ਬਠਿੰਡਾ ਵਿੱਚ 90 ਇਮੀਗ੍ਰੇਸ਼ਨ ਤੇ ਆਇਲਸ ਸੈਂਟਰ ਗੈਰਕਾਨੂੰਨੀ
ਪੱਤਰ ਪ੍ਰੇਰਕ
ਬਠਿੰਡਾ, 25 ਜੁਲਾਈ
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਇਮੀਗ੍ਰੇਸ਼ਨ ਕੰਸਲਟੈਂਸੀ/ਆਇਲਸ ਸੈਂਟਰਾਂ ਦੀ ਮਾਲ ਅਤੇ ਪੁਲੀਸ ਵਿਭਾਗ ਦੀਆਂ ਸਾਂਝੀਆਂ ਟੀਮਾਂ ਵੱਲੋਂ ਚੈਕਿੰਗ ਕੀਤੀ ਗਈ। ਪੜਤਾਲ ਦੌਰਾਨ ਜ਼ਿਲ੍ਹੇ ਭਰ ਵਿੱਚ 90 ਸੈਂਟਰ ਅਣ-ਅਧਿਕਾਰਿਤ ਤੌਰ ’ਤੇ ਚੱਲਦੇ ਪਾਏ ਗਏ, ਜਨਿ੍ਹਾਂ ਵਿੱਚੋਂ 74 ਸੈਂਟਰ ਬਨਿਾਂ ਲਾਇਸੈਂਸ ਅਤੇ 16 ਸੈਂਟਰਾਂ ਵੱਲੋਂ ਜ਼ਿਲ੍ਹਾ ਬਠਿੰਡਾ ਵਿੱਚ ਬਰਾਂਚ ਖੋਲ੍ਹਣ ਦੀ ਸੂਚਨਾ ਦਫ਼ਤਰ ਡਿਪਟੀ ਕਮਿਸ਼ਨਰ ਨੂੰ ਹੀ ਨਹੀਂ ਦਿੱਤੀ ਗਈ ਸੀ, ਗੈਰਕਾਨੂੰਨੀ ਪਾਏ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੈਂਟਰਾਂ ਖ਼ਿਲਾਫ਼ ਮਨੁੱਖੀ ਤਸਕਰੀ ਰੋਕਥਾਮ ਐਕਟ 2012 ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਰੂਲਜ਼ ਐਕਟ 2014 ਤਹਿਤ ਪੁਲੀਸ ਨੂੰ ਕਾਰਵਾਈ ਕਰਨ ਲਈ ਲਿਖਿਆ ਗਿਆ ਹੈ ਅਤੇ ਪੁਲੀਸ ਵਿਭਾਗ ਵੱਲੋਂ ਹੁਣ ਤੱਕ ਨਿਯਮਾਂ ਅਨੁਸਾਰ ਕਾਰਵਾਈ ਕਰਦਿਆਂ 5 ਸੈਂਟਰਾਂ ਦੇ ਖ਼ਿਲਾਫ਼ ਐੱਫ.ਆਈ.ਆਰ ਦਰਜ ਕੀਤੀ ਜਾ ਚੁੱਕੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹ ਚੈਕਿੰਗ ਚਲਦੀ ਰਹੇਗੀ।