ਮੌਨਸੂਨ ਦੌਰਾਨ ਆਮ ਨਾਲੋਂ 7.6 ਫ਼ੀਸਦ ਵੱਧ ਮੀਂਹ ਪਏ
ਨਵੀਂ ਦਿੱਲੀ:
ਇਸ ਸਾਲ ਦਾ ਮੌਨਸੂਨ ਸੀਜ਼ਨ ਸਮਾਪਤ ਹੋ ਗਿਆ ਹੈ, ਜਿਸ ਦੌਰਾਨ ਆਮ ਨਾਲੋਂ 7.6 ਫ਼ੀਸਦ ਵੱਧ ਮੀਂਹ ਪਏ ਹਨ। ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨੇ ਅੱਜ ਇਹ ਜਾਣਕਾਰੀ ਦਿੱਤੀ। ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਰਾਜਸਥਾਨ, ਗੁਜਰਾਤ, ਪੱਛਮੀ ਮੱਧ ਪ੍ਰਦੇਸ਼, ਮਹਾਰਾਸ਼ਟਰ, ਤਿਲੰਗਾਨਾ ਅਤੇ ਆਂਧਰਾ ਪ੍ਰਦੇਸ਼ ਵਿੱਚ ਵੱਧ ਬਰਸਾਤ ਹੋਈ। ਦੇਸ਼ ’ਚ ਖੇਤੀ ਸੈਕਟਰ ਲਈ ਮਾਨਸੂਨ ਬਹੁਤ ਅਹਿਮ ਹੈ, ਕਿਉਂਕਿ ਕੁੱਲ ਖੇਤੀ ਯੋਗ ਰਕਬੇ ਦਾ 52 ਫ਼ੀਸਦ ਹਿੱਸਾ ਇਸ ’ਤੇ ਨਿਰਭਰ ਹੈ। ਇਸੇ ਦੌਰਾਨ ਮੌਸਮ ਵਿਭਾਗ ਨੇ ਦੱਸਿਆ ਕਿ ਅਕਤੂਬਰ ਤੋਂ ਦਸੰਬਰ ਮਹੀਨੇ ਦੌਰਾਨ ਦੇਸ਼ ਦੇ ਮੱਧ, ਦੱਖਣੀ ਪ੍ਰਾਇਦੀਪ ਅਤੇ ਉੱਤਰ-ਪੂਰਬੀ ਹਿੱਸਿਆਂ ’ਚ ਆਮ ਨਾਲ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ। ਜਦਕਿ ਮੱਧ ਭਾਰਤ ਤੇ ਉਸ ਨਾਲ ਲੱਗਦੇ ਦੱਖਣੀ ਪ੍ਰਾਇਦੀਪ ਦੇ ਕੁਝ ਇਲਾਕਿਆਂ ਨੂੰ ਛੱਡ ਕੇ ਅਕਤੂਬਰ ਮਹੀਨੇ ਦੇਸ਼ ਦੇ ਬਹੁਤੇ ਹਿੱਸਿਆਂ ’ਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਥੋੜ੍ਹਾ ਵੱਧ ਰਹਿ ਸਕਦਾ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਐੱਮ. ਮਹਾਪਾਤਰਾ ਨੇ ਕਿਹਾ ਕਿ ਅਕਤੂਬਰ ਤੋਂ ਦਸੰਬਰ ਤੱਕ ਉੱਤਰ-ਪੂਰਬੀ ਭਾਰਤ ਸਣੇ ਦੇਸ਼ ਦੇ ਕਈ ਕੇਂਦਰੀ ਹਿੱਸਿਆਂ ’ਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ। -ਪੀਟੀਆਈ