9ਵੀਂ ਤੋਂ 12ਵੀਂ ਤੱਕ ਬਗੈਰ ਫੀਸ ਨਹੀਂ ਪੜ੍ਹਾਉਣਗੇ ਨਿੱਜੀ ਸਕੂਲ ਸੰਚਾਲਕ
ਜੀਂਦ (ਮਹਾਂਵੀਰ ਮਿੱਤਲ) : ਪ੍ਰਾਈਵੇਟ ਸਕੂਲ ਵੈੱਲਫੇਅਰ ਐਸੋਸੀਏਸ਼ਨ ਦੀ ਸੂਬਾਈ ਕਾਰਜਕਾਰਨੀ ਵੱਲੋਂ ਅੱਜ ਇਥੇ ਪ੍ਰਧਾਨ ਰਾਮ ਅਵਤਾਰ ਸ਼ਰਮਾ ਦੀ ਅਗਵਾਈ ਹੇਠ ਕੀਤੀ ਗਈ ਮੀਟਿੰਗ ਵਿੱਚ ਫ਼ੈਸਲਾ ਲਿਆ ਗਿਆ ਹੈ ਕਿ ਜਦੋਂ ਤੱਕ ਸਰਕਾਰ 134-ਏ ਤਹਿਤ ਪੜ੍ਹਨ ਵਾਲੇ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਦੀ ਸਕੂਲ ਨੂੰ ਫੀਸ ਨਹੀਂ ਦਿੰਦੀ, ਉਦੋਂ ਤੱਕ ਸਕੂਲ ਸੰਚਾਲਕ ਕਿਸੇ ਬੱਚੇ ਨੂੰ ਨਹੀਂ ਪੜ੍ਹਾਉਣਗੇ। ਮੀਟਿੰਗ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਰਾਮ ਅਵਤਾਰ ਸ਼ਰਮਾ ਨੇ ਦੱਸਿਆ ਕਿ ਅਜਿਹੇ ਬੱਚਿਆਂ ਦੀ ਫੀਸ ਸਰਕਾਰ ਨੇ ਭਰਨੀ ਹੁੰਦੀ ਹੈ ਅਤੇ ਜੇਕਰ ਇਹ ਫੀਸ ਸਰਕਾਰ ਨਹੀਂ ਦੇਵੇਗੀ ਤਾਂ ਉਹ ਬੱਚਿਆਂ ਦੇ ਮਾਪਿਆਂ ਤੋਂ ਵਸੂਲਣਗੇ। ਉਨ੍ਹਾਂ ਕਿਹਾ ਕਿ ਜੋ ਮਾਪੇ ਫੀਸ ਨਹੀਂ ਭਰਨਗੇ ਉਨ੍ਹਾਂ ਦੇ ਬੱਚਿਆਂ ਦੇ ਨਾਮ ਕੱਟ ਕੇ ਐੱਸਐੱਲਸੀ ਦੇ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਿੱਖਿਆ ਵਿਭਾਗ ਵੱਲੋਂ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਐਸੋਸੀਏਸ਼ਨ ਵੱਲੋਂ ਇਸ ਦੀ ਜਵਾਬੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਹਿਲੀ ਤੋਂ ਅੱਠਵੀਂ ਤੱਕ ਦੇ ਬੱਚਿਆਂ ਨੂੰ ਨਿੱਜੀ ਸਕੂਲਾਂ ਵਿੱਚ ਪੜ੍ਹਾਉਣ ਦੀ ਮੁਹਿੰਮ ਤਹਿਤ ਹੁਦ ਤੱਕ ਨਿੱਜੀ ਸਕੂਲਾਂ ਦਾ ਲਗਪਗ 70 ਕਰੋੜ ਦਾ ਬਕਾਇਆ ਪਿਛਲੇ ਨੌਂ ਸਾਲਾਂ ਤੋਂ ਸਰਕਾਰ ਵੱਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਹਰ ਵਾਰ ਅਦਾਇਗੀ ਦਾ ਵਾਅਦਾ ਕਰਦੇ ਹਨ, ਪਰ ਹਾਲੇ ਤੱਕ ਇਹ ਅਦਾਇਗੀ ਨਹੀਂ ਕੀਤੀ ਗਈ।