’84 ਸਿੱਖ ਵਿਰੋਧੀ ਦੰਗੇ: ਸੁਪਰੀਮ ਕੋਰਟ ਸੱਜਣ ਕੁਮਾਰ ਤੇ ਬਲਵਾਨ ਖੋਖਰ ਦੀਆਂ ਪਟੀਸ਼ਨਾਂ ’ਤੇ ਜੁਲਾਈ ’ਚ ਕਰੇਗੀ ਸੁਣਵਾਈ
ਨਵੀਂ ਦਿੱਲੀ, 6 ਜਨਵਰੀ
ਸੁਪਰੀਮ ਕੋਰਟ 1984 ਦੇ ਸਿੱਖ ਵਿਰੋਧੀ ਦੰਗਾਂ ਕੇਸਾਂ ਵਿਚ ਸੁਣਾਈਆਂ ਸਜ਼ਾਵਾਂ ਖਿਲਾਫ਼ ਸਾਬਕਾ ਕਾਂਗਰਸ ਆਗੂ ਸੱਜਣ ਕੁਮਾਰ ਤੇ ਪਾਰਟੀ ਦੇ ਸਾਬਕਾ ਕੌਂਸਲਰ ਬਲਵਾਨ ਖੋਖਰ ਵੱਲੋਂ ਦਾਇਰ ਪਟੀਸ਼ਨਾਂ ’ਤੇ ਜੁਲਾਈ ਵਿਚ ਸੁਣਵਾਈ ਕਰੇਗੀ। ਜਸਟਿਸ ਜੇਕੇ ਮਹੇਸ਼ਵਰੀ ਤੇ ਜਸਟਿਸ ਅਰਵਿੰਦ ਕੁਮਾਰ ਦੇੇ ਬੈਂਚ ਨੇ ਸਪਸ਼ਟ ਕੀਤਾ ਕਿ ਜੇ ਅੰਤਿਮ ਸੁਣਵਾਈ ਮਿੱਥੇ ਮੁਤਾਬਕ ਨਹੀਂ ਹੁੰਦੀ ਤਾਂ ਪਟੀਸ਼ਨਰਾਂ ਨੂੰ ਆਪਣੀਆਂ ਸਜ਼ਾਵਾਂ ਮੁਅੱਤਲ ਕਰਵਾਉਣ ਸਬੰਧੀ ਕੋਰਟ ਵਿਚ ਅਪੀਲ ਦਾਖ਼ਲ ਕਰਨ ਦੀ ਖੁੱਲ੍ਹ ਰਹੇਗੀ। ਉੁਂਝ ਸਿਖਰਲੀ ਕੋਰਟ ਨੇ ਟਰਾਇਲ ਕੋਰਟ ਤੋਂ ਰਿਕਾਰਡ ਤਲਬ ਕੀਤਾ ਹੈ, ਜੋ ਅੱਗੇ ਸਾਰੀਆਂ ਸਬੰਧਤ ਧਿਰਾਂ ਨੂੰ ਦਿੱਤਾ ਜਾਵੇਗਾ।
ਸੁਪਰੀਮ ਕੋਰਟ ਨੇ ਜੁਲਾਈ 2024 ਵਿਚ ਖੋਖਰ ਦੀ ਰਾਹਤ ਵਾਲੀ ਅਪੀਲ ਉੱਤੇ ਸੀਬੀਆਈ ਤੋਂ ਜਵਾਬ ਮੰਗਿਆ ਸੀ। ਦਿੱਲੀ ਹਾਈ ਕੋਰਟ ਨੇ 2018 ਵਿਚ ਖੋਖਰ ਦੀ ਉਮਰ ਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ ਜਦੋਂਕਿ ਟਰਾਇਲ ਕੋਰਟ ਵੱਲੋਂ 2013 ਵਿਚ ਕੁਮਾਰ ਨੂੰ ਬਰੀ ਕਰਨ ਦੇ ਫੈਸਲੇ ਨੂੰ ਪਲਟ ਦਿੱਤਾ ਸੀ। ਸੱਜਣ ਕੁਮਾਰ ਉੱਤੇ 1-2 ਨਵੰਬਰ 1984 ਨੂੰ ਦੱਖਣੀ ਪੱਛਮੀ ਦਿੱਲੀ ਦੀ ਪਾਲਮ ਕਲੋਨੀ ਦੇ ਰਾਜ ਨਗਰ ਪਾਰਟ 1 ਇਲਾਕੇ ਵਿਚ ਪੰਜ ਸਿੱਖਾਂ ਦੀ ਹੱਤਿਆ ਤੇ ਰਾਜ ਨਗਰ ਪਾਰਟ 2 ਵਿਚ ਗੁਰਦੁਆਰੇ ਨੂੰ ਅੱਗ ਲਾਉਣ ਦਾ ਦੋਸ਼ ਸੀ। ਖੋਖਰ ਨੇ ਆਪਣੀ ਪਟੀਸ਼ਨ ਵਿਚ ਦਾਅਵਾ ਕੀਤਾ ਸੀ ਕਿ ਜੇਲ੍ਹ ਅਥਾਰਿਟੀਜ਼ ਨੇ 26 ਸਤੰਬਰ 2024 ਨੂੰ ਉਸ ਦੀ ਪਟੀਸ਼ਨ ਇਹ ਕਹਿੰਦਿਆਂ ਰੱਦ ਕਰ ਦਿੱਤੀ ਕਿ ਉਸ ਦੀ ਰਿਹਾਈ ਨਾਲ ਸਮਾਜ ਦੀ ਅਮਨ ਸ਼ਾਂਤੀ ਭੰਗ ਹੋ ਸਕਦੀ ਹੈ। -ਪੀਟੀਆਈ