ਝਾਰਖੰਡ ਵਿੱਚ 66.18 ਤੇ ਵਾਇਨਾਡ ’ਚ 65 ਫ਼ੀਸਦ ਮਤਦਾਨ
* ਝਾਰਖੰਡ ’ਚ ਦੂਜੇ ਗੇੜ ਦੀ ਵੋਟਿੰਗ 20 ਨੂੰ
* ਲੋਹਾਰਡੱਗਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 73.21 ਫੀਸਦ ਵੋਟਿੰਗ
ਰਾਂਚੀ/ਵਾਇਨਾਡ 13 ਨਵੰਬਰ
ਝਾਰਖੰਡ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ’ਚ 43 ਸੀਟਾਂ ਲਈ 66.18 ਫੀਸਦ ਵੋਟਿੰਗ ਹੋਈ। ਦੂਜੇ ਗੇੜ ਦੀ ਵੋਟਿੰਗ 20 ਨਵੰਬਰ ਨੂੰ ਹੋਵੇਗੀ। ਉਧਰ ਵਾਇਨਾਡ ਲੋਕ ਸਭਾ ਦੀ ਜ਼ਿਮਨੀ ਚੋਣ ਲਈ 65 ਫ਼ੀਸਦ ਵੋਟਿੰਗ ਹੋਈ। ਲੋਹਾਰਡੱਗਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 73.21 ਫੀਸਦ ਵੋਟਿੰਗ ਹੋਈ, ਜਦਕਿ ਹਜ਼ਾਰੀਬਾਗ ਜ਼ਿਲ੍ਹੇ ’ਚ ਸਭ ਤੋਂ ਘੱਟ 59.13 ਫੀਸਦ ਵੋਟਾਂ ਪਈਆਂ। ਇਸੇ ਤਰ੍ਹਾਂ ਸਰਾਏਕੇਲਾ-ਖਰਸਾਵਾਂ ’ਚ 72.19 ਫੀਸਦ, ਗੁਮਲਾ ਵਿੱਚ 69.01, ਸਿਮਡੇਗਾ ਵਿੱਚ 68.66, ਖੁੰਟੀ ਵਿੱਚ 68.36, ਗੜਵਾ ਵਿੱਚ 67.35, ਲਾਤੇਹਾਰ ਵਿੱਚ 67.16, ਪੱਛਮੀ ਸਿੰਘਭੂਮ ਵਿੱਚ 66.87, ਰਾਮਗੜ੍ਹ ਵਿੱਚ 66.32, ਪੂਰਬੀ ਸਿੰਘਭੂਮ ਵਿੱਚ 64.87, ਚਤਰਾ ਵਿੱਚ 63.26, ਪਲਾਮੂ ਵਿੱਚ 62.62, ਕੋਡਰਮਾ ਵਿੱਚ 62, ਰਾਂਚੀ ’ਚ 60.49 ਅਤੇ ਹਜ਼ਾਰੀਬਾਗ ਵਿੱਚ 59.13 ਫੀਸਦ ਵੋਟਿੰਗ ਹੋਈ। ਪਹਿਲੇ ਗੇੜ ਦੀਆਂ ਚੋਣਾਂ ਵਿੱਚ ਸਾਬਕਾ ਮੁੱਖ ਮੰਤਰੀ ਚੰਪਈ ਸੋਰੇਨ ਸਮੇਤ ਕੁੱਲ 683 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਅੱਜ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਸਾਂਝੀ ਕਰਕੇ ਝਾਰਖੰਡ ਵਾਸੀਆਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਸੀ। ਝਾਰਖੰਡ ਦੇ ਰਾਜਪਾਲ ਸੰਤੋਸ਼ ਕੁਮਾਰ ਗੰਗਵਾਰ ਨੇ ਰਾਂਚੀ ਦੇ ਏਟੀਆਈ ਪੋਲਿੰਗ ਸਟੇਸ਼ਨ ’ਤੇ ਵੋਟ ਪਾਈ। ਇਸੇ ਤਰ੍ਹਾਂ ਮੁੱਖ ਮੰਤਰੀ ਹੇਮੰਤ ਸੋਰੇਨ, ਸਾਬਕਾ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਅਤੇ ਹੋਰਾਂ ਨੇ ਵੀ ਆਪੋ-ਆਪਣੇ ਪੋਲਿੰਗ ਸਟੇਸ਼ਨਾਂ ’ਤੇ ਜਾ ਕੇ ਵੋਟ ਦੇ ਹੱਕ ਦੀ ਵਰਤੋਂ ਕੀਤੀ। -ਪੀਟੀਆਈ
ਪਿ੍ਯੰਕਾ ਨੇ ਪੋਲਿੰਗ ਬੂਥਾਂ ਦਾ ਲਿਆ ਜਾਇਜ਼ਾ
ਵਾਇਨਾਡ:
ਕੇਰਲਾ ਦੇ ਵਾਇਨਾਡ ਲੋਕ ਸਭਾ ਹਲਕੇ ’ਚ ਜ਼ਿਮਨੀ ਚੋਣ ਲਈ ਅੱਜ 65 ਫ਼ੀਸਦ ਮਤਦਾਨ ਹੋਇਆ। ਕੇਰਲ ਦੇ ਵਾਇਨਾਡ ਲੋਕ ਸਭਾ ਹਲਕੇ ਤੋਂ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਚੋਣ ਮੈਦਾਨ ’ਚ ਹੈ। ਉਨ੍ਹਾਂ ਕਈ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲਿਆ। ਇਹ ਸੀਟ ਰਾਹੁਲ ਗਾਂਧੀ ਦੇ ਅਸਤੀਫ਼ਾ ਦੇਣ ਕਾਰਨ ਖਾਲੀ ਹੋਈ ਹੈ, ਜੋ ਰਾਏ ਬਰੇਲੀ ਤੋਂ ਚੋਣ ਜਿੱਤੇ ਹਨ। ਇਸ ਦੌਰਾਨ ਪੱਛਮੀ ਬੰਗਾਲ ’ਚ ਅਸੈਂਬਲੀ ਹਲਕਿਆਂ ’ਚ ਜ਼ਿਮਨੀ ਚੋਣਾਂ ਲਈ ਵੋਟਿੰਗ ਕੁਝ ਹਿੰਸਕ ਘਟਨਾਵਾਂ ਵੀ ਵਾਪਰੀਆਂ, ਜਿੱਥੇ ਤ੍ਰਿਣਮੂਲ ਕਾਂਗਰਸ ਦੇ ਇੱਕ ਵਰਕਰ ਦੀ ਮੌਤ ਹੋ ਗਈ। ਅੱਜ ਦੇਸ਼ ਦੇ 10 ਸੂਬਿਆਂ ਦੀਆਂ 31 ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣ ਦੌਰਾਨ 55 ਤੋਂ 90 ਫ਼ੀਸਦ ਤੱਕ ਵੋਟਾਂ ਪਈਆਂ। ਵਾਇਨਾਡ ਲੋਕ ਸਭਾ ਹਲਕੇ ਦੇ ਨਾਲ-ਨਾਲ ਅੱਜ ਰਾਜਸਥਾਨ ਦੀਆਂ ਸੱਤ, ਪੱਛਮੀ ਬੰਗਾਲ ਦੀਆਂ ਛੇ, ਅਸਾਮ ਦੀਆਂ ਪੰਜ, ਬਿਹਾਰ ਦੀਆਂ ਚਾਰ, ਕਰਨਾਟਕ ਦੀਆਂ ਤਿੰਨ, ਮੱਧ ਪ੍ਰਦੇਸ਼ ਦੀਆਂ ਦੋ ਸੀਟਾਂ ਅਤੇ ਛੱਤੀਸਗੜ੍ਹ, ਗੁਜਰਾਤ, ਕੇਰਲਾ ਅਤੇ ਮੇਘਾਲਿਆ ਦੀ ਇੱਕ-ਇੱਕ ਸੀਟ ’ਤੇ ਵੀ ਵੋਟਾਂ ਪਈਆਂ। -ਪੀਟੀਆਈ