ਜਲੰਧਰ ਵਿੱਚ ਕਰੋਨਾ ਨਾਲ 9 ਮੌਤਾਂ, 105 ਨਵੇਂ ਕੇਸ
ਪਾਲ ਸਿੰਘ ਨੌਲੀ
ਜਲੰਧਰ, 22 ਅਗਸਤ
ਜ਼ਿਲ੍ਹੇ ਵਿੱਚ ਕਰੋਨਾ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਜ਼ਿਲ੍ਹੇ ਵਿੱਚ ਅੱਜ ਕਰੋਨਾ ਪੀੜਤ 9 ਜਣਿਆਂ ਦੀ ਮੌਤ ਹੋ ਗਈ ਤੇ 105 ਨਵੇਂ ਕੇਸ ਸਾਹਮਣੇ ਆਏ ਹਨ। ਜ਼ਿਲ੍ਹੇ ਵਿੱਚ ਹੁਣ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 5175 ਹੋ ਗਈ ਹੈ, ਜਦ ਕਿ ਹੁਣ ਤਕ 131 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕਰਤਾਰਪੁਰ(ਪੱਤਰ ਪ੍ਰੇਰਕ): ਕਰਤਾਰਪੁਰ ਵਿੱਚ ਅੱਜ ਦੋ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਗਈ। ਸੀਐੱਚਸੀ ਕਰਤਾਰਪੁਰ ਵਿੱਚ ਤਾਇਨਾਤ ਵਿਨੋਦ ਕੁਮਾਰ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਭਰਤੀ ਕਰਵਾਇਆ ਗਿਆ ਸੀ ਜਿਥੇ ਬੀਤੀ ਰਾਤ ਉਸ ਦੀ ਮੌਤ ਹੋ ਗਈ। ਇਸੇ ਤਰ੍ਹਾਂ ਹਰਜੀਤ ਸਿੰਘ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਉਪਰੰਤ ਉਸ ਨੂੰ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਉਸ ਦੀ ਅੱਜ ਤੜਕੇ ਮੌਤ ਹੋ ਗਈ।
ਸਾਬਕਾ ਸੀਐਮ ਹਾਊਸ ਦੇ ਪੰਜ ਮੁਲਾਜ਼ਮਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ
ਲੰਬੀ(ਇਕਬਾਲ ਸਿੰਘ ਸ਼ਾਂਤ): ਕਰੋਨਾ ਲਾਗ ਦੇ ਕਲਾਵੇ ਹੇਠ ਅੱਜ ਪਿੰਡ ਬਾਦਲ ਵਿਚੋਂ ਛੇ ਜਣੇ ਹੋਰ ਆ ਗਏ। ਇਨ੍ਹਾਂ ਵਿੱਚੋਂ ਪੰਜ ਜਣੇ ਸਾਬਕਾ ਸੀ.ਐਮ. ਹਾਊਸ ਬਾਦਲ ਵਿਖੇ ਤਾਇਨਾਤ ਸਨ। ਪੀੜਤ ਪਾਏ ਗਏ ਮੁਲਾਜ਼ਮਾਂ ਵਿੱਚੋਂ ਤਿੰਨ ਪੰਜਾਬ ਪੁਲੀਸ ਮੁਲਾਜਮ, ਇੱਕ ਸੀ.ਆਈ.ਐਸ.ਐਫ਼ ਮੁਲਾਜ਼ਮ ਅਤੇ ਇੱਕ ਟੈਲੀਫੋਨ ਆਪੇੇ੍ਰਟਰ ਸ਼ਾਮਲ ਹੈ। ਇਸਦੇ ਨਾਲ ਹੀ ਮੰਡੀ ਕਿੱਲਿਆਂਵਾਲੀ ਦੇ ਦਸਮੇਸ਼ ਨਗਰ ਦੀ ਇੱਕ 55 ਸਾਲਾ ਔਰਤ ਵੀ ਕਰੋਨਾ ਪਾਜ਼ੇਟਿਵ ਪਾਈ ਗਈ ਹੈ। ਅੱਜ ਜ਼ਿਲ੍ਹਾ ਸ੍ਰੀ ਮੁਕਸਤਰ ਸਾਹਿਬ ’ਚ ਕਰੋਨਾ ਦੇ 60 ਨਵੇਂ ਕੇਸ ਸਾਹਮਣੇ ਆਏ ਹਨ।
ਬੁਖਾਰ ਤੋਂ ਪੀੜਤ ਏ.ਐਸ.ਆਈ ਦੀ ਮੌਤ, ਕਰੋਨਾ ਦਾ ਸ਼ੱਕ
ਇਥੋਂ ਦੇ ਪਿੰਡ ਬੁਰਜ ਸਿੰਧਵਾਂ ਵਿੱਚ ਪੰਜਾਬ ਪੁਲੀਸ ਦੇ ਏ.ਐਸ.ਆਈ. ਪਰਮਵੀਰ ਸਿੰਘ ਦੀ ਮੌਤ ਹੋ ਗਈ। ਉਹ ਪਿਛਲੇ ਤਿੰਨ ਚਾਰ ਦਨਿਾਂ ਤੋਂ ਬੁਖਾਰ ਤੋਂ ਪੀੜਤ ਸੀ। ਪਰਮਵੀਰ ਸਿੰਘ ਨੂੰ ਅੱਜ ਸਵੇਰੇ ਸਾਹ ਲੈਣ ਵਿੱਚ ਦਿੱਕਤ ਆ ਰਹੀ ਸੀ। ਪਰਿਵਾਰਕ ਮੈਂਬਰ ਉਸਨੂੰ ਮਲੋਟ ਦੇ ਨਿੱਜੀ ਹਸਪਤਾਲ ਵਿੱਚ ਲੈ ਗਏ। ਜਿੱਥੇ ਡਾਕਟਰਾਂ ਨੇ ਉਸਨੂੰ ਮਿ੍ਤਕ ਐਲਾਨ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਉਸਦੀ ਮੌਤ ਕਰੋਨਾ ਦੀ ਲਾਗ ਕਾਰਨ ਹੋਈ ਹੈ। ਮਰਹੂਮ ਏ.ਐਸ.ਆਈ. ਦੀ ਲਾਸ਼ ਸਰਕਾਰੀ ਹਸਪਤਾਲ ਮਲੋਟ ਵਿਖੇ ਰੱਖੀ ਗਈ ਹੈ, ਜਿੱਥੇ ਉਸਦਾ ਕਰੋਨਾ ਸੈਂਪਲ ਲਿਆ ਜਾਵੇਗਾ।