For the best experience, open
https://m.punjabitribuneonline.com
on your mobile browser.
Advertisement

ਚੰਡੀਗੜ੍ਹ ਦੀ ਤਿਜੋਰੀ ਵਿੱਚ ਗਏ ਪੰਜਾਬ ਦੇ 700 ਕਰੋੜ !

06:58 AM Oct 07, 2024 IST
ਚੰਡੀਗੜ੍ਹ ਦੀ ਤਿਜੋਰੀ ਵਿੱਚ ਗਏ ਪੰਜਾਬ ਦੇ 700 ਕਰੋੜ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 6 ਅਕਤੂਬਰ
ਪੰਜਾਬ ਸਰਕਾਰ ਨੇ ਲੰਘੇ ਅੱਠ ਵਰ੍ਹਿਆਂ ਵਿੱਚ ਚੰਡੀਗੜ੍ਹ (ਯੂਟੀ) ਦੀ ਝੋਲੀ ਕਰੀਬ 700 ਕਰੋੜ ਰੁਪਏ ਪਾ ਦਿੱਤੇ ਹਨ। ਪੰਜਾਬ ਦਾ ਕਰ ਵਿਭਾਗ ਪਹਿਲਾਂ ਫੁਰਤੀ ਤੇ ਚੁਸਤੀ ਵਰਤਦਾ ਤਾਂ ਇਨ੍ਹਾਂ ਕਰੋੜਾਂ ਰੁਪਏ ਦਾ ਮੂੰਹ ਪੰਜਾਬ ਸਰਕਾਰ ਦੇ ਖ਼ਜ਼ਾਨੇ ਵੱਲ ਮੋੜਿਆ ਜਾ ਸਕਦਾ ਸੀ। ਵਰ੍ਹਿਆਂ ਤੋਂ ਇਹ ਵਰਤਾਰਾ ਚੱਲ ਰਿਹਾ ਹੈ ਜਿਸ ਦੀ ਖੱਟੀ ਚੰਡੀਗੜ੍ਹ (ਯੂਟੀ) ਖਾ ਰਿਹਾ ਹੈ ਜਦੋਂ ਕਿ ਪੰਜਾਬ ਦੀਆਂ ਮੋਰੀਆਂ ’ਚੋਂ ਟੈਕਸਾਂ ਦਾ ਨਿਕਾਸ ਹੋ ਰਿਹਾ ਹੈ। ਸੂਬਾ ਸਰਕਾਰ ਹੁਣ ਵਿੱਤੀ ਸੰਕਟ ਦੇ ਮੱਦੇਨਜ਼ਰ ਟੈਕਸਾਂ ਦੀ ਲੀਕੇਜ ਰੋਕਣ ਲਈ ਹੀਲੇ ਵਸੀਲੇ ਵਰਤ ਰਹੀ ਹੈ। ਕਰ ਵਿਭਾਗ ਦੇ ਨਵੇਂ ਵਿੱਤ ਕਮਿਸ਼ਨਰ ਕ੍ਰਿਸ਼ਨ ਕੁਮਾਰ ਨੇ ਅਹੁਦਾ ਸੰਭਾਲਣ ਮਗਰੋਂ ਜਦੋਂ ਰੂਪਰੇਖਾ ਘੜੀ ਤਾਂ ਚੰਡੀਗੜ੍ਹ ਯੂਟੀ ਦੇ ਖ਼ਜ਼ਾਨੇ ਵਿੱਚ ਜਾਣ ਵਾਲੇ ਪੰਜਾਬ ਦੇ ਟੈਕਸਾਂ ਨੂੰ ਰੋਕਣ ਲਈ ਇੱਕ ਅਜਮਾਇਸ਼ ਕੀਤੀ ਗਈ। ਮੁੱਢਲੇ ਪੜਾਅ ’ਤੇ ਕਰ ਵਿਭਾਗ ਨੇ ਅਜਿਹੇ ਪੰਜ ਵਿਭਾਗਾਂ ਦਾ ਪਤਾ ਲਗਾਇਆ, ਜਿਨ੍ਹਾਂ ਵੱਲੋਂ ਵਿਭਾਗੀ ਸਾਜੋ-ਸਾਮਾਨ ਦੀ ਖ਼ਰੀਦ ਚੰਡੀਗੜ੍ਹ ਤੋਂ ਕੀਤੀ ਗਈ ਅਤੇ ਇਸ ਦੇ ਬਦਲੇ 5.50 ਕਰੋੜ ਰੁਪਏ ਵੀ ਟੈਕਸ ਦੇ ਰੂਪ ਵਿੱਚ ਯੂਟੀ ਦੇ ਖਾਤੇ ਗਏ ਹੋਏ ਸਨ। ਸ਼ਨਾਖਤ ਹੋਣ ਮਗਰੋਂ ਵਿੱਤ ਕਮਿਸ਼ਨਰ ਨੇ ਸਭਨਾਂ ਵਿਭਾਗਾਂ ਤੋਂ ਅਜਿਹੀ ਖ਼ਰੀਦ ਦੇ ਵੇਰਵੇ ਮੰਗੇ, ਜਿਨ੍ਹਾਂ ਲਈ ਟੈਕਸ ਯੂਟੀ ਦੇ ਖਾਤੇ ਗਿਆ। ਪੰਜਾਬ ਸਰਕਾਰ ਦੇ ਵਿਭਾਗਾਂ ਤੋਂ ਹੁਣ ਜਿਹੜੇ ਵੇਰਵੇ ਪ੍ਰਾਪਤ ਹੋਏ ਹਨ, ਉਨ੍ਹਾਂ ਅਨੁਸਾਰ ਅਜਿਹੇ 36 ਅਦਾਰਿਆਂ ਦੀ ਸ਼ਨਾਖਤ ਹੋਈ ਹੈ ਜਿਨ੍ਹਾਂ ਨੇ ਖ਼ਰੀਦੇ ਸਾਜ਼ੋ-ਸਾਮਾਨ ਦੀ ਡਲਿਵਰੀ ਯੂਟੀ ਵਿੱਚ ਲਈ। ਸਾਲ 2017-18 ਤੋਂ ਹੁਣ ਤੱਕ ਇਨ੍ਹਾਂ ਅਦਾਰਿਆਂ ਵੱਲੋਂ ਕੀਤੀ ਗਈ ਖ਼ਰੀਦ ਦੀ ਬਦੌਲਤ 707.91 ਕਰੋੜ ਰੁਪਏ ਦੇ ਟੈਕਸ ਚੰਡੀਗੜ੍ਹ ਯੂਟੀ ਦੇ ਖ਼ਜ਼ਾਨੇ ਵਿੱਚ ਜਾ ਚੁੱਕੇ ਹਨ। ਉਪਰੋਕਤ ਅੱਠ ਸਾਲਾਂ ਦੌਰਾਨ 36 ਅਦਾਰਿਆਂ ਨੇ ਕੁੱਲ 2273.23 ਕਰੋੜ ਰੁਪਏ ਦਾ ਸਾਮਾਨ ਚੰਡੀਗੜ੍ਹ ਤੋਂ ਖ਼ਰੀਦਿਆ ਅਤੇ ਯੂਟੀ ਵਿੱਚ ਹੀ ਇਸ ਸਾਮਾਨ ਦੀ ਡਲਿਵਰੀ ਲਈ ਪ੍ਰੰਤੂ ਇਹ ਸਾਮਾਨ ਭੇਜਿਆ ਪੰਜਾਬ ਵਿਚਲੇ ਦਫ਼ਤਰਾਂ ਵਿੱਚ ਗਿਆ। ਅਧਿਕਾਰੀ ਆਖਦੇ ਹਨ ਕਿ ਭਵਿੱਖ ਵਿੱਚ ਵਿਭਾਗ ਤੇ ਅਦਾਰੇ ਜੇ ਫ਼ਰਮਾਂ ਤੋਂ ਸਾਮਾਨ ਖ਼ਰੀਦ ਕੇ ਉਸ ਦੀ ਡਲਿਵਰੀ ਪੰਜਾਬ ’ਚ ਲੈਂਦੇ ਹਨ ਤੇ ਅਦਾਇਗੀ ਵੀ ਪੰਜਾਬ ’ਚੋਂ ਕਰਦੇ ਹਨ ਤਾਂ ਯੂਟੀ ਨੂੰ ਜਾ ਰਹੇ ਵਸਤਾਂ ਤੇ ਸੇਵਾ ਕਰ ਨੂੰ ਰੋਕਿਆ ਜਾ ਸਕਦਾ ਹੈ। ਤਿੰਨ ਦਰਜਨ ਵਿਭਾਗਾਂ ਨੇ 2024-25 ਦੌਰਾਨ ਯੂਟੀ ’ਚੋਂ 164.35 ਕਰੋੜ ਰੁਪਏ ਅਤੇ ਸਾਲ 2023-24 ਵਿੱਚ 380.04 ਕਰੋੜ ਰੁਪਏ ਦੀ ਖ਼ਰੀਦ ਕੀਤੀ ਹੈ, ਜਿਸ ਦਾ ਟੈਕਸ ਯੂਟੀ ਦੇ ਖਾਤੇ ਗਿਆ ਹੈ।

Advertisement

ਮਿਲਕਫੈੱਡ ਨੇ ਯੂਟੀ ਨੂੰ ਅਦਾ ਕੀਤਾ ਸਭ ਤੋਂ ਵੱਧ ਟੈਕਸ

ਚੰਡੀਗੜ੍ਹ ਯੂਟੀ ਨੂੰ ਸਭ ਤੋਂ ਵੱਧ ਟੈਕਸ ਅਦਾ ਕਰਨ ਦੇ ਮਾਮਲੇ ਵਿੱਚ ਮਿਲਕਫੈੱਡ ਦਾ ਨਾਮ ਸਿਖਰ ’ਤੇ ਆਉਂਦਾ ਹੈ। ਮਿਲਕਫੈੱਡ ਨੇ ਲੰਘੇ ਅੱਠ ਸਾਲਾਂ ਦੌਰਾਨ ਚੰਡੀਗੜ੍ਹ ਤੋਂ 766.19 ਕਰੋੜ ਰੁਪਏ ਦਾ ਸਾਮਾਨ ਚੰਡੀਗੜ੍ਹ ਤੋਂ ਖਰੀਦਿਆ ਹੈ। ਦੂਸਰੇ ਨੰਬਰ ’ਤੇ ਪੰਜਾਬ ਸਟੇਟ ਬੱਸ ਸਟੈਂਡ ਮੈਨੇਜਮੈਂਟ ਕੰਪਨੀ ਹੈ, ਜਿਸ ਨੇ 245.58 ਕਰੋੜ ਰੁਪਏ ਦੀ ਖ਼ਰੀਦ ਯੂਟੀ ’ਚੋਂ ਕੀਤੀ ਹੈ। ਇਸੇ ਤਰ੍ਹਾਂ ਮਾਰਕਫੈੱਡ ਨੇ 163.14 ਕਰੋੜ ਰੁਪਏ ਦੀ ਖ਼ਰੀਦ ਕਰ ਕੇ ਯੂਟੀ ਨੂੰ ਟੈਕਸ ਵਜੋਂ ਕਰੋੜਾਂ ਰੁਪਏ ਦਿੱਤੇ। ਇਸ ਤੋਂ ਇਲਾਵਾ ਪੀਆਰਟੀਸੀ, ਪੰਜਾਬ ਵਕਫ਼ ਬੋਰਡ, ਪੰਜਾਬ ਵਿੱਤ ਨਿਗਮ, ਪੰਜਾਬ ਸਟੇਟ ਮੀਡੀਆ ਸੁਸਾਇਟੀ, ਸੈਂਟਰਲ ਵੇਅਰਹਾਊਸਿੰਗ ਕਾਰਪੋਰੇਸ਼ਨ, ਪੰਜਾਬ ਮੰਡੀ ਬੋਰਡ, ਪੰਜਾਬ ਸਟੇਟ ਕਮਿਸ਼ਨ ਫ਼ਾਰ ਐੱਨਆਰਆਈ, ਪੰਜਾਬ ਬਿਊਰੋ ਆਫ਼ ਇਨਵੈਸਟਮੈਂਟ ਪ੍ਰਮੋਸ਼ਨ ਆਦਿ ਨੇ ਵੀ ਕਰੋੜਾਂ ਰੁਪਏ ਦੀ ਖ਼ਰੀਦ ਚੰਡੀਗੜ੍ਹ ਯੂਟੀ ਤੋਂ ਕੀਤੀ ਹੈ।

Advertisement

Advertisement
Author Image

Advertisement