ਸ਼ਬਦਾਂ ਦੀ ਯਾਤਰਾ ਦੀ ਕਹਾਣੀ
ਰਾਜਿੰਦਰ ਪਾਲ ਸਿੰਘ ਬਰਾੜ
ਮਨੁੱਖ ਨੂੰ ਜਾਨਵਰ ਜਗਤ ਤੋਂ ਨਿਖੇੜਨ ਵਿੱਚ ਭਾਸ਼ਾ ਦਾ ਅਹਿਮ ਯੋਗਦਾਨ ਹੈ, ਧੁਨੀਆਂ ਨਾਲ ਸ਼ਬਦ ਬਣਦੇ ਹਨ ਅਤੇ ਸ਼ਬਦਾਂ ਨਾਲ ਵਾਕ ਬਣਦੇ ਹਨ, ਵਾਕ ਨਾਲ ਭਾਸ਼ਾ ਬਣਦੀ ਹੈ। ਭਾਰਤੀ ਪਰੰਪਰਾ ਵਿੱਚ ਸ਼ਬਦ ਨੂੰ ਬ੍ਰਹਮ ਦਾ ਦਰਜਾ ਪ੍ਰਾਪਤ ਹੈ। ਸ਼ਬਦਾਂ ਦੀ ਲੀਲ੍ਹਾ ਬੜੀ ਵਚਿੱਤਰ ਹੈ। ਹਰ ਸ਼ਬਦ ਵਿੱਚ ਧੁਨੀ ਅਤੇ ਅਰਥ ਸਮਾਏ ਹੋਏ ਹੁੰਦੇ ਹਨ, ਪਰ ਇਹ ਕੋਈ ਧੁਰੋਂ ਲਿਖਾਇਆ ਰਿਸ਼ਤਾ ਨਹੀਂ। ਸ਼ਬਦਾਂ ਦੇ ਅਰਥ ਬਦਲਦੇ ਰਹਿੰਦੇ ਹਨ। ਕੋਈ ਭਾਸ਼ਾ ਸ਼ੁੱਧ ਨਹੀਂ ਹੈ, ਹਰ ਭਾਸ਼ਾ ਆਂਢੀਆਂ ਗੁਆਂਢੀਆਂ ਤੋਂ ਹੀ ਨਹੀਂ ਦੂਰ ਦਰਾਡੇ ਤੋਂ ਵੀ ਸ਼ਬਦ ਉਧਾਰੇ ਲੈਂਦੀ ਰਹਿੰਦੀ ਹੈ। ਪਰਮਜੀਤ ਸਿੰਘ ਢੀਂਗਰਾ ਦੀ ਨਵੀਂ ਕਿਤਾਬ ‘ਸ਼ਬਦੋ ਵਣਜਾਰਿਓ’ ਸ਼ਬਦਾਂ ਦੀ ਆਪਣੇ ਢੰਗ ਦੀ ਵਿਆਖਿਆ ਹੈ। ਪਰਮਜੀਤ ਸਿੰਘ ਢੀਂਗਰਾ ਖੋਜੀ, ਆਲੋਚਕ ਅਤੇ ਅਧਿਆਪਕ ਹੀ ਨਹੀਂ ਸਗੋਂ ਭਾਸ਼ਾ ਵਿਗਿਆਨੀ ਹੋਣ ਦੇ ਨਾਲ ਨਾਲ ਗਲਪ ਅਤੇ ਵਾਰਤਕ ਲੇਖਕ ਵੀ ਹੈ। ਇਹ ਪੁਸਤਕ ਬਿਲਕੁਲ ਵੱਖਰੇ ਢੰਗ ਦੀ ਹੈ। ਇਹ ਇੱਕ ਵੱਖਰਾ ਹੀ ਅਨੁਸ਼ਾਸਨ ਹੈ ਜਿਸ ਦੀਆਂ ਮੁੱਢਲੀਆਂ ਪੈੜਾਂ ਜੀ.ਐੱਸ. ਰਿਆਲ ਨੇ ‘ਸ਼ਬਦਾਂ ਦੀ ਪੈੜ’ ਲਿਖ ਕੇ ਪਾਈਆਂ ਸਨ। ਇਸ ਅਨੁਸ਼ਾਸਨ ਦਾ ਆਪਣਾ ਵੱਖਰਾ ਹੀ ਵਿਧੀ ਵਿਧਾਨ ਹੈ। ਇਸ ਪੁਸਤਕ ਵਿੱਚ ਪਰਮਜੀਤ ਸਿੰਘ ਢੀਂਗਰਾ ਨੇ 130 ਸ਼ਬਦਾਂ ਦੀ ਵਿਉਂਤਪਤੀ ਵੀ ਦਿੱਤੀ ਹੈ, ਅਰਥ ਵਿਸਥਾਰ ਅਤੇ ਅਰਥ ਸੰਕੋਚ ਦੀਆਂ ਦਿਸ਼ਾਵਾਂ ਵੀ ਤਲਾਸ਼ੀਆਂ ਹਨ, ਸਬੰਧਿਤ ਸ਼ਬਦ ਦਾ ਇਤਿਹਾਸਕ ਪੱਖ ਵੀ ਫਰੋਲਿਆ ਹੈ ਅਤੇ ਉਸ ਦੀ ਅਖਾਣਾਂ ਮੁਹਾਵਰਿਆਂ ਵਿੱਚ ਵਰਤੋਂ ਨੂੰ ਸਮਝਦਿਆਂ ਸਮਕਾਲ ਵਿੱਚ ਉਸ ਦੀ ਅਰਥ ਵਿਗਿਆਨਕ ਪੁਣਛਾਣ ਕੀਤੀ ਹੈ। ਅਜਿਹਾ ਕਰਦਿਆਂ ਉਸ ਨੇ ਮੂਲ ਭਾਸ਼ਾ ਵਿੱਚ ਧਾਤੂ ਤੋਂ ਗੱਲ ਸ਼ੁਰੂ ਕਰਕੇ ਉਸ ਦੀ ਸਾਰੀ ਯਾਤਰਾ ਨੂੰ ਬਿਆਨਦਿਆਂ ਅੱਜ ਤੱਕ ਦੀ ਅਰਥ ਯਾਤਰਾ ਸਪਸ਼ਟ ਕੀਤੀ ਹੈ। ਇਸ ਲਈ ਉਸ ਨੇ ਮੋਨੀਅਰ ਵਿਲੀਅਮ, ਮਹਾਨ ਕੋਸ਼, ਪੰਜਾਬੀ ਪੰਜਾਬੀ ਕੋਸ਼, ਪੰਜਾਬੀ ਫਾਰਸੀ ਕੋਸ਼ ਆਦਿ ਵਰਤੇ ਹਨ ਅਤੇ ਇਨ੍ਹਾਂ ਸਾਰੇ ਕੋਸ਼ਾਂ ਦੀ ਅੰਤ ਵਿੱਚ ਸੂਚੀ ਵੀ ਦਿੱਤੀ ਹੈ। ਇਸ ਪੁਸਤਕ ਵਿੱਚ ਵਰਤੀ ਗਈ ਵਿਧੀ ਅੰਤਰ-ਅਨੁਸ਼ਾਸਨੀ ਹੈ। ਇਹ ਭਾਸ਼ਾ ਵਿਗਿਆਨ ਦੀਆਂ ਕਈ ਸ਼ਾਖਾਵਾਂ ਜਿਵੇਂ ਇਤਿਹਾਸਕ ਭਾਸ਼ਾ ਵਿਗਿਆਨ, ਅਰਥ ਵਿਗਿਆਨ ਦੇ ਨਾਲ-ਨਾਲ ਕੋਸ਼ਕਾਰੀ, ਆਮ ਇਤਿਹਾਸ ਅਤੇ ਸੱਭਿਆਚਾਰਕ ਅਧਿਐਨ ਨੂੰ ਨਾਲ ਲੈ ਕੇ ਚਲਦੀ ਹੈ। ਸ਼ਬਦਾਂ ਦੇ ਆਧਾਰ ’ਤੇ ਕੱਢੇ ਸਿੱਟੇ ਬੜੇ ਦਿਲਚਸਪ ਹਨ। ਕੋਈ ਵੀ ਭਾਸ਼ਾ ਸ਼ੁੱਧ ਨਹੀਂ ਹੁੰਦੀ। ਹਰ ਭਾਸ਼ਾ ਹੋਰ ਭਾਸ਼ਾਵਾਂ ਤੋਂ ਸ਼ਬਦ ਲੈਂਦੀ ਵੀ ਹੈ ਅਤੇ ਦਿੰਦੀ ਵੀ ਹੈ। ਸ਼ਬਦ ਦਾ ਉਚਾਰਨ ਵੀ ਸਮੇਂ ਅਤੇ ਸਥਾਨ ਨਾਲ ਬਦਲ ਜਾਂਦਾ ਹੈ। ਇਸ ਦੇ ਅਰਥ ਵੀ ਕਈ ਵਾਰ ਤਾਂ ਵਿਸਥਾਰ ਕਰ ਜਾਂਦੇ ਹਨ ਤੇ ਕਈ ਵਾਰ ਸੰਕੋਚੇ ਜਾਂਦੇ ਹਨ। ਕਈ ਵਾਰ ਅਜਿਹਾ ਵੀ ਵਾਪਰਦਾ ਹੈ ਕਿ ਬਿਲਕੁਲ ਉਲਟ ਅਰਥ ਵੀ ਪ੍ਰਚਲਤ ਹੋ ਜਾਂਦੇ ਹਨ। ਸ਼ਬਦਾਂ ਦੀ ਇਸ ਯਾਤਰਾ ਵਿੱਚ ਸਾਹਿਤਕਾਰ ਅਤੇ ਕਲਾਕਾਰ ਤਾਂ ਹਿੱਸਾ ਪਾਉਂਦੇ ਹੀ ਹਨ, ਆਮ ਲੋਕ ਵੀ ਇਸ ਦੀ ਸਿਰਜਣਾ ਅਤੇ ਅਰਥ ਪਰਿਵਰਤਨ ਵਿੱਚ ਵੱਡੀ ਭੂਮਿਕਾ ਅਦਾ ਕਰਦੇ ਹਨ। ਦਾਲ ਵਿੱਚੋਂ ਦਾਣੇ ਵਜੋਂ ਥਾਣਾ ਸ਼ਬਦ ਦੀ ਵਿਆਖਿਆ ਦੇਖੋ।
“ਥਾਣਾ/ਠਾਣਾ - ਨਿਰੁਕਤ ਕੋਸ਼ ਅਨੁਸਾਰ - ਠਾਣ-ਥਾਂ, ਪ੍ਰਾ. ਥਾਣ, ਜਗ੍ਹਾ; ਠਾਣਾ - ਪੁਲਿਸ ਸਟੇਸ਼ਨ, ਠਹਿਰਣ ਦੀ ਜਗ੍ਹਾ - ‘ਨਿਹਚਲੁ ਤਿਨ ਕਾ ਠਾਣਾ (ਮਾਰੂ ਮ: ੫); ਠਾਉ ਸਥਾਨ, ਜਗ੍ਹਾ - ‘ਸੰਤ ਕੇ ਦੋਖੀ ਕਉ ਨਾਹੀ ਠਾਉ।’ ਸਿੰਧੀ - ਠਾਇ - ਥਾਨ ਦਾ ਵਿਕਸਤ ਰੂਪ। ਠਾਣਨਾ, ਠਾਣ, ਠੀਆ ਏਸੇ ਦੇ ਰੂਪ ਹਨ, ਜੋ ਸਥਾਨ ਵਾਚਕ ਹਨ। ਮਹਾਨ ਕੋਸ਼ ਅਨੁਥਾਰ - ਸੰਗਿ, ਠਹਿਰਣ ਦਾ ਸਥਾਨ; ਪੋਲੀਸ ਦੀ ਚੌਕੀ, ਥਾਣਾ; ਠਾਣੀ, ਠਾਣੇਦਾਰ - ਪੁਲਿਸ ਥਾਣੇ ਦਾ ਸਰਦਾਰ। ਪੰਜਾਬੀ ਕੋਸ਼ ਵਿੱਚ ਵੀ ਇਹੋ ਜਿਹੇ ਅਰਥ ਦਿੱਤੇ ਗਏ ਹਨ, ਭਾਵ ਅਸਥਾਨ, ਥਾਂ, ਪੁਲਿਸ ਦੀ ਵੱਡੀ ਚੌਕੀ, ਉਹ ਥਾਂ ਜਿੱਥੇ ਅਪਰਾਧਾਂ ਦੀ ਸੂਚਨਾ ਦਿੱਤੀ ਜਾਂਦੀ ਹੈ। ਇਸ ਨਾਲ ਅਨੇਕਾਂ ਹੋਰ ਸ਼ਬਦ ਤੇ ਮੁਹਾਵਰੇ ਜੁੜੇ ਹੋਏ ਹਨ - ਥਾਣਾ ਚੜ੍ਹ ਆਉਣਾ - ਕਿਸੇ ਦੀ ਗ੍ਰਿਫ਼ਤਾਰੀ ਜਾਂ ਤਫ਼ਤੀਸ਼ ਲਈ ਪੁਲਿਸ ਦਾ ਆਉਣਾ; ਥਾਣਾ ਚੜ੍ਹਾਉਣਾ - ਗ੍ਰਿਫ਼ਤਾਰੀ ਜਾਂ ਤਫ਼ਤੀਸ਼; ਥਾਣਾਪਤੀ - ਥਾਣੇਦਾਰ, ਮੁਨਸਫ਼; ਥਾਣਾ ਬਿਠਾਉਣਾ - ਕਿਸੇ ਜਗ੍ਹਾ ਦੀ ਨਿਗਰਾਨੀ ਲਈ ਪੁਲਿਸ ਦਾ ਪਹਿਰਾ ਲਾਉਣਾ ਜਾਂ ਚੌਕੀ ਬਿਠਾਉਣਾ; ਥਾਣਾ ਬੈਠਣਾ - ਤਫ਼ਤੀਸ਼ ਕਰਨੀ; ਥਾਣੇ ਚੜ੍ਹਣਾ - ਕਿਸੇ ਵਿਰੁੱਧ ਸੂਚਨਾ ਜਾਂ ਇਤਲਾਹ ਦੇਣੀ; ਥਾਣੇ ਥਾਣੇ ਮੀਰ ਹੋ ਬੈਠਣਾ - ਮਾਲਕ ਬਣਨਾ, ਆਕੀ ਹੋਣਾ; ਖੋਤੀ ਥਾਣਿਓਂ ਹੋ ਆਈ - ਜਦੋਂ ਕੋਈ ਹੋਛਾ ਬੰਦਾ ਵੱਡੇ ਬੰਦੇ ਨੂੰ ਮਿਲ ਕੇ ਆਕੜਿਆ ਫਿਰੇ; ਥਾਣੇਦਾਰ - ਥਾਣੇ ਦਾ ਅਫ਼ਸਰ, ਖੋਤਾ; ਥਾਣੇਦਾਰ ਦਾ ਸਾਲਾ/ਸਾਲੀ - ਸ਼ੇਖ਼ੀਆਂ ਮਾਰਨ ਵਾਲੇ ਬੰਦੇ ਜਾਂ ਔਰਤ ਲਈ ਕਿਹਾ ਜਾਂਦਾ ਹੈ। ਥਾਣੇਦਾਰਨੀ - ਥਾਣੇਦਾਰ ਦੀ ਪਤਨੀ; ਥਾਣੇਦਾਰੀ ਥਾਣੇਦਾਰ ਦਾ ਅਹੁਦਾ, ਥਾਣੇਦਾਰ ਦਾ ਕੰਮ, ਆਕੜ, ਰੋਹਬ; ਥਾਣੇਦਾਰੀ ਘੋਟਨਾ ਰੋਹਬ ਛਾਂਟਣਾ, ਆਕੜ ਵਿਖਾਉਣਾ। ਥਾਣੇ ਦੇ ਉਲਟ ਠਾਣਾ ਸ਼ਬਦ ਵੀ ਵਰਤਿਆ ਜਾਂਦਾ ਹੈ।’’
ਪੁਸਤਕ ਵਿੱਚ 130 ਸ਼ਬਦ ਲਏ ਗਏ ਹਨ ਪਰ ਇਹ ਸ਼ਬਦ ਹੀ ਕਿਉਂ ਚੁਣੇ ਇਸ ਬਾਰੇ ਲੇਖਕ ਨੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ। ਆਮ ਤੌਰ ’ਤੇ ਲੇਖਕ ਨੇ ਵਿਉਂਤਪਤੀ ਦਿੱਤੀ ਹੈ, ਮੂਲ ਧਾਤੂ ਦੱਸਿਆ ਹੈ, ਇਤਿਹਾਸਕ ਤੌਰ ’ਤੇ ਅਰਥ ਪਰਿਵਰਤਨ ਦੇ ਕਾਰਨਾਂ ਦੀ ਨਿਸ਼ਾਨਦੇਹੀ ਕੀਤੀ ਹੈ, ਸਜਾਤੀ ਸ਼ਬਦਾਂ ਨੂੰ ਬਰਾਬਰ ਰੱਖ ਕੇ ਸਮਝਾਇਆ ਹੈ ਅਤੇ ਅਖਾਣਾਂ ਮੁਹਾਵਰਿਆਂ ਰਾਹੀਂ ਸੱਭਿਆਚਾਰਕ ਪ੍ਰਸੰਗ ਵਿੱਚ ਵੀ ਅਰਥ ਸਪਸ਼ਟ ਕੀਤੇ ਹਨ। ਹਰ ਇੰਦਰਾਜ਼ ਦੇ ਅੱਗੇ ਕੋਈ ਪੱਕੇ ਪੀਡੇ ਭਾਗ ਜਾਂ ਉਪਭਾਗ ਨਹੀਂ ਬਣਾਏ ਸਗੋਂ ਮਨ ਦੀ ਮੌਜ ਵਿੱਚ ਹੀ ਕਾਰਜ ਕੀਤਾ ਗਿਆ ਹੈ। ਇਸੇ ਕਾਰਨ ਕਿਸੇ ਸ਼ਬਦ ਦੀ ਵਿਆਖਿਆ ਵਧੇਰੇ ਅਤੇ ਕਿਸੇ ਦੀ ਸੀਮਤ ਹੈ। ਇੰਜ ਜਾਪਦਾ ਹੈ ਕਿ ਲੇਖਕ ਨੇ ਇਹ ਕੰਮ ਆਪਣੀ ਜਗਿਆਸਾਵੱਸ ਕੀਤਾ ਹੈ ਅਤੇ ਪਾਠਕਾਂ ਦੀ ਦਿਲਚਸਪੀ ਲਈ ਸਾਂਝਾ ਕਰ ਦਿੱਤਾ ਹੈ। ਇਸ ਦੀ ਕੋਈ ਸੋਚੀ ਸਮਝੀ ਵਿਉਂਤਬੰਦੀ ਨਹੀਂ ਹੈ। ਲੇਖਕ ਨੇ ਸ਼ਬਦਾਂ ਦੇ ਜੋ ਅਰਥ ਦੱਸੇ ਹਨ ਜਾਂ ਅਰਥ ਪਰਿਵਰਤਨ ਦੀਆਂ ਦਿਸ਼ਾਵਾਂ ਦੱਸੀਆਂ ਹਨ, ਉਨ੍ਹਾਂ ਪਿੱਛੇ ਭਾਸ਼ਾ ਵਿਗਿਆਨ ਦੇ ਨਿਯਮ ਕਾਰਜਸ਼ੀਲ ਹਨ, ਕਿਤੇ ਧੁਨੀ ਪਰਿਵਰਤਨ ਹੈ, ਕਿਤੇ ਧੁਨੀ ਲੋਪ ਹੈ, ਕਿਤੇ ਅਰਥ ਪਰਿਵਰਤਨ ਲਈ ਇਤਿਹਾਸਕ ਘਟਨਾਵਾਂ ਜ਼ਿੰਮੇਵਾਰ ਹਨ। ਜੀ.ਐੱਸ. ਰਿਆਲ ਮੁਤਾਬਿਕ ਭਾਸ਼ਾ ਵਿਗਿਆਨ, ਵਿਗਿਆਨ ਹੈ ਇਹ ਕੋਈ ਤੁੱਕਾ ਨਹੀਂ ਹੈ, ਭਰਾਂਤੀ ਮੂਲਕ ਵਿਉਂਤਪਤੀ ਅਤੇ ਹਮਨਾਮੀ ਸ਼ਬਦਾਂ ਨੂੰ ਇੱਕੋ ਸਮਝਣ ਦੀ ਗ਼ਲਤੀ ਨਹੀਂ ਕਰਨੀ ਚਾਹੀਦੀ। ਲੇਖਕ ਨੂੰ ਇਨ੍ਹਾਂ ਦੀ ਸਮਝ ਹੈ, ਪਰ ਉਹ ਇਹ ਪਾਠਕਾਂ ਨੂੰ ਨਹੀਂ ਦੱਸਦਾ। ਇਸ ਨਾਲ ਪਾਠਕ ਵਾਧੂ ਦੇ ਸਿਧਾਂਤਕ ਬੋਝ ਤੋਂ ਤਾਂ ਮੁਕਤ ਹੋ ਜਾਂਦਾ ਹੈ, ਪਰ ਕੁਝ ਥਾਵਾਂ ’ਤੇ ਅਸਪੱਸ਼ਟਤਾ ਵੀ ਪੈਦਾ ਹੁੰਦੀ ਹੈ। ਚੰਗਾ ਹੁੰਦਾ ਜੇ ਲੇਖਕ ਘੱਟੋ ਘੱਟ ਇੱਕ ਵਾਰ ਨਿਯਮਾਂ ਦੀ ਵਿਆਖਿਆ ਵੀ ਕਰ ਦਿੰਦਾ।