‘ਲਾਟਰੀ ਕਿੰਗ’ ਮਾਰਟਿਨ ਦੇ ਦਫ਼ਤਰ ’ਚੋਂ 8.8 ਕਰੋੜ ਰੁਪਏ ਜ਼ਬਤ
ਚੇਨੱਈ:
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਚੇਨੱਈ ਅਧਾਰਿਤ ‘ਲਾਟਰੀ ਕਿੰਗ’ ਸਾਂਤਿਆਗੋ ਮਾਰਟਿਨ ਖ਼ਿਲਾਫ਼ ਮਨੀ ਲਾਂਡਰਿੰਗ ਕੇਸ ਤਹਿਤ ਛਾਪਿਆਂ ਦੌਰਾਨ ਅੱਜ 8.8 ਕਰੋੜ ਰੁਪਏ ਜ਼ਬਤ ਕੀਤੇ ਹਨ। ਮਾਰਟਿਨ ਨੇ ਚੋਣ ਬਾਂਡ ਸਕੀਮ (ਜਿਹੜੀ ਹੁਣ ਕੀਤੀ ਜਾ ਚੁੱਕੀ ਹੈ) ਤਹਿਤ ਰਾਜਸੀ ਪਾਰਟੀਆਂ ਨੂੰ 1,300 ਕਰੋੜ ਰੁਪਏ ਚੰਦਾ ਦਿੱਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮਾਰਟਿਨ ਤੇ ਉਸ ਦੇ ਸਹਿਯੋਗੀਆਂ ਨਾਲ ਸਬੰਧਤ ਚੇਨੱਈ, ਕੋਇੰਬਟੂਰ, ਫਰੀਦਾਬਾਦ, ਲੁਧਿਆਣਾ ਅਤੇ ਕੋਲਕਾਤਾ ’ਚ ਘੱਟੋ-ਘੱਟ 20 ਟਿਕਾਣਿਆਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਮੁਤਾਬਕ ਵੀਰਵਾਰ ਤੋਂ ਕਈ ਸੂਬਿਆਂ ’ਚ ਸ਼ੁਰੂ ਹੋਈ ਤਲਾਸ਼ੀ ਮੁਹਿੰਮ ਅੱਜ ਵੀ ਜਾਰੀ ਰਹੀ ਤੇ ਅੱਜ ਮਾਰਟਿਨ ਦੇ ਵਪਾਰਕ ਦਫਤਰ ਵਿੱਚੋਂ 8.8 ਕਰੋੜ ਰੁਪਏ ਜ਼ਬਤ ਕੀਤੇ ਗਏ ਹਨ। ਨਕਦੀ ਵਿੱਚ ਜ਼ਿਆਦਾਤਰ ਨੋਟ 500 ਰੁਪਏ ਮੁੱਲ ਦੇ ਹਨ। ਦਫ਼ਤਰ ਦੇ ਟਿਕਾਣੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਹ ਕਾਰਵਾਈ ਮਦਰਾਸ ਹਾਈ ਕੋਰਟ ਵੱਲੋਂ ਹਾਲ ਹੀ ’ਚ ਈਡੀ ਨੂੰ ਮਾਰਟਿਨ ਖ਼ਿਲਾਫ਼ ਕਾਰਵਾਈ ਦੀ ਆਗਿਆ ਦਿੱਤੇ ਜਾਣ ਮਗਰੋਂ ਕੀਤੀ ਗਈ ਹੈ। -ਪੀਟੀਆਈ