ਹਾਵੜਾ ਹਸਪਤਾਲ ਵਿੱਚ ਲੈਬਾਰਟਰੀ ਟੈਕਨੀਸ਼ੀਅਨ ਵੱਲੋਂ 12 ਸਾਲਾ ਲੜਕੀ ਨਾਲ ਛੇੜਛਾੜ
ਹਾਵੜਾ, 1 ਸਤੰਬਰ
ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ਵਿੱਚ ਇਕ ਸਰਕਾਰੀ ਹਸਪਤਾਲ ’ਚ 12 ਸਾਲਾ ਲੜਕੀ ਨਾਲ ਕਥਿਤ ਛੇੜਛਾੜ ਦੇ ਮਾਮਲੇ ਵਿੱਚ ਇਕ ਲੈਬਾਰਟਰੀ ਟੈਕਨੀਸ਼ੀਅਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਸ਼ਨਿਚਰਵਾਰ ਸ਼ਾਮ ਨੂੰ ਹਾਵੜਾ ਜ਼ਿਲ੍ਹਾ ਹੈੱਡਕੁਆਰਟਰ ਹਪਸਤਾਲ ਵਿੱਚ ਵਾਪਰੀ ਜਿੱਥੇ ਲੜਕੀ ਨੂੰ ਪਿਛਲੇ ਹਫ਼ਤੇ ਭਰਤੀ ਕਰਵਾਇਆ ਗਿਆ ਸੀ।
ਲੜਕੀ ਦੇ ਪਰਿਵਾਰ ਦੇ ਇਕ ਮੈਂਬਰ ਨੇ ਦਾਅਵਾ ਕੀਤਾ ਕਿ ਉਹ ਲੈਬਾਰਟਰੀ ਤੋਂ ਰੋਂਦੀ ਹੋਈ ਬਾਹਰ ਆਈ ਕਿਉਂਕਿ ਮੁਲਜ਼ਮ ਨੇ ਉਸ ਨੂੰ ਅਣਉਚਿਤ ਢੰਗ ਨਾਲ ਛੂਹਿਆ ਸੀ ਅਤੇ ਧਮਕੀ ਦਿੱਤੀ ਸੀ ਕਿ ਜੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਇਸ ਸਬੰਧ ਵਿੱਚ ਇਕ ਅਧਿਕਾਰੀ ਨੇ ਕਿਹਾ ਕਿ ਲੈਬਾਰਟਰੀ ਸਹਾਇਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ। ਇਸ ਵਿਚਾਲੇ ਸੀਪੀਆਈ (ਐੱਮ) ਦੇ ਯੁਵਾ ਵਿੰਗ ਡੈਮੋਕਰੈਟਿਕ ਯੂਥ ਫੈਡਰੇਸ਼ਨ ਆਫ ਇੰਡੀਆ (ਡੀਵਾਈਐੱਫਆਈ) ਦੇ ਮੈਂਬਰਾਂ ਨੇ ਅੱਜ ਹਸਪਤਾਲ ਵਿੱਚ ਪ੍ਰਦਰਸ਼ਨ ਕੀਤਾ ਅਤੇ ਹਸਪਤਾਲ ਦੇ ਮੈਂਡੀਕਲ ਸੁਪਰਡੈਂਟ ਦੇ ਅਸਤੀਫੇ ਦੀ ਮੰਗ ਕੀਤੀ। -ਪੀਟੀਆਈ