਬ ਹੈ। ਇਸ ਕਿਤਾਬ ਵਿੱਚ ਦਰਜ ‘ਕੁਝ ਸ਼ਬਦ’ ਵਿੱਚ ਇਸ ਕਿਤਾਬ ਦੀ ਸਿਰਜਨ ਪ੍ਰਕਿਰਿਆ ਦੇ ਪ੍ਰਸੰਗ ਵਿੱਚ ਡਾਕਟਰ ਜਤਿੰਦਰ ਨੇ ਲਿਖਿਆ ਹੈ ਕਿ ‘ਸਾਲ 2019 ਵਿੱਚ ਗੁਰੂ ਨਾਨਕ ਸਾਹਿਬ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਵਿਚਾਰ-ਚਰਚਾ ਅਤੇ ਪ੍ਰੋਗਰਾਮ ਉਲੀਕੇ ਜਾ ਰਹੇ ਸਨ। ਉਨ੍ਹਾਂ ਦਿਨਾਂ ਵਿੱਚ ਮੇਰੇ ਮਨ-ਮਸਤਕ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਣ-ਉਚਾਰਨ ਦੀ ਉਤੇਜਨਾ ਪੈਦਾ ਹੋਈ। ਗੁਰੂ ਨਾਨਕ ਬਾਣੀ ਨੂੰ ਪੜ੍ਹਦਿਆਂ-ਵਿਚਾਰਦਿਆਂ ਮੇਰਾ ਧਿਆਨ ਇਸ ਬਾਣੀ ਵਿਚਲੀ ਸਮਾਜਿਕਤਾ ਤੇ ਸਮਾਨਾਂਤਰ ਰੰਗਾਂ ਨਾਲ ਪੈਦਾ ਹੋਈ ਅਰਥ-ਸੰਰਚਨਾ ਵੱਲ ਗਿਆ। ਜ਼ਿਹਨ ਵਿੱਚ ਵਾਰ-ਵਾਰ ਇਹ ਸ਼ਬਦ ਆਇਆ, ਜਿਸ ਨੇ ਇਸ ਨਵੇਕਲੇ ਵਿਸ਼ੇ ’ਤੇ ਲਿਖਣ ਦਾ ਮਨ ਬਣਾ ਦਿੱਤਾ: ‘‘ਰੰਗਿ ਹਸਹਿ ਰੰਗਿ ਰੋਵਹਿ ਚੁਪ ਭੀ ਕਰਿ ਜਾਹਿ॥ ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹ॥’’ ... ਜਿਸ ਦੇ ਫਲ਼ਸਰੂਪ ਇਹ ਪੁਸਤਕ ਪਾਠਕਾਂ ਦੇ ਸਨਮੁੱਖ ਹੈ’। ਲੇਖਕ ਦੀ ਇਹ ਵੀ ਖ਼ੂਬੀ ਰਹੀ ਕਿ ਉਸ ਨੇ ਇਸ ਕਿਤਾਬ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਦੋ ਵਿਦਵਾਨਾਂ ਡਾਕਟਰ ਤੇਜਵੰਤ ਸਿੰਘ ਗਿੱਲ ਅਤੇ ਡਾਕਟਰ ਸਵਰਾਜਬੀਰ ਨਾਲ ਡੂੰਘਾ ਵਿਚਾਰ-ਵਟਾਂਦਰਾ ਕੀਤਾ ਅਤੇ ਲੇਖਕ ਨੇ ਨਿਮਰਤਾ ਸਹਿਤ ਧੰਨਵਾਦ ਸਹਿਤ ਲਿਖਿਆ ਹੈ ਕਿ ਇਨ੍ਹਾਂ ਵਿਦਵਾਨਾਂ ਦੀ ਨਜ਼ਰਸਾਨੀ ਅਤੇ ਨਿਗਾਹਬਾਨੀ ਇਸ ਪੁਸਤਕ ਦੀ ਆਧਾਰਸ਼ਿਲਾ ਕਹੀ ਜਾ ਸਕਦੀ ਹੈ।
ਇਸ ਪੁਸਤਕ ਵਿੱਚ ਬਾਰਾਂ ਲੇਖ ਹਨ। ਡਾਕਟਰ ਤੇਜਵੰਤ ਸਿੰਘ ਗਿੱਲ ਨੇ ਪੁਸਤਕ ਦੇ ਸਬੰਧ ਵਿੱਚ ‘ਰੰਗ: ਵਿਚਾਰ ਅਤੇ ਪ੍ਰਭਾਵ’ ਅਧੀਨ ਆਪਣੇ ਮੁੱਲਵਾਨ ਵਿਚਾਰ ਅਤੇ ਪੁਸਤਕ ਦੀ ਸਾਰਥਿਕਤਾ ਸਬੰਧੀ ਦਲੀਲ ਯੁਕਤ ਪ੍ਰਭਾਵ ਅੰਕਿਤ ਕੀਤੇ ਹਨ। ਉਸ ਦਾ ਮੰਨਣਾ ਹੈ ਕਿ ਕਿਸੇ ਵਸਤ, ਦ੍ਰਿਸ਼, ਨਰ ਜਾਂ ਨਾਰ ਨਾਲ ਕੀ ਅਚੰਭਾ ਵਾਪਰਦਾ ਹੈ ਜਦੋਂ ਉਸ ਨੂੰ ਕਿਸੇ ਰੰਗ ਦੀ ਭਾਹ ਲੱਗ ਜਾਂਦੀ ਹੈ, ਇਹ ਤਸੱਵਰ ਵਿੱਚ ਲਿਆਉਣਾ ਔਖਾ ਜ਼ਰੂਰ ਹੈ ਪਰ ਅਸੰਭਵ ਬਿਲਕੁਲ ਨਹੀਂ। ਇਸ ਪ੍ਰਸੰਗ ਵਿੱਚ ਡਾਕਟਰ ਜਤਿੰਦਰ ਸਿੰਘ ਦੀ ਹੱਥਲੀ ਪੁਸਤਕ ਇਹ ਆਸ ਪੁਗਾਉਂਦੀ ਹੈ ਕਿਉਂ ਜੋ ਮੁੱਢ ਤੋਂ ਹੀ ਪੰਜਾਬੀ ਕਾਵਿ ਵਿੱਚ ਰੰਗਾਂ ਦਾ ਕੀ ਤਲਿਸਮ ਬਣਿਆ ਰਿਹਾ, ਇਸ ਨੂੰ ਬੜੇ ਰੌਚਿਕ ਢੰਗ ਨਾਲ ਉਘਾੜਨ ਦਾ ਇਹ ਯਤਨ ਵੱਧ ਤੋਂ ਵੱਧ ਹੁਲਾਸ ਸਮੇਤ ਪੁਗਾਉਂਦੀ ਪ੍ਰਤੀਤ ਹੁੰਦੀ ਹੈ। ਜੇ ਕਿਤੇ ਕੋਈ ਘਾਟ ਰਹਿ ਗਈ, ਉਸ ਬਾਰੇ ਵੀ ਚੇਤੰਨ ਕਰਨ ਦਾ ਉੱਦਮ ਇਸ ਦੇ ਪੰਨਿਆਂ ਤੋਂ ਝਲਕਦਾ ਹੁੰਦਾ ਹੈ। ਲੇਖ ‘ਰੰਗ: ਸੁਭਾਅ ਤੇ ਸੁਹਜ’ ਵਿੱਚ ਕਿਹਾ ਹੈ ਕਿ ਰੰਗ ਸਿਰਫ਼ ਦ੍ਰਿਸ਼ਾਂ ਨੂੰ ਹੀ ਮੂਰਤੀਮਾਨ ਹੀ ਨਹੀਂ ਕਰਦਾ ਸਗੋਂ ਜ਼ਿੰਦਗੀ ਦੇ ਹਰੇਕ ਪਹਿਲੂ ਦੀ ਤਸਵੀਰ ਨੂੰ ਵੀ ਉਘਾੜਦੇ ਹਨ। ਰੰਗ ਬੰਦੇ ਦੇ ਚੇਤਨ, ਅਵਚੇਤਨ ਨੂੰ ਪਕੜਦੇ, ਸਮਝਦੇ ਅਤੇ ਵਿਸਤਾਰਦੇ ਹਨ। ਰੰਗਾਂ ਦਾ ਆਪਣਾ ਸੰਸਾਰ ਹੈ, ਆਪਣਾ ਪ੍ਰਭਾਵ ਹੈ ਅਤੇ ਆਪਣੀ ਜੜ੍ਹਤਾ-ਅਜੜ੍ਹਤਾ ਵੀ ਹੈ। ਇਸੇ ਲਈ ਦਰਸ਼ਨ ਅਤੇ ਸਾਹਿਤ ਵਿੱਚ ਰੰਗਾਂ ਦੇ ਮਾਧਿਅਮ ਰਾਹੀਂ ਜੀਵਨ ਦੇ ਸਥੂਲ ਤੇ ਅਸਥੂਲ ਵਰਤਾਰਿਆਂ ਨੂੰ ਸਮਝਣ ਦਾ ਯਤਨ ਕੀਤਾ ਜਾਂਦਾ ਹੈ।
ਡਾਕਟਰ ਜਤਿੰਦਰ ਸਿੰਘ ਨੇ ਰੰਗਾਂ ਸਬੰਧੀ ਆਪਣੀ ਉਸਾਰੂ ਕਦਰਾਂ-ਕੀਮਤਾਂ ਵਾਲੀ ਸਮਝ ਬਣਾ ਕੇ ‘ਫ਼ਰੀਦ ਬਾਣੀ: ਕਾਲੇ ਚਿੱਟੇ ਵਿਚਲੀ ਘੁਣਤਰ’ ਨੂੰ ਵਿਸਤਾਰ ਵਿੱਚ ਸਮਝਿਆ ਹੈ। ‘ਕਬੀਰ-ਬਾਣੀ: ਰੰਗ ਤੇ ਸਮਕਾਲੀ ਦ੍ਰਿਸ਼ਟੀ’ ਲੇਖ ਵਿੱਚ ਲੇਖਕ ਕਹਿੰਦਾ ਹੈ ਕਿ ਭਗਤ ਕਬੀਰ ਜੀ ਸਮਾਜਿਕ ਯਥਾਰਥ ਨੂੰ ਰੰਗਾਂ ਦੀ ਦ੍ਰਿਸ਼ਟੀ ਰਾਹੀਂ ਸਮਝਦੇ ਹਨ। ‘ਗੁਰੂ ਨਾਨਕ-ਬਾਣੀ: ਰਮਜ਼ਾਂ ਦੇ ਸੁਹਜਭਾਵੀ ਸਰੋਕਾਰ’ ਲੇਖ ਵਿੱਚ ਲੇਖਕ ਸਮਝਦਾ ਹੈ ਕਿ ਗੁਰੂ ਨਾਨਕ-ਬਾਣੀ ਨੂੰ ਪੜ੍ਹਦਿਆਂ ਤੇ ਸਮਝਦਿਆਂ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਬਾਣੀ ਵਿੱਚ ਰੰਗਾਂ ਦਾ ਜੋ ਮਹੱਤਵ ਹੈ ਉਨ੍ਹਾਂ ਦਾ ਸਭਿਆਚਾਰਕ, ਸਿਆਸੀ ਅਤੇ ਹਕੀਕਤ ਨਾਲ ਕੀ ਤੁਅੱਲਕ ਹੈ? ਨਾਨਕ-ਬਾਣੀ ਵਿੱਚ ਬਹੁਤ ਸਾਰੇ ਰੰਗਾਂ ਦਾ ਜ਼ਿਕਰ ਆਉਂਦਾ ਹੈ ਅਤੇ ਇਨ੍ਹਾਂ ਹੀ ਰੰਗਾਂ ਦੇ ਅੱਗੇ ਕਈ ਸ਼ੇਡਜ਼/ਭਾਹ ਦਿਖਾਈ ਦਿੰਦੇ ਹਨ।ਰੰਗਾਂ ਤੇ ਜ਼ਿੰਦਗੀ ਦਾ ਗੂੜ੍ਹਾ ਸਬੰਧ ਹੈ। ਗੁਰੂ ਨਾਨਕ ਸਾਹਿਬ ਰੰਗਾਂ ਦਾ ਵਿਵਰਣ ਸਮਾਜਿਕ, ਧਾਰਮਿਕ ਤੇ ਸਭਿਆਚਾਰਕ ਸਥਿਤੀ ਅਨੁਸਾਰ ਕਰਦੇ ਹਨ। ਨਾਨਕ-ਬਾਣੀ ਰੰਗਾਂ ਰਾਹੀਂ ਬਹੁਪਰਤੀ ਸੰਵਾਦ ਰਚਾਉਂਦੀ ਹੈ। ‘ਬੁਲ੍ਹੇ ਸ਼ਾਹ-ਕਾਵਿ: ਰੰਗਾਂ ਦੀ ਤਸ਼ਬੀਹ’ ਲੇਖ ਵਿੱਚ ਉਸ ਦੀ ਧਾਰਨਾ ਹੈ ਕਿ ਬੁਲ੍ਹੇ ਸ਼ਾਹ ਦੀ ਰਚਨਾ ਵਿੱਚ ਰੰਗਾਂ ਦੇ ਰੂਪਕਾਂ ਰਾਹੀਂ ਤਤਕਾਲੀ ਸਮਾਜ ਸਭਿਆਚਾਰ ਦੀ ਪੂਰੀ ਝਾਕੀ ਨਜ਼ਰ ਆਉਂਦੀ ਹੈ ਅਤੇ ਇਹ ਰੰਗ ਦ੍ਰਿਸ਼ਟੀ ਸਮਾਜਿਕ ਤੇ ਸਿਆਸੀ ਪੈਂਤੜੇ ਨੂੰ ਸਮਝਣ ਦੇ ਯਤਨਾਂ ਨੂੰ ਸਫ਼ਲਤਾ ਨਾਲ ਨਿਭਾਉਂਦੀ ਹੈ। ਲੇਖ ‘ਵਾਰਿਸ ਸ਼ਾਹ: ਲਫ਼ਜ਼ਾਂ ਦਾ ਕਾਰੀਗਰ’ ਵਿੱਚ ਕਿਹਾ ਗਿਆ ਹੈ ਕਿ ਵਾਰਿਸ ਦੀ ਹੀਰ ਦਾ ਘੇਰਾ ਬਹੁਤ ਵਿਸ਼ਾਲ ਹੈ ਜਿਸ ਵਿੱਚ ਉਹ ਪੰਜਾਬੀ ਬੰਦੇ ਦੇ ਅਵਚੇਤਨ ਵਿੱਚ ਘਾੜਤਾਂ ਨੂੰ ਖੋਲ੍ਹਣ, ਸੁਲਝਾਉਣ ਅਤੇ ਵਿਸਤਾਰਣ ਦਾ ਯਤਨ ਕਰਦਾ ਹੈ। ਇਨ੍ਹਾਂ ਸਭਿਆਚਾਰਕ ਘਾੜਤਾਂ ਨੂੰ ਰੰਗ, ਵੰਝਲੀ ਤੇ ਮੱਝੀਆਂ ਦੇ ਸੰਦਰਭ ਵਿੱਚ ਵੀ ਪਛਾਣਿਆ ਜਾ ਸਕਦਾ ਹੈ। ਲੇਖਕ ‘ਸ਼ਿਵ ਕੁਮਾਰ ਬਟਾਲਵੀ: ਸ਼ਬਦਾਂ ਦਾ ਲਲਾਰੀ’ ਲੇਖ ਵਿੱਚ ਆਖਦਾ ਹੈ ਕਿ ਸ਼ਿਵ ਕੁਮਾਰ ਬਟਾਲਵੀ ਆਪਣੀ ਸ਼ਾਇਰੀ ਵਿੱਚ ਤਿੱਤ-ਮਿੱਤਰੇ ਰੰਗਾਂ ਵਿੱਚ ਲੈਂਦਾ ਹੈ ਅਤੇ ਉਸ ਦੀ ਕਵਿਤਾ ਜ਼ਿੰਦਗੀ ਦੇ ਰੰਗਾਂ ਨਾਲ ਲਬਰੇਜ਼ ਹੈ। ‘ਲਾਲ ਸਿੰਘ ਦਿਲ: ਮਿੱਟੀ ਰੰਗਾ ਸ਼ਾਇਰ’ ਵਿੱਚ ਲੇਖਕ ਇਹ ਸਿੱਟਾ ਕੱਢਦਾ ਹੈ ਕਿ ਲਾਲ ਸਿੰਘ ਦਿਲ ਰੰਗਾਂ ਦੀ ਦ੍ਰਿਸ਼ਟੀ ਤੋਂ ਕਾਲੇ, ਲਾਲ ਅਤੇ ਮਿੱਟੀ ਦੇ ਰੰਗ ਨੂੰ ਪਿਆਰਦਾ ਹੈ। ਨਕਸਲੀ ਵਿਚਾਰਧਾਰਾ ਦਾ ਹੋਣ ਕਰਕੇ ਲਾਲ ਰੰਗ ਵਿੱਚੋਂ ਸਮਾਜਿਕ ਬਦਲਾਅ ਦੀ ਉਮੀਦ ਰੱਖਦਾ ਹੈ।ਉਹ ਮਿੱਟੀ ਦੇ ਰੰਗਾਂ ਅਤੇ ਮਹਿਕ ਵਿੱਚੋਂ ਊਰਜਾ ਲੈਂਦਾ ਹੈ। ‘ਸੁਰਜੀਤ ਪਾਤਰ: ਸ਼ਬਦਾਂ ਦਾ ਰੰਗਸਾਜ਼’ ਵਿੱਚ ਉਹ ਸੁਰਜੀਤ ਪਾਤਰ ਦੀ ਕਵਿਤਾ ਨੂੰ ਸਮਾਜਿਕ ਬਰਾਬਰੀ ਦੀ ਪ੍ਰੋੜਤਾ ਕਰਨ ਵਾਲੀ ਮੰਨਦਿਆਂ ਆਖਦਾ ਹੈ ਕਿ ‘ਰੰਗ’ ਅਤੇ ‘ਸ਼ਬਦ’ ਦੇ ਅਰਥ ਹਮੇਸ਼ਾ ਸੰਦਰਭ ਵਿੱਚ ਪਏ ਹੁੰਦੇ ਹਨ। ਇਸ ਲਈ ਸੰਦਰਭ ਮੂਲਕ ਸਥਿਤੀਆਂ ਹੀ ਰੰਗਾਂ ਦੇ ਭਾਵ ਤੇ ਅਭਾਵ ਨੂੰ ਨਿਖੇੜਦੀਆਂ ਹਨ। ‘ਮਨਜੀਤ ਪਾਲ ਕੌਰ: ਸੁਪਨੇ ਤੇ ਖ਼ਾਹਿਸ਼ਾਂ ਰੰਗੀ ਕਵਿਤਾ’ ਵਿੱਚ ਲਿਖਦਾ ਹੈ ਕਿ ਮਨਜੀਤ ਪਾਲ ਕੌਰ ਦੀ ਕਵਿਤਾ ਪਿਆਰ ਦੇ ਫਲਸਫ਼ੇ ਨੂੰ ਸਮਝਣ ਦੇ ਨਾਲ ਨਾਲ ਸਮਾਜਿਕ-ਸਭਿਆਚਾਰਕ ਪੈਟਰਨਾਂ ਵਿੱਚ ਫਸੀ ਔਰਤ ਦੀ ਦਵੰਦਮਈ ਮਾਨਸਿਕ ਸਥਿਤੀ ਨੂੰ ਰੰਗਾਂ ਦੀ ਜ਼ੁਬਾਨੀ ਬਿਆਨਦੀ ਹੈ। ਲੇਖ ‘ਪੰਜਾਬ ਦੇ ਤਸੱਵਰ ਤੇ ਤਸਵੀਰ ਵਿੱਚ ਮੱਝੀਆਂ’ ਵਿੱਚ ਬਿਨਸ ਰਹੇ ਪਛਾਣ ਚਿੰਨ੍ਹਾਂ ਦੀ ਚਿੰਤਾ ਪ੍ਰਗਟਾਉਂਦਾ ਹੈ। ਇਸ ਪੁਸਤਕ ਵਿੱਚ ਰੰਗਾਂ ਦੇ ਸੰਦਰਭ ਵਿੱਚ ਪ੍ਰੋ. ਮੋਹਨ ਸਿੰਘ, ਜਗਤਾਰ, ਨਵਤੇਜ ਭਾਰਤੀ, ਸੰਤ ਰਾਮ ਉਦਾਸੀ, ਅਜਮੇਰ ਰੋਡੇ, ਸੁਰਜੀਤ ਪਾਤਰ, ਦੇਵ, ਨਿਰੂਪਮਾ ਦੱਤ, ਦਰਸ਼ਨ ਬੁਲੰਦਵੀ, ਸੁਖਪਾਲ, ਵਨੀਤਾ, ਗੁਰਪ੍ਰੀਤ, ਸ਼ਮੀਲ, ਨੀਰੂ ਅਸੀਮ, ਸਿਮਰਤ ਗਗਨ, ਸਵਾਮੀ ਸਰਬਜੀਤ, ਸਰਬਜੀਤ ਕੌਰ ਜੱਸ, ਸੰਦੀਪ ਜਸਵਾਲ, ਕਰਨਜੀਤ ਕੋਮਲ ਦੀ ਇੱਕ-ਇੱਕ ਕਵਿਤਾ ਵੀ ਦਰਜ ਕੀਤੀ ਗਈ ਹੈ।
ਸੰਪਰਕ: 94172-25942