ਮੈਡੀਕਲ ਕੈਂਪ ਵਿੱਚ 653 ਮਰੀਜ਼ਾਂ ਦੀ ਜਾਂਚ
ਟਾਂਡਾ: ਗ੍ਰਾਮ ਪੰਚਾਇਤ ਮੂਨਕ ਖੁਰਦ ਵੱਲੋਂ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਕੌਰ ਦੀ ਸ਼ਹਾਦਤ ਨੂੰ ਸਮਰਪਿਤ ਅੱਖਾਂ ਅਤੇ ਆਮ ਬਿਮਾਰੀਆਂ ਦਾ ਮੈਡੀਕਲ ਕੈਂਪ ਸਰਕਾਰੀ ਹਾਈ ਸਕੂਲ ਮੂਨਕ ਕਲਾਂ ਵਿੱਚ ਸਰਪੰਚ ਮਨਪ੍ਰੀਤ ਕੌਰ ਭਾਰਦਵਾਜ ਦੀ ਅਗਵਾਈ ਹੇਠ ਲਾਇਆ ਗਿਆ। ਇਹ ਕੈਂਪ ਪਰਵਾਸੀ ਭਾਰਤੀ ਜਗੀਰ ਸਿੰਘ ਯੂਐੱਸਏ, ਗਿਆਨੀ ਅਮਰਜੀਤ ਸਿੰਘ ਕੈਨੇਡਾ, ਮਾਸਟਰ ਜਸਵੀਰ ਸਿੰਘ ਕੈਨੇਡਾ ਤੇ ਗੁਰਵਿੰਦਰ ਸਿੰਘ ਗੋਮਰਾ ਇਟਲੀ ਦੇ ਸਹਿਯੋਗ ਨਾਲ ਲਗਾਇਆ ਗਿਆ ਸੀ ਜਿਸ ਦਾ ਉਦਘਾਟਨ ਗੁਰਦੁਆਰਾ ਟਾਹਲੀ ਸਾਹਿਬ ਮੂਨਕਾਂ ਦੇ ਸੇਵਾਦਾਰ ਬਾਬਾ ਹਰਪ੍ਰੀਤ ਸਿੰਘ ਨੇ ਕੀਤਾ। ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾ. ਸ਼ਿਵਰਾਜ ਰੇਖੀ ਦੀ ਅਗਵਾਈ ਹੇਠ ਰੇਖੀ ਹਰਬੰਸ ਹਸਪਤਾਲ ਟਾਂਡਾ ਦੀ ਟੀਮ ਵੱਲੋਂ 653 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਡਾ. ਅਮੋਲਕ ਸਿੰਘ ਮਰਵਾਹਾ ਨੇ ਕਈ ਮਰੀਜ਼ਾਂ ਦੇ ਦੰਦਾਂ ਦੀ ਜਾਂਚ ਵੀ ਕੀਤੀ। ਪੰਚ ਸਰਬਜੀਤ ਸਿੰਘ ਮੋਮੀ, ਹਰਪ੍ਰੀਤ ਸਿੰਘ, ਤੇਜਿੰਦਰ ਸਿੰਘ, ਪੰਚ ਮੀਨਾ ਰਾਣੀ, ਪੰਚ ਜਤਿੰਦਰ ਸਿੰਘ ਅਤੇ ਜਥੇਦਾਰ ਦਵਿੰਦਰ ਸਿੰਘ ਨੇ ਡਾਕਟਰੀ ਟੀਮ ਅਤੇ ਸਹਿਯੋਗੀ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ