ਮੁਹਾਲੀ ਜ਼ਿਲ੍ਹੇ ’ਚ 266 ਪੰਚਾਇਤਾਂ ਲਈ 77 ਫ਼ੀਸਦੀ ਮਤਦਾਨ
ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 15 ਅਕਤੂਬਰ
ਪੰਚਾਇਤ ਚੋਣਾਂ ਦੇ ਦੇਰ ਸ਼ਾਮ ਜਿਵੇਂ ਹੀ ਨਤੀਜੇ ਆਉਣੇ ਸ਼ੁਰੂ ਹੋਏ ਤਾਂ ਜ਼ਿਆਦਾਤਰ ਨਵੇਂ ਬਣੇ ਸਰਪੰਚਾਂ ਅਤੇ ਪੂਰੀ ਪੰਚਾਇਤ ਨਾਲ ‘ਆਪ’ ਦਾ ਪੱਲਾ ਫੜਦਿਆਂ ਕੁਲਵੰਤ ਸਿੰਘ ਨੂੰ ਫੋਨ ’ਤੇ ਕਿਹਾ ‘‘ਸਰ ਆਪਾਂ ਚੋਣ ਜਿੱਤ ਗਏ’’। ਕੁਲਵੰਤ ਸਿੰਘ ਨੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੀ ਹੌਸਲਾ-ਅਫਜਾਈ ਕੀਤੀ ਅਤੇ ਧੰਨਵਾਦੀ ਸ਼ਬਦ ਆਖੇ। ਸੈਕਟਰ-79 ਸਥਿਤ ‘ਆਪ’ ਦੇ ਦਫ਼ਤਰ ਵਿੱਚ ਵਿਆਹ ਵਰਗਾ ਮਾਹੌਲ ਸੀ। ਡੀਸੀ ਅਸ਼ਿਕਾ ਜੈਨ ਨੇ ਦੱਸਿਆ ਕਿ ਮੁਹਾਲੀ ਵਿੱਚ ਜ਼ਿਲ੍ਹੇ ’ਚ 76.93 ਫ਼ੀਸਦੀ ਵੋਟਾਂ ਪਈਆਂ ਹਨ।
ਸਭ ਤੋਂ ਪਹਿਲਾਂ ਪਿੰਡ ਭਾਗੋਮਾਜਰਾ ਦੇ ਨਤੀਜੇ ਦੀ ਖ਼ਬਰ ਬਾਹਰ ਆਈ। ਇੱਥੇ ਸਰਪੰਚੀ ਦੇ ਉਮੀਦਵਾਰ ਨੌਜਵਾਨ ਆਗੂ ਗੁਰਜੰਟ ਸਿੰਘ ਪੂਨੀਆ ਨੇ 260 ਵੱਧ ਵੋਟਾਂ ਲੈ ਕੇ ਜਿੱਤ ਹਾਸਲ ਕੀਤੀ। ਉਸ ਨੂੰ 553 ਵੋਟਾਂ ਅਤੇ ਵਿਰੋਧੀ ਉਮੀਦਵਾਰ ਜਗਤਾਰ ਸਿੰਘ ਨੂੰ 303 ਵੋਟਾਂ ਪਈਆਂ। ਜਸਵੀਰ ਸਿੰਘ, ਦੀਦਾਰ ਸਿੰਘ, ਪਰਮਜੀਤ ਸਿੰਘ, ਭੁਪਿੰਦਰ ਸਿੰਘ, ਜਸਵਿੰਦਰ ਸਿੰਘ ਮਨਦੀਪ ਕੌਰ ਤੇ ਹਰਜਿੰਦਰ ਕੌਰ ਨੇ ਪੰਚੀ ਦੀ ਚੋਣ ਜਿੱਤੀ। ਇੰਜ ਹੀ ਝਿਊਰਹੇੜੀ ਵਿੱਚ ਸਲੋਚਨਾ ਸ਼ਰਮਾ ਪੰਜ ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤ ਗਈ। ਉਸ ਨੇ ਸੁਰਿੰਦਰਪਾਲ ਕੌਰ ਨੂੰ ਹਰਾਇਆ। ਚਰਨਜੀਤ ਸਿੰਘ ਪ੍ਰਿੰਸ, ਗੁਰਦੀਪ ਸਿੰਘ ਅਤੇ ਸੁਰਿੰਦਰ ਸਿੰਘ ਨੇ ਪੰਚ ਦੀ ਚੋਣ ਜਿੱਤੀ ਜਦੋਂਕਿ ਦੋ ਮਹਿਲਾ ਪੰਚ ਸੁਰਿੰਦਰ ਕੌਰ ਅਤੇ ਜਸਵਿੰਦਰ ਕੌਰ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ ਸੀ। ਪਿੰਡ ਬਲੌਂਗੀ ਵਿੱਚ ਸਤਨਾਮ ਸਿੰਘ ਮਾਨ ਨੇ ਸਰਪੰਚੀ ਦੀ ਚੋਣ ਜਿੱਤੀ। ਪਿੰਡ ਬੜੀ ਵਿੱਚ ਹਰਮੀਤ ਕੌਰ ਨੇ ਹਰਸ਼ਦੀਪ ਕੌਰ ਨੂੰ ਹਰਾ ਕੇ ਸਰਪੰਚੀ ਦੀ ਚੋਣ ਜਿੱਤੀ ਜਦੋਂਕਿ ਅਕਾਲੀ ਆਗੂ ਗੁਰਪ੍ਰਤਾਪ ਸਿੰਘ, ਸੰਤ ਰਾਮ ਅਤੇ ਲਾਭ ਕੌਰ ਨੇ ਪੰਚੀ ਦੀ ਚੋਣ ਜਿੱਤੀ। ਇਸ ਤਰ੍ਹਾਂ ਪੂਰੀ ਪੰਚਾਇਤ ਅਕਾਲੀ ਦਲ ਦੀ ਚੁਣੀ ਗਈ।
ਉਧਰ, ਇਤਿਹਾਸਕ ਪਿੰਡ ਦਾਊਂ ਸਾਹਿਬ ਵਿੱਚ ਕਿਸਾਨ ਆਗੂ ਗੁਰਨਾਮ ਸਿੰਘ ਸਰਪੰਚ ਚੁਣੇ ਗਏ। ਪਿੰਡ ਕੁਰੜੀ ਵਿੱਚ ਨਾਹਰ ਸਿੰਘ ਸਰਪੰਚੀ ਦੀ ਚੋਣ ਜਿੱਤੀ। ਪਿੰਡ ਬਠਲਾਣਾ ਵਿੱਚ ਕਾਂਗਰਸ ਸਮਰਥਕ ਹਰਪਾਲ ਸਿੰਘ ਨੇ ਸਰਪੰਚੀ ਦੀ ਚੋਣ ਜਿੱਤੀ। ਉਸ ਨੇ ਆਪਣੇ ਵਿਰੋਧੀ ‘ਆਪ’ ਦੇ ਰਣਜੀਤ ਸਿੰਘ ਰਾਣਾ ਨੂੰ ਹਰਾਇਆ। ਇੰਜ ਹੀ ਨਾਨੂੰਮਾਜਰਾ ਵਿੱਚ ਵੀ ਕਾਂਗਰਸ ਪੱਖੀ ਪੰਚਾਇਤ ਚੁਣੀ ਗਈ। ਇੱਥੇ ਪਲਵਿੰਦਰ ਕੌਰ ਪਤਨੀ ਸੰਦੀਪ ਗਿਰ ਨੇ ਸਰਪੰਚ ਦੀ ਚੋਣ ਜਿੱਤੀ ਹੈ। ਇਨ੍ਹਾਂ ਦੋਵੇਂ ਥਾਵਾਂ ’ਤੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ।
ਬੱਲੋਮਾਜਰਾ ਵਿੱਚ ਤਤਕਾਲੀ ਸਰਪੰਚ ਦੇ ਘਰ ਪੁੱਜੀ ਪੁਲੀਸ
ਪੰਚਾਇਤ ਚੋਣਾਂ ਨਤੀਜੇ ਆਉਣ ਤੋਂ ਪਹਿਲਾਂ ਹੀ ਬੱਲੋਮਾਜਰਾ ਦੇ ਤਤਕਾਲੀ ਸਰਪੰਚ ਅਤੇ ਖੇਡ ਪ੍ਰਮੋਟਰ ਜਸਵੀਰ ਸਿੰਘ ਬੱਲੋਮਾਜਰਾ ਦੇ ਘਰ ਨੂੰ ਪੁਲੀਸ ਨੇ ਘੇਰਾ ਪਾ ਲਿਆ। ਭਿਣਕ ਮਿਲਣ ਹੀ ਜੱਸੀ ਬੱਲੋਮਾਜਰਾ ਘਰ ਤੋਂ ਗਾਇਬ ਹੋ ਗਿਆ। ਦੇਰ ਸ਼ਾਮ ਉਸ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਅਪਲੋਡ ਕਰ ਕੇ ‘ਆਪ’ ’ਤੇ ਧੱਕੇਸ਼ਾਹੀ ਦਾ ਕਰਨ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਨੂੰ ਬਿਲਕੁਲ ਨਹੀਂ ਪਤਾ ਕਿ ਪੁਲੀਸ ਉਸ ਦੇ ਘਰ ਕਿਉਂ ਆਈ ਸੀ। ਉਸ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਨੂੰ ਖ਼ਤਰਾ ਦੱਸਦਿਆਂ ਪੂਰੇ ਨਗਰ ਨੂੰ ਭਾਵੁਕ ਅਪੀਲ ਕੀਤੀ ਕਿ ਉਹ ਉਸ ਦੇ ਟੱਬਰ ਤੇ ਛੋਟੇ ਬੱਚਿਆਂ ਦਾ ਖ਼ਿਆਲ ਰੱਖਣ। ਸਰਕਾਰ ਕੁੱਝ ਵੀ ਕਰ ਸਕਦੀ ਹੈ।
ਪਿੰਡ ਕੰਸਾਲਾ ਵਿੱਚ ਮਨਦੀਪ ਸਿੰਘ ਸਰਪੰਚ ਬਣੇ
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਨਵਾਂ ਗਰਾਉਂ ਖੇਤਰ ਦੇ ਅਧੀਨ ਪੈਂਦੇ ਪਿੰਡਾਂ ਕਾਨੇ ਦਾ ਵਾੜਾ, ਟਾਂਡੀ ਤੋਂ ਚੌਧਰੀ ਜੋਗਾ ਰਾਮ ਦੀ ਪਤਨੀ ਦੇਬੋ ਦੇਵੀ ਸਰਪੰਚ ਬਣੇ ਹਨ। ਪਿੰਡ ਪੱਲਣਪੁਰ ਵਿੱਚ ਚੌਧਰੀ ਦੀਵਾਨ ਚੰਦ, ਪਿੰਡ ਸਿੱਸਵਾਂ ਵਿੱਚ ਸੰਜੀਵ ਕੁਮਾਰ, ਪਿੰਡ ਕੰਸਾਲਾ ਵਿੱਚ ਮਨਦੀਪ ਸਿੰਘ, ਪਿੰਡ ਸੈਣੀ ਮਾਜਰਾ ਵਿੱਚ ਹਜਾਰਾ ਸਿੰਘ, ਪਿੰਡ ਘੰਡੌਲੀ ਵਿੱਚ ਸਿਮਰਨਜੀਤ ਕੌਰ, ਪਿੰਡ ਪੈਂਤਪੁਰ ਵਿੱਚ ਰਾਕੇਸ਼ ਕੁਮਾਰ ਬੱਬੀ ਸਰਪੰਚ ਬਣੇ ਹਨ।
ਕੌਮੀ ਮਾਰਗ ਜਾਮ ਕੀਤਾ
ਜੁਝਾਰ ਨਗਰ ਦੇ ਵਸਨੀਕਾਂ ਨੇ ਦੇਰ ਰਾਤ ਮੁਹਾਲੀ-ਖਰੜ ਕੌਮੀ ਮਾਰਗ ’ਤੇ ਚੱਕਾ ਜਾਮ ਕਰ ਕੇ ਚੋਣਾਂ ’ਚ ਗੜਬੜ ਦੇ ਦੋਸ਼ ਲਗਾ ਕੇ ਮੁੱਖ ਮੰਤਰੀ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰਾਤ ਸਵਾ 11 ਵਜੇ ਤਕ ਲੋਕ ਧਰਨੇ ’ਤੇ ਬੈਠੇ ਸਨ।