ਲੁੱਟ-ਖੋਹ ਕਰਨ ਦੀ ਸਾਜਿਸ਼ ਘੜਦੇ 9 ਨੌਜਵਾਨ ਗ੍ਰਿਫ਼ਤਾਰ
ਬਲਵਿੰਦਰ ਸਿੰਘ ਹਾਲੀ
ਕੋਟਕਪੂਰਾ, 20 ਮਾਰਚ
ਕੋਟਕਪੂਰਾ ਪੁਲੀਸ ਨੇ ਥਾਣਾ ਸਿਟੀ ਅਤੇ ਸਦਰ ਅਧੀਨ ਕਾਰਵਾਈ ਕਰਦਿਆਂ 9 ਨੌਜਵਾਨਾਂ ਨੂੰ ਮਾਰੂ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਦਾਵਾ ਕੀਤਾ ਹੈ ਕਿ ਇਹ ਵੱਖ ਵੱਖ ਥਾਵਾਂ `ਤੇ ਲੁਕ ਕੇ ਬੈਠ ਹੋਏ ਸਨ ਅਤੇ ਲੁੱਟ-ਖੋਹ ਦੀ ਵਾਰਦਾਤ ਕਰਨ ਵਾਲੇ ਸਨ। ਇਨ੍ਹਾਂ ਸਾਰਿਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਡੀਐੱਸਪੀ ਜਤਿੰਦਰ ਸਿੰਘ ਨੇ ਦਿੱਤੀ। ਉਨ੍ਹਾਂ ਨਾਲ ਥਾਣਾ ਸਿਟੀ ਦੇ ਐੱਸਐੱਚਓ ਮਨੋਜ ਕੁਮਾਰ ਵੀ ਮੌਜੂਦ ਸਨ। ਡੀਐੱਸਪੀ ਜਤਿੰਦਰ ਸਿੰਘ ਨੇ ਦੱਸਿਆ ਕਿ ਇਲਾਕੇ ਵਿੱਚ ਲੁੱਟਾਂ-ਖੋਹਾਂ ਕਰਨ ਵਾਲਿਆਂ ’ਤੇ ਪੁਲੀਸ ਲਗਾਤਾਰ ਨਜ਼ਰ ਰੱਖ ਰਹੀ ਹੈ। ਇਸੇ ਤਹਿਤ ਥਾਣਾ ਸਿਟੀ ਦੇ ਏਐੱਸਆਈ ਸੁਖਦੇਵ ਸਿੰਘ ਅਤੇ ਥਾਣਾ ਸਦਰ ਦੇ ਏਐੱਸਆਈ ਜਗਸੀਰ ਸਿੰਘ ਨੂੰ ਸੂਚਨਾ ਮਿਲੀ ਕਿ ਲੱਕੜ ਮੰਡੀ ਕੋਟਕਪੂਰਾ ਵਿੱਚ ਵਿਰਾਨ ਪਈ ਥਾਂ ਅਤੇ ਪੰਜਗਰਾਈਂ ਤੋਂ ਸੀਵੀਆਂ ਲਿੰਕ ਸੜਕ ’ਤੇ ਕੁਝ ਨੌਜਵਾਨ ਮਾਰੂ ਹਥਿਆਰਾਂ ਸਮੇਤ ਲੁਕ ਕੇ ਬੈਠੇ ਹੋਏ ਹਨ। ਉਨ੍ਹਾਂ ਦੱਸਿਆ ਕਿ ਮੁਖਬਰ ਦੀ ਸੂਚਨਾ ਅਨੁਸਾਰ ਇਹ ਸਾਰੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਪੁਲੀਸ ਨੇ ਛਾਪਾ ਮਾਰ ਕੇ ਮੁਲਜ਼ਮ ਪ੍ਰਭਜੋਤ ਸਿੰਘ, ਸੁਖਮਨਦੀਪ ਸਿੰਘ ਮਨੀ, ਅਜੇ ਕੁਮਾਰ, ਸ਼ੁਭਮ ਮਹਿਰਾ, ਜਤਿੰਦਰ ਸਿੰਘ ਲਵਲੀ, ਰਣਜੀਤ ਸਿੰਘ ਬਾਜ, ਗੋਵਿੰਦਾ, ਜਗਤਾਰ ਸਿੰਘ ਸ਼ੰਟੀ ਅਤੇ ਗੁਰਪਿੰਦਰ ਸਿੰਘ ਮੰਮਣੀ ਨੁੰ ਗ੍ਰਿਫਤਾਰ ਕਰ ਲਿਆ। ਡੀਐੱਸਪੀ ਨੇ ਦੱਸਿਆ ਕਿ ਇਨ੍ਹਾਂ ਕੋਲੋਂ 2 ਕਿਰਪਾਨਾਂ, ਦੋ ਕਾਪੇ, ਕੁਹਾੜੀ, ਟੋਕੀ, ਰਾਡ ਅਤੇ ਕਈ ਹੋਰ ਹਥਿਆਰ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਕੁਝ ਨੌਜਵਾਨ ਨਸ਼ਾ ਕਰਨ ਅਤੇ ਵੇਚਣ ਦੇ ਵੀ ਆਦੀ ਹਨ।