ਪੰਚਾਇਤ ਚੋਣਾਂ ’ਚ 68 ਫ਼ੀਸਦ ਪੋਲਿੰਗ
* ਵੋਟਾਂ ਦੌਰਾਨ ਗੜਬੜੀਆਂ, ਧਾਂਦਲੀਆਂ ਤੇ ਧੱਕੇਸ਼ਾਹੀ ਦੀਆਂ ਘਟਨਾਵਾਂ ਵਾਪਰੀਆਂ
ਆਤਿਸ਼ ਗੁਪਤਾ
ਚੰਡੀਗੜ੍ਹ, 15 ਅਕਤੂਬਰ
ਪੰਜਾਬ ਵਿੱਚ ਪੰਚਾਇਤ ਚੋਣਾਂ ਦੌਰਾਨ ਹਿੰਸਕ ਘਟਨਾਵਾਂ ਦਰਮਿਆਨ ਵੋਟਿੰਗ ਦਾ ਅਮਲ ਮੁਕੰਮਲ ਹੋ ਗਿਆ ਹੈ। ਵੋਟਿੰਗ ਦੌਰਾਨ ਸੂਬੇ ਵਿੱਚ ਤਿੰਨ ਥਾਵਾਂ ’ਤੇ ਗੋਲੀਆਂ ਚੱਲੀਆਂ। ਇਸ ਕਾਰਨ ਦੋ ਜਣੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੰਜਾਬ ਦੇ ਦਰਜਨ ਦੇ ਕਰੀਬ ਜ਼ਿਲ੍ਹਿਆਂ ਵਿੱਚ ਝੜਪਾਂ ਹੋਈਆਂ ਤੇ ਕੁਝ ਥਾਵਾਂ ’ਤੇ ਪੱਥਰਬਾਜ਼ੀ ਵੀ ਹੋਈ। ਕਈ ਥਾਵਾਂ ’ਤੇ ਪੁਲੀਸ ਮੁਲਾਜ਼ਮ ਸਣੇ ਵੱਡੀ ਗਿਣਤੀ ਵਿੱਚ ਲੋਕ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਦਾ ਹਸਪਤਾਲਾਂ ਵਿੱਚ ਇਲਾਜ ਜਾਰੀ ਹੈ। ਇਸ ਦੌਰਾਨ ਕਈ ਥਾਵਾਂ ’ਤੇ ਵੋਟਾਂ ਦੌਰਾਨ ਗੜਬੜੀਆਂ, ਧਾਂਦਲੀਆਂ ਤੇ ਧੱਕੇਸ਼ਾਹੀ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਪੰਚਾਇਤ ਚੋਣਾਂ ’ਚ 68 ਫੀਸਦ ਦੇ ਕਰੀਬ ਪੋਲਿੰਗ ਹੋਈ। ਚੋਣ ਅਧਿਕਾਰੀਆਂ ਨੇ ਦੱਸਿਆ ਕਿ ਚੋਣ ਪ੍ਰਤੀਸ਼ਤਤਾ ਦੇ ਮੁਕੰਮਲ ਅੰਕੜੇ ਅਜੇ ਪ੍ਰਾਪਤ ਨਹੀਂ ਹੋਏ ਪਰ ਅਨੁਮਾਨਤ ਤੌਰ ’ਤੇ ਫਾਜ਼ਿਲਕਾ ਜ਼ਿਲ੍ਹੇ ’ਚ 67.26 ਫੀਸਦ, ਸੰਗਰੂਰ ’ਚ 67.53, ਪਠਾਨਕੋਟ ’ਚ 68 ਫੀਸਦ, ਲੁਧਿਆਣਾ ’ਚ 58.9, ਜਲੰਧਰ ’ਚ 57.99, ਪਟਿਆਲਾ ’ਚ 59 ਅਤੇ ਮੁਹਾਲੀ ਜ਼ਿਲ੍ਹੇ ’ਚ 65.15 ਫੀਸਦ ਵੋਟਾਂ ਪਈਆਂ ਹਨ। ਵੋਟਾਂ ਦੀ ਗਿਣਤੀ ਸ਼ਾਮ ਸਮੇਂ ਸ਼ੁਰੂ ਹੋ ਗਈ। ਇਸ ਦੌਰਾਨ ਵੱਖ-ਵੱਖ ਪਿੰਡਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ, ਪਰ ਜੇਤੂਆਂ ਦੀ ਸਮੁੱਚੀ ਸੂਚੀ ਬੁੱਧਵਾਰ ਤੱਕ ਤਿਆਰ ਹੋਵੇਗੀ।
ਪੰਜਾਬ ਦੀਆਂ ਕੁੱਲ 13225 ਗ੍ਰਾਮ ਪੰਚਾਇਤਾਂ ਵਿੱਚੋਂ 9400 ਦੇ ਕਰੀਬ ਗ੍ਰਾਮ ਪੰਚਾਇਤਾਂ ਦੀ ਚੋਣ ਲਈ ਵੋਟਿੰਗ ਹੋਈ ਹੈ, ਜਦੋਂ ਕਿ 3798 ਗ੍ਰਾਮ ਪੰਚਾਇਤਾਂ ’ਤੇ ਪਹਿਲਾਂ ਹੀ ਸਰਬਸੰਮਤੀ ਨਾਲ ਚੋਣ ਹੋ ਚੁੱਕੀ ਹੈ। ਸਰਪੰਚ ਦੇ 13225 ਅਹੁਦਿਆਂ ਲਈ 25588 ਅਤੇ ਪੰਚ ਦੇ 83427 ਅਹੁਦਿਆਂ ਲਈ 80598 ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰੇ ਹੋਏ ਸਨ। ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੁੰਦਿਆਂ ਹੀ ਲੋਕਾਂ ਵਿੱਚ ਵੋਟਾਂ ਪਾਉਣ ਨੂੰ ਲੈ ਕੇ ਕਾਫੀ ਉਤਸ਼ਾਹ ਵੇਖਿਆ ਗਿਆ, ਜਿਸ ਕਰਕੇ ਪੰਜਾਬ ਭਰ ਵਿੱਚ ਪੋਲਿੰਗ ਸਟੇਸ਼ਨਾਂ ਦੇ ਬਾਹਰ ਲੋਕਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਵੋਟ ਪਾਉਣ ਲਈ ਨੌਜਵਾਨਾਂ ਦੇ ਨਾਲ-ਨਾਲ ਬਜ਼ੁਰਗ ਤੇ ਔਰਤਾਂ ਵੀ ਪੋਲਿੰਗ ਸਟੇਸ਼ਨ ’ਤੇ ਪਹੁੰਚੀਆਂ, ਜਿਨ੍ਹਾਂ ਵੱਲੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਚੋਣ ਮੈਦਾਨ ਵਿੱਚ ਨਿੱਤਰੇ ਉਮੀਦਵਾਰਾਂ ਤੇ ਉਨ੍ਹਾਂ ਦੇ ਹਮਾਇਤੀਆਂ ਦੇ ਦੂਜੇ ਉਮੀਦਵਾਰਾਂ ਨਾਲ ਲੜਾਈ-ਝਗੜੇ ਸ਼ੁਰੂ ਹੋ ਗਏ। ਇਸ ਦੌਰਾਨ ਤਰਨ ਤਾਰਨ ਦੇ ਪਿੰਡ ਸੈਣ ਭਗਤ (ਸੋਹਲ) ਵਿੱਚ ਦੋ ਧੜਿਆਂ ਵਿੱਚਕਾਰ ਝਗੜਾ ਹੋ ਗਿਆ। ਇਸ ਮੌਕੇ ਗੋਲੀ ਚੱਲ ਗਈ, ਜਿਸ ਕਰਕੇ ਇਕ ਨੌਜਵਾਨ ਜ਼ਖ਼ਮੀ ਹੋ ਗਿਆ। ਪੀੜਤ ਨੂੰ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਸ਼ਾਮ ਨੂੰ ਵੋਟਿੰਗ ਖਤਮ ਹੋਣ ਸਮੇਂ ਜ਼ਿਲ੍ਹਾ ਪਟਿਆਲਾ ਦੇ ਸਨੌਰ ਹਲਕੇ ਵਿੱਚ ਪੈਂਦੇ ਪਿੰਡ ਖੁੱਡਾ ਵਿਖੇ ਦੋ ਧੜਿਆਂ ਵਿਚਕਾਰ ਝਗੜਾ ਹੋ ਗਿਆ। ਝਗੜੇ ਵਿੱਚ ਗੋਲੀ ਚੱਲਣ ਕਰਕੇ ਨੌਜਵਾਨ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸੇ ਤਰ੍ਹਾਂ ਮੋਗਾ ਦੇ ਪਿੰਡ ਕੋਟਲਾ ਮਹਿਰ ਸਿੰਘਵਾਲਾ ਵਿੱਚ ਗੋਲੀਆਂ ਚੱਲੀਆਂ। ਪੰਚਾਇਤ ਚੋਣ ਦੌਰਾਨ ਅੰਮ੍ਰਿਤਸਰ, ਪਟਿਆਲਾ, ਮੋਗਾ, ਤਰਨ ਤਾਰਨ, ਬਠਿੰਡਾ, ਜਲੰਧਰ, ਗੁਰਦਾਸਪੁਰ, ਲੁਧਿਆਣਾ ਸਣੇ ਕਈ ਹੋਰ ਜ਼ਿਲ੍ਹਿਆਂ ਦੇ ਵੱਖ-ਵੱਖ ਪਿੰਡਾਂ ਵਿੱਚ ਝਗੜੇ ਤੇ ਚੋਣਾਂ ਦੌਰਾਨ ਧਾਂਦਲੀਆਂ ਦੇ ਮਾਮਲੇ ਵੀ ਸਾਹਮਣੇ ਆਏ ਹਨ। ਬਲਾਕ ਮਹਿਲਕਲਾਂ ਦੇ ਪਿੰਡ ਕਰਮਗੜ੍ਹ ਵਿਚ ਪੰਚ ਦੇ ਉਮੀਦਵਾਰ ’ਤੇ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਬਠਿੰਡਾ ਦੇ ਪਿੰਡ ਅਕਲੀਆਂ ਕਲਾਂ ਵਿੱਚ ‘ਆਪ’ ਆਗੂ ਤੇ ਟਰੱਕ ਯੂਨੀਅਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਦੀ ਗੱਡੀ ’ਤੇ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਗੱਡੀ ਭੰਨ ਦਿੱਤੀ ਗਈ। ਇਸ ਤੋਂ ਇਲਾਵਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੇ ਪਿੰਡ ਕਰੀਮਗੜ੍ਹ ਚਿੱਚੜਵਾਲ ਵਿਖੇ ਵੀ ਦੋ ਧੜਿਆਂ ਵਿੱਚ ਝਗੜਾ ਹੋ ਗਿਆ। ਝਗੜੇ ਵਿੱਚ ਸਬ ਇੰਸਪੈਕਟਰ ਯਸ਼ਪਾਲ ਸਿੰਘ ਦੇ ਸੱਟਾਂ ਵੱਜੀਆਂ। ਇਸ ਮੌਕੇ ਸਰਪੰਚੀ ਦੀ ਚੋਣ ਲੜ ਰਹੇ ਗੁਰਚਰਨ ਰਾਮ ਤੇ ਹਮਾਇਤੀਆਂ ਨੇ ਦੋਸ਼ ਲਾਏ ਹਨ, ਕਿ ਵਿਧਾਇਕ ਦੀ ਕਥਿਤ ਸ਼ਹਿ ’ਤੇ ਪਾਰਟੀ ਵਰਕਰਾਂ ਤੇ ਸਮਰਥਕਾਂ ਵੱਲੋਂ ਬੂਥ ’ਤੇ ਕਬਜ਼ਾ ਕੀਤਾ ਗਿਆ।
ਕਈ ਥਾਈਂ ਬੈਲੇਟ ਪੇਪਰ ਗਲਤ ਛਪਣ ਕਰਕੇ ਵੋਟਿੰਗ ਰੁਕੀ
ਪੰਚਾਇਤ ਚੋਣਾਂ ਦੌਰਾਨ ਚਾਰ ਥਾਵਾਂ ’ਤੇ ਬੈਲੇਟ ਪੇਪਰ ਗਲਤ ਛਪਣ ਕਰਕੇ ਵੋਟਿੰਗ ਕਾਫੀ ਸਮਾਂ ਰੁਕੀ ਰਹੀ। ਬਸਪਾ ਦੇ ਸੰਸਥਾਪਕ ਬਾਬੂ ਕਾਂਸ਼ੀਰਾਮ ਦੇ ਪਿੰਡ ਖਵਾਸਪੁਰਾ ਵਿੱਚ ਗਲਤ ਬੈਲੇਟ ਪੇਪਰ ਛਪਣ ਕਰਕੇ ਵੋਟਿੰਗ ਬਹੁਤ ਪੱਛੜ ਕੇ ਸ਼ੁਰੂ ਹੋਈ ਹੈ। ਇਸ ਦੌਰਾਨ ਸਰਪੰਚ ਦੀ ਉਮੀਦਵਾਰ ਪਰਮਜੀਤ ਕੌਰ ਨੂੰ ਟਰੈਕਟਰ ਦੀ ਥਾਂ ਬਾਲਟੀ ਚੋਣ ਨਿਸ਼ਾਨ ਦੇ ਦਿੱਤਾ, ਜਦੋਂ ਕਿ ਦੂਜੇ ਪਾਸੇ ਸਰਬਜੀਤ ਕੌਰ ਨੂੰ ਬਾਲਟੀ ਦੀ ਥਾਂ ਟਰੈਕਟਰ ਚੋਣ ਨਿਸ਼ਾਨ ਦਿੱਤਾ ਗਿਆ। ਇਸ ਦਾ ਉਮੀਦਵਾਰਾਂ ਵੱਲੋਂ ਵਿਰੋਧ ਕੀਤੇ ਜਾਣ ’ਤੇ ਮੁੜ ਤੋਂ ਬੈਲੇਟ ਪੇਪਰਾਂ ਦਾ ਪ੍ਰਬੰਧ ਕਰਕੇ ਵੋਟਿੰਗ ਸ਼ੁਰੂ ਕੀਤੀ ਗਈ। ਇਸੇ ਤਰ੍ਹਾਂ ਮਾਨਸਾ ਦੇ ਪਿੰਡ ਮਾਨਸ ਖੁਰਦ, ਬੰਗਾ ਦੇ ਪਿੰਡ ਚੱਕ ਕਲਾਂ ਤੇ ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਵਿਚ ਵੀ ਗਲਤ ਬੈਲੇਟ ਪੇਪਰ ਛਪਣ ਕਰਕੇ ਵੋਟਿੰਗ ਰੁਕੀ ਰਹੀ।
ਸੁਪਰੀਮ ਕੋਰਟ ਵੱਲੋਂ ਪੰਚਾਇਤ ਚੋਣਾਂ ਉੱਤੇ ਰੋਕ ਲਾਉਣ ਤੋਂ ਨਾਂਹ
ਸੁਪਰੀਮ ਕੋਰਟ ਨੇ ਨਾਮਜ਼ਦਗੀਆਂ ਦੇ ਅਮਲ ਵਿਚ ਕਥਿਤ ਬੇਨਿਯਮੀਆਂ ਦੇ ਹਵਾਲੇ ਨਾਲ ਪੰਜਾਬ ਵਿਚ ਪੰਚਾਇਤ ਚੋਣਾਂ ਦੇ ਅਮਲ ’ਤੇ ਰੋਕ ਲਾਉਣ ਤੋਂ ਨਾਂਹ ਕਰ ਦਿੱਤੀ। ਕੋਰਟ ਨੇ ਕਿਹਾ ਕਿ ਜੇ ਅੱਜ ਪੋਲਿੰਗ ਵਾਲੇ ਦਿਨ ਚੋਣਾਂ ’ਤੇ ਰੋਕ ਲਾ ਦਿੱਤੀ ਤਾਂ ਇਸ ਨਾਲ ਬੇਵਜ੍ਹਾ ‘ਘੜਮੱਸ’ ਪਏਗਾ। ਉਂਝ ਸਿਖਰਲੀ ਕੋਰਟ ਨੇ ਪੰਜਾਬ ਵਿਚ ਪੰਚਾਇਤ ਚੋਣਾਂ ਲਈ ਹਰੀ ਝੰਡੀ ਦੇਣ ਦੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੰਦੀਆਂ ਪਟੀਸ਼ਨਾਂ ’ਤੇ ਸੁਣਵਾਈ ਲਈ ਸਹਿਮਤੀ ਦੇ ਦਿੱਤੀ। ਪੰਜਾਬ ਵਿਚ ਪੰਚਾਇਤ ਚੋਣਾਂ ਲਈ ਵੋਟਿੰਗ ਅੱਜ ਸਵੇਰੇ 8 ਵਜੇ ਸ਼ੁਰੂ ਹੋਈ, ਜਦੋਂਕਿ ਚੋਣ ਅਮਲ ’ਤੇ ਰੋਕ ਲਾਉਣ ਦੀ ਮੰਗ ਨਾਲ ਸਬੰਧਤ ਪਟੀਸ਼ਨ ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਅੱਗੇ ਬਾਅਦ ਵਿਚ ਰੱਖੀ ਗਈ। ਬੈਂਚ, ਜਿਸ ਵਿਚ ਜਸਟਿਸ ਜੇਬੀ ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਵੀ ਸ਼ਾਮਲ ਸਨ, ਨੇ ਕਿਹਾ, ‘ਜੇ ਅੱਜ ਪੋਲਿੰਗ ਸ਼ੁਰੂ ਹੋ ਗਈ ਹੈ ਤਾਂ ਅਸੀਂ ਇਸ ਪੜਾਅ ’ਤੇ ਦਖ਼ਲ ਕਿਵੇਂ ਦੇ ਸਕਦੇ ਹਾਂ? ਸ਼ਾਇਦ ਹਾਈ ਕੋਰਟ ਨੂੰ ਇਸ ਦੀ ਗੰਭੀਰਤਾ ਦਾ ਅੰਦਾਜ਼ਾ ਹੋ ਗਿਆ ਤੇ ਉਸ ਨੇ ਚੋਣਾਂ ’ਤੇ ਰੋਕ ਹਟਾ ਦਿੱਤੀ।’ ਸੀਜੇਆਈ ਨੇ ਕਿਹਾ, ‘ਜੇ ਅਸੀਂ ਰੋਕ ਲਾਈ ਉਹ ਵੀ ਪੋਲਿੰਗ ਵਾਲੇ ਦਿਨ ਤਾਂ ਇਸ ਨਾਲ ਅਫ਼ਰਾ ਤਫ਼ਰੀ ਦਾ ਮਾਹੌਲ ਬਣੇਗਾ। ਇਹ ਅਸਧਾਰਨ ਜਮਹੂਰੀਅਤ ਹੈ, ਜਿੱਥੇ ਅਸੀਂ ਚੋਣਾਂ ਦੀ ਕਦਰ ਪਾਉਂਦੇ ਹਾਂ। ਚੋਣ ਪਟੀਸ਼ਨ ਦੇ ਰੂਪ ਵਿਚ ਉਪਾਅ ਉਪਲਬਧ ਹੈ। ਅਸੀਂ ਰੋਕ ਨਹੀਂ ਲਾਵਾਂਗੇ, ਜਦੋਂ ਪੋਲਿੰਗ ਸ਼ੁਰੂ ਹੋ ਗਈ ਹੈ ਤਾਂ ਅਸੀਂ ਚੋਣਾਂ ’ਤੇ ਰੋਕ ਕਿਵੇਂ ਲਾ ਸਕਦੇ ਹਾਂ। ਭਲਕੇ ਜੇ ਕੋਈ ਸੰਸਦੀ ਚੋਣਾਂ ਜਾਂ ਅਸੈਂਬਲੀ ਚੋਣਾਂ ’ਤੇ ਰੋਕ ਲਾਉਣ ਦੀ ਮੰਗ ਕਰਦਾ ਹੈ ਤਾਂ ਕੀ ਅਸੀਂ (ਰੋਕ) ਲਾ ਸਕਦੇ ਹਾਂ। ਅਸੀਂ ਪਟੀਸ਼ਨ ਸੂਚੀਬੰਦ ਕਰਾਂਗੇ ਪਰ ਅੰਤਰਿਮ ਰੋਕ ਨਹੀਂ ਲੱਗੇੇਗੀ।’ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨਾਮਜ਼ਦਗੀਆਂ ’ਚ ਕਥਿਤ ਬੇਨਿਯਮੀਆਂ ਦੇ ਹਵਾਲੇ ਨਾਲ ਪੰਚਾਇਤ ਚੋਣਾਂ ਰੱਦ ਕਰਨ ਦੀ ਮੰਗ ਕਰਦੀਆਂ ਕਰੀਬ 1000 ਪਟੀਸ਼ਨਾਂ ਪਿਛਲੇ ਦਿਨੀਂ ਰੱਦ ਕਰ ਦਿੱਤੀਆਂ ਸਨ। ਪੰਜਾਬ ਵਿਚ ਕੁੱਲ 13,937 ਗ੍ਰਾਮ ਪੰਚਾਇਤਾਂ ਹਨ ਤੇ ਚੋਣਾਂ ਲਈ 1.33 ਕਰੋੜ ਵੋਟਰ ਯੋਗ ਹਨ। -ਪੀਟੀਆਈ