ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੋਣਾਂ ਦੇ ਦੂਜੇ ਪੜਾਅ ’ਚ 63 ਫ਼ੀਸਦ ਵੋਟਿੰਗ

06:43 AM Apr 27, 2024 IST
ਬੁਲੰਦਸ਼ਹਿਰ ’ਚ ਗੱਡੇ ’ਤੇ ਸਵਾਰ ਹੋ ਕੇ ਢੋਲ-ਢਮੱਕੇ ਨਾਲ ਵੋਟ ਪਾਉਣ ਜਾਂਦੀਆਂ ਹੋਈਆਂ ਔਰਤਾਂ। -ਫੋਟੋ: ਪੀਟੀਆਈ

* ਚੋਣ ਕਮਿਸ਼ਨ ਨੂੰ ਮਿਲੀਆਂ ਈਵੀਐੱਮਜ਼ ’ਚ ਖ਼ਰਾਬੀ ਦੀਆਂ ਸ਼ਿਕਾਇਤਾਂ
* ਕੁਝ ਸੂਬਿਆਂ ’ਚ ਜਾਅਲੀ ਵੋਟਾਂ ਦੇ ਭੁਗਤਾਨ ਦੀਆਂ ਮਿਲੀਆਂ ਰਿਪੋਰਟਾਂ

Advertisement

ਨਵੀਂ ਦਿੱਲੀ, 26 ਅਪਰੈਲ
ਲੋਕ ਸਭਾ ਚੋਣਾਂ ਦੇ ਦੂਜੇ ਗੇੜ ’ਚ 13 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 88 ਸੀਟਾਂ ’ਤੇ ਕਰੀਬ 63 ਫ਼ੀਸਦ ਵੋਟਿੰਗ ਹੋਈ ਹੈ। ਚੋਣ ਕਮਿਸ਼ਨ ਨੇ ਚੋਣਾਂ ਤਕਰੀਬਨ ਸ਼ਾਂਤਮਈ ਰਹਿਣ ਦਾ ਦਾਅਵਾ ਕਰਦਿਆਂ ਕਿਹਾ ਕਿ ਜਦੋਂ ਸਾਰੇ ਪੋਲਿੰਗ ਸਟੇਸ਼ਨਾਂ ਤੋਂ ਰਿਪੋਰਟਾਂ ਆ ਜਾਣਗੀਆਂ ਤਾਂ ਵੋਟ ਫ਼ੀਸਦ 63.50 ਫ਼ੀਸਦ ਤੋਂ ਵਧ ਸਕਦਾ ਹੈ। ਕੇਰਲਾ ਅਤੇ ਪੱਛਮੀ ਬੰਗਾਲ ਦੇ ਕਈ ਬੂਥਾਂ ’ਤੇ ਈਵੀਐੱਮਜ਼ ’ਚ ਖ਼ਰਾਬੀ ਅਤੇ ਜਾਅਲੀ ਵੋਟਾਂ ਦੇ ਭੁਗਤਾਨ ਦੀਆਂ ਸ਼ਿਕਾਇਤਾਂ ਮਿਲੀਆਂ। ਉੱਤਰ ਪ੍ਰਦੇਸ਼ ਦੇ ਮਥੁਰਾ, ਰਾਜਸਥਾਨ ਦੇ ਬਾਂਸਵਾੜਾ ਅਤੇ ਮਹਾਰਾਸ਼ਟਰ ਦੇ ਪਾਰਬਨੀ ਹਲਕਿਆਂ ਦੇ ਕੁਝ ਪਿੰਡਾਂ ’ਚ ਵੋਟਰਾਂ ਨੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਚੋਣਾਂ ਦਾ ਬਾਈਕਾਟ ਕੀਤਾ ਪਰ ਬਾਅਦ ’ਚ ਅਧਿਕਾਰੀਆਂ ਨੇ ਉਨ੍ਹਾਂ ਨੂੰ ਮਨਾ ਲਿਆ। ਚੋਣਾਂ ਦੇ 19 ਅਪਰੈਲ ਨੂੰ ਪਹਿਲੇ ਗੇੜ ਦੌਰਾਨ 102 ਸੀਟਾਂ ’ਤੇ 65.50 ਫ਼ੀਸਦ ਵੋਟਿੰਗ ਹੋਈ ਸੀ।

ਜੰਮੂ ਦੇ ਗੋਰਖਾ ਨਗਰ ’ਚ ਵੋਟ ਪਾਉਣ ਲਈ ਕਤਾਰਾਂ ’ਚ ਖੜ੍ਹੇ ਹੋਏ ਲੋਕ। -ਫੋਟੋ: ਪੀਟੀਆਈ

ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਤ੍ਰਿਪੁਰਾ ’ਚ ਸਭ ਤੋਂ ਵੱਧ 79.46 ਫੀਸਦ ਵੋਟਿੰਗ ਦਰਜ ਹੋਈ ਜਦਕਿ ਉੱਤਰ ਪ੍ਰਦੇਸ਼ ’ਚ ਸਭ ਤੋਂ ਘੱਟ 54.85 ਫ਼ੀਸਦ ਵੋਟਰ ਹੀ ਬਾਹਰ ਨਿਕਲੇ। ਮਨੀਪੁਰ ’ਚ 77.18 ਫ਼ੀਸਦ ਅਤੇ ਮਹਾਰਾਸ਼ਟਰ ’ਚ 53.84 ਫ਼ੀਸਦ ਵੋਟਿੰਗ ਹੋਈ ਹੈ। ਕਾਂਗਰਸ ਆਗੂ ਸ਼ਸ਼ੀ ਥਰੂਰ, ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ, ਅਦਾਕਾਰ ਅਰੁਣ ਗੋਵਿਲ, ਅਦਾਕਾਰਾ ਹੇਮਾ ਮਾਲਿਨੀ, ਕਰਨਾਟਕ ਦੇ ਉਪ ਮੁੱਖ ਮੰਤਰੀ ਡੀ ਕੇ ਸ਼ਿਵਕੁਮਾਰ ਦੇ ਭਰਾ ਡੀ ਕੇ ਸੁਰੇਸ਼, ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਚ ਡੀ ਕੁਮਾਰਸਵਾਮੀ, ਓਮ ਬਿਰਲਾ, ਗਜੇਂਦਰ ਸਿੰਘ ਸ਼ੇਖਾਵਤ ਆਦਿ ਉਮੀਦਵਾਰਾਂ ਦੀ ਕਿਸਮਤ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ’ਚ ਬੰਦ ਹੋ ਗਈ ਹੈ। ਕਈ ਸੂਬਿਆਂ ’ਚ ਅਤਿ ਦੀ ਗਰਮੀ ਦਰਮਿਆਨ ਵੋਟਰਾਂ ਨੇ ਆਪਣੀ ਹਾਜ਼ਰੀ ਲੁਆਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੋਟਿੰਗ ਖ਼ਤਮ ਹੋਣ ਮਗਰੋਂ ‘ਐਕਸ’ ’ਤੇ ਲਿਖਿਆ,‘‘ਦੂਜਾ ਗੇੜ ਬਹੁਤ ਵਧੀਆ ਰਿਹਾ। ਅੱਜ ਦੇਸ਼ ਭਰ ’ਚ ਮਤਦਾਨ ਕਰਨ ਵਾਲਿਆਂ ਦਾ ਧੰਨਵਾਦ। ਐੱਨਡੀਏ ਨੂੰ ਮਿਲਿਆ ਅਥਾਹ ਸਮਰਥਨ ਵਿਰੋਧੀ ਧਿਰ ਨੂੰ ਹੋਰ ਵਧੇਰੇ ਨਿਰਾਸ਼ ਕਰਨ ਜਾ ਰਿਹਾ ਹੈ। ਵੋਟਰ ਐੱਨਡੀਏ ਦਾ ਸੁਸ਼ਾਸਨ ਚਾਹੁੰਦੇ ਹਨ। ਨੌਜਵਾਨ ਅਤੇ ਮਹਿਲਾ ਵੋਟਰ ਐੱਨਡੀਏ ਨੂੰ ਮਜ਼ਬੂਤ ਸਮਰਥਨ ਦੇ ਰਹੇ ਹਨ।’’ ਕੇਰਲਾ ਦੀਆਂ ਸਾਰੀਆਂ 20 ਸੀਟਾਂ, ਕਰਨਾਟਕ ਦੀਆਂ 28 ’ਚੋਂ 14, ਰਾਜਸਥਾਨ ਦੀਆਂ 13, ਮਹਾਰਾਸ਼ਟਰ ਅਤੇ ਯੂਪੀ ਦੀਆਂ 8-8, ਮੱਧ ਪ੍ਰਦੇਸ਼ ਦੀਆਂ 6, ਆਸਾਮ ਅਤੇ ਬਿਹਾਰ ਦੀਆਂ 5-5, ਛੱਤੀਸਗੜ੍ਹ ਅਤੇ ਪੱਛਮੀ ਬੰਗਾਲ ਦੀਆਂ ਤਿੰਨ-ਤਿੰਨ ਤੇ ਮਨੀਪੁਰ, ਤ੍ਰਿਪੁਰਾ ਅਤੇ ਜੰਮੂ ਕਸ਼ਮੀਰ ’ਚ ਇਕ-ਇਕ ਸੀਟ ’ਤੇ ਸ਼ੁੱਕਰਵਾਰ ਨੂੰ ਵੋਟਿੰਗ ਹੋਈ। ਕੇਰਲਾ ’ਚ 65.91 ਫ਼ੀਸਦ ਵੋਟਰਾਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ। ਪਲੱਕੜ, ਅਲਪੁਜ਼ਾ ਅਤੇ ਮਲੱਪਪੁਰਮ ’ਚ ਵੋਟ ਪਾਉਣ ਤੋਂ ਬਾਅਦ ਇਕ-ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਕੋਜ਼ੀਕੋੜ ਦੇ ਇਕ ਬੂਥ ’ਤੇ ਬੇਹੋਸ਼ ਹੋਏ ਇਕ ਏਜੰਟ ਦੀ ਬਾਅਦ ’ਚ ਮੌਤ ਹੋ ਗਈ। ਤ੍ਰਿਪੁਰਾ ਪੂਰਬੀ ਲੋਕ ਸਭਾ ਸੀਟ ’ਤੇ 79.46 ਫ਼ੀਸਦ ਮਤਦਾਨ ਹੋਇਆ।

Advertisement

ਅਸਾਮ ਦੇ ਮੋਰੀਗਾਓਂ ਜ਼ਿਲ੍ਹੇ ਵਿਚ ਪਹਿਲੀ ਵਾਰ ਵੋਟ ਪਾਉਣ ਮਗਰੋਂ ਸੈਲਫੀ ਲੈਂਦੀਆਂ ਹੋਈਆਂ ਮੁਟਿਆਰਾਂ। -ਫੋਟੋ: ਏਐੱਨਆਈ

ਚੋਣ ਅਧਿਕਾਰੀਆਂ ਨੇ ਕਿਹਾ ਕਿ ਕੁਝ ਬੂਥਾਂ ਤੋਂ ਸ਼ਿਕਾਇਤਾਂ ਮਿਲੀਆਂ ਸਨ ਪਰ ਉਨ੍ਹਾਂ ਦਾ ਫੌਰੀ ਨਿਬੇੜਾ ਕਰ ਦਿੱਤਾ ਗਿਆ। ਛੱਤੀਸਗੜ੍ਹ ਦੇ ਗਰਿਆਬੰਦ ਜ਼ਿਲ੍ਹੇ ’ਚ ਚੋਣ ਡਿਊਟੀ ’ਤੇ ਤਾਇਨਾਤ ਮੱਧ ਪ੍ਰਦੇਸ਼ ਵਿਸ਼ੇਸ਼ ਹਥਿਆਰਬੰਦ ਬਲ ਦੇ ਇਕ ਜਵਾਨ ਨੇ ਕਥਿਤ ਤੌਰ ’ਤੇ ਆਪਣੀ ਸਰਵਿਸ ਰਾਈਫਲ ਤੋਂ ਗੋਲੀ ਚਲਾ ਕੇ ਖੁਦਕੁਸ਼ੀ ਕਰ ਲਈ। ਸੂਬੇ ਦੇ ਨਕਸਲ ਪ੍ਰਭਾਵਿਤ ਹਲਕੇ ’ਚ 73.62 ਫ਼ੀਸਦ ਵੋਟਿੰਗ ਦਰਜ ਕੀਤੀ ਗਈ। ਕਾਂਕੇਰ ਸੀਟ ’ਤੇ ਬਾਲੋਦ ਜ਼ਿਲ੍ਹੇ ਦੇ ਸਿਵਨੀ ਪਿੰਡ ਦੇ ਇਕ ਪੋਲਿੰਗ ਬੂਥ ਨੂੰ ਵਿਆਹ ਦੇ ਮੰਡਪ ਵਾਂਗ ਸਜਾਇਆ ਗਿਆ ਸੀ ਜਿਥੇ ਰਵਾਇਤੀ ਵਿਆਹ ਦੇ ਰੀਤੀ-ਰਿਵਾਜਾਂ ਨੂੰ ਦਰਸਾਇਆ ਗਿਆ। ਗੁਆਂਢੀ ਸੂਬੇ ਮੱਧ ਪ੍ਰਦੇਸ਼ ਦੀਆਂ ਛੇ ਸੀਟਾਂ ’ਤੇ ਕਰੀਬ 57.88 ਫ਼ੀਸਦ ਵੋਟਰਾਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ। ਆਸਾਮ ਦੇ ਪੰਜ ਹਲਕਿਆਂ ’ਚ ਕਰੀਬ 71.11 ਫ਼ੀਸਦ ਵੋਟਿੰਗ ਹੋਈ। ਸਖ਼ਤ ਸੁਰੱਖਿਆ ਹੇਠ ਮਨੀਪੁਰ ’ਚ 77.32 ਫ਼ੀਸਦ ਮਤਦਾਨ ਦਰਜ ਕੀਤਾ ਗਿਆ। ਕਰਨਾਟਕ ਦੇ 14 ਲੋਕ ਸਭਾ ਹਲਕਿਆਂ ’ਚ 68.30 ਫ਼ੀਸਦ ਵੋਟਿੰਗ ਹੋਈ। ਇਸ ਦੌਰਾਨ ਚੋਣ ਕਮਿਸ਼ਨ ਨੇ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਪੋਸਟ ਕਰਕੇ ਧਰਮ ਦੇ ਆਧਾਰ ’ਤੇ ਵੋਟਾਂ ਮੰਗਣ ਨੂੰ ਲੈ ਕੇ ਭਾਜਪਾ ਦੇ ਬੰਗਲੂਰੂ ਦੱਖਣ ਤੋਂ ਉਮੀਦਵਾਰ ਤੇਜਸਵੀ ਸੂਰਿਆ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਕ ਹੋਰ ਭਾਜਪਾ ਆਗੂ ਸੀ ਟੀ ਰਵੀ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਬੰਗਲੂਰੂ ਦੇ ਇਕ ਨਿੱਜੀ ਹਸਪਤਾਲ ਨੇ ਮਹਾਨਗਰ ਪਾਲਿਕਾ ਦੇ ਸਹਿਯੋਗ ਨਾਲ 41 ਮਰੀਜ਼ਾਂ ਨੂੰ ਵੋਟਿੰਗ ਕਰਾਉਣ ’ਚ ਸਹਾਇਤਾ ਕੀਤੀ। ਮਹਾਰਾਸ਼ਟਰ ਦੀਆਂ ਅੱਠ ਸੀਟਾਂ ’ਤੇ 57.83 ਫ਼ੀਸਦ ਵੋਟਿੰਗ ਹੋਈ।

ਉੱਤਰੀ ਤ੍ਰਿਪੁਰਾ ਜ਼ਿਲ੍ਹੇ ਦੇ ਕੰਚਨਪੁਰ ਪਿੰਡ ਵਿਚ ਬੱਚੇ ਨਾਲ ਵੋਟ ਪਾਉਣ ਆਈ ਮਹਿਲਾ ਆਪਣਾ ਵੋਟਰ ਕਾਰਡ ਦਿਖਾਉਂਦੀ ਹੋਈ। -ਫੋਟੋ: ਪੀਟੀਆਈ

ਰਾਜਸਥਾਨ ’ਚ 13 ਸੀਟਾਂ ’ਤੇ ਕਰੀਬ 64.07 ਫ਼ੀਸਦ ਮਤਦਾਨ ਹੋਇਆ। ਸੂਬੇ ਦੇ ਬਾਂਸਵਾੜਾ ਜ਼ਿਲ੍ਹੇ ਦੀ ਬਾਗੀਡੋਰਾ ਵਿਧਾਨ ਸਭਾ ਸੀਟ ’ਤੇ ਜ਼ਿਮਨੀ ਚੋਣ ’ਚ 76.66 ਫ਼ੀਸਦ ਵੋਟਾਂ ਪਈਆਂ। ਯੂਪੀ ’ਚ ਅੱਠ ਸੀਟਾਂ ’ਤੇ ਔਸਤਨ 54.85 ਫ਼ੀਸਦ ਵੋਟਿੰਗ ਹੋਈ। ਬਿਹਾਰ ਦੀਆਂ ਪੰਜ ਸੀਟਾਂ ’ਤੇ 93 ਲੱਖ ਵੋਟਰਾਂ ’ਚੋਂ 55.08 ਫ਼ੀਸਦ ਲੋਕਾਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ। ਪੱਛਮੀ ਬੰਗਾਲ ’ਚ 71.84 ਫ਼ੀਸਦ ਅਤੇ ਜੰਮੂ ਕਸ਼ਮੀਰ ’ਚ 71.91 ਫ਼ੀਸਦ ਵੋਟਰਾਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ। ਚੋਣ ਕਮਿਸ਼ਨ ਨੂੰ ਪੱਛਮੀ ਬੰਗਾਲ ’ਚ ਕਰੀਬ 300 ਸ਼ਿਕਾਇਤਾਂ ਮਿਲੀਆਂ ਜਿਨ੍ਹਾਂ ’ਚੋਂ ਜ਼ਿਆਦਾਤਰ ਈਵੀਐੱਮ ਦੀ ਖ਼ਰਾਬੀ ਨਾਲ ਸਬੰਧਤ ਸਨ। ਚੋਣਾਂ ਦੇ ਦੂਜੇ ਗੇੜ ਮਗਰੋਂ ਕੇਰਲਾ, ਰਾਜਸਥਾਨ ਅਤੇ ਤ੍ਰਿਪੁਰਾ ’ਚ ਵੋਟਿੰਗ ਦਾ ਅਮਲ ਮੁਕੰਮਲ ਹੋ ਗਿਆ ਹੈ। ਪਹਿਲੇ ਗੇੜ ਦੌਰਾਨ 19 ਅਪਰੈਲ ਨੂੰ ਤਾਮਿਲਨਾਡੂ ਦੀਆਂ ਸਾਰੀਆਂ 39 ਸੀਟਾਂ, ਉੱਤਰਾਖੰਡ ਦੀਆਂ 5, ਅਰੁਣਾਚਲ ਪ੍ਰਦੇਸ਼ ਤੇ ਮੇਘਾਲਿਆ ਦੀਆਂ 2-2, ਅੰਡੇਮਾਨ ਤੇ ਨਿਕੋਬਾਰ ਟਾਪੂ, ਮਿਜ਼ੋਰਮ, ਨਾਗਾਲੈਂਡ, ਪੁੱਡੂਚੇਰੀ, ਸਿੱਕਮ ਅਤੇ ਲਕਸ਼ਦੀਪ ਦੀਆਂ 1-1 ਸੀਟਾਂ ’ਤੇ ਵੋਟਿੰਗ ਪੂਰੀ ਹੋ ਚੁੱਕੀ ਹੈ। ਚੋਣਾਂ ਦੇ ਤੀਜੇ ਗੇੜ ਤਹਿਤ 12 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 94 ਸੀਟਾਂ ’ਤੇ 7 ਮਈ ਨੂੰ ਵੋਟਿੰਗ ਹੋਵੇਗੀ। -ਪੀਟੀਆਈ

ਕਰਨਾਟਕ: ਦੋ ਗੁੱਟਾਂ ’ਚ ਝੜਪ ਕਾਰਨ ਈਵੀਐੱਮਜ਼ ਨੁਕਸਾਨੀਆਂ

ਬੰਗਲੂਰੂ: ਲੋਕ ਸਭਾ ਚੋਣਾਂ ’ਚ ਵੋਟਾਂ ਪਾਉਣ ਜਾਂ ਨਾ ਪਾਉਣ ਨੂੰ ਲੈ ਕੇ ਚਾਮਰਾਜਨਗਰ ਜ਼ਿਲ੍ਹੇ ਦੇ ਪਿੰਡ ਇੰਡੀਗਨਾਥਾ ਦੇ ਇਕ ਪੋਲਿੰਗ ਸਟੇਸ਼ਨ ’ਤੇ ਦੋ ਗੁੱਟ ਆਪਸ ’ਚ ਭਿੜ ਗਏ ਜਿਸ ਕਾਰਨ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨਸ਼ਟ ਹੋ ਗਈਆਂ। ਜ਼ਿਲ੍ਹਾ ਪ੍ਰਸ਼ਾਸਨ ਮੁਤਾਬਕ ਪਿੰਡ ਵਾਸੀਆਂ ਨੇ ਵਿਕਾਸ ਦੇ ਮੁੱਦੇ ’ਤੇ ਚੋਣਾਂ ਦੇ ਬਾਈਕਾਟ ਦਾ ਫ਼ੈਸਲਾ ਲਿਆ ਸੀ ਪਰ ਅਧਿਕਾਰੀਆਂ ਵੱਲੋਂ ਭਰੋਸਾ ਦਿੱਤੇ ਜਾਣ ਮਗਰੋਂ ਵੋਟਿੰਗ ਸ਼ੁਰੂ ਹੋ ਗਈ ਸੀ। ਇਕ ਗੁੱਟ ਵੋਟਾਂ ਪਾਉਣਾ ਚਾਹੁੰਦਾ ਸੀ ਜਦਕਿ ਦੂਜਾ ਉਸ ਦੇ ਬਾਈਕਾਟ ਲਈ ਬਜ਼ਿੱਦ ਸੀ। ਦੋਵੇਂ ਧਿਰਾਂ ਦਰਮਿਆਨ ਪਥਰਾਅ ਵੀ ਹੋਇਆ ਤੇ ਈਵੀਐੱਮਜ਼ ਵੀ ਨੁਕਸਾਨੀਆਂ ਗਈਆਂ। ਪੋਲਿੰਗ ਬੂਥ ਅੰਦਰਲਾ ਸਾਰਾ ਸਾਮਾਨ ਵੀ ਭੰਨ ਦਿੱਤਾ ਗਿਆ। ਘਟਨਾ ਮਗਰੋਂ ਲੋਕ ਫਰਾਰ ਹੋ ਗਏ ਤੇ ਪੁਲੀਸ ਉਨ੍ਹਾਂ ਨੂੰ ਫੜਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। -ਪੀਟੀਆਈ

ਕਿਸਾਨ ਅਤੇ ਮਜ਼ਦੂਰ ਪੱਖੀ ਸਰਕਾਰ ਦੀ ਮੰਗ ਕਰਦਿਆਂ ਨੌਜਵਾਨ ਨੇ ਈਵੀਐੱਮ ਤੋੜੀ

ਸੰਭਾਜੀਨਗਰ: ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ਦੇ ਰਾਮਪੁਰੀ ਦੇ ਇਕ ਪੋਲਿੰਗ ਬੂਥ ’ਤੇ ਆਪਣੀ ਵੋਟ ਭੁਗਤਾਉਣ ਆਏ ਇਕ ਨੌਜਵਾਨ ਨੇ ਗੁੱਸੇ ’ਚ ਆ ਕੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਤੋੜ ਦਿੱਤੀ। ਪੁਲੀਸ ਨੇ ਉਸ ਵਿਅਕਤੀ ਨੂੰ ਹਿਰਾਸਤ ’ਚ ਲੈ ਲਿਆ ਹੈ। ਨੌਜਵਾਨ ਭੱਈਆਸਾਹੇਬ ਇਡਕੇ ਨੇ ਦੱਸਿਆ ਕਿ ਉਹ ਕਿਸਾਨ ਅਤੇ ਮਜ਼ਦੂਰ ਪੱਖੀ ਸਰਕਾਰ ਚਾਹੁੰਦਾ ਹੈ ਜਿਸ ਕਾਰਨ ਉਸ ਨੇ ਨਾਰਾਜ਼ ਹੋ ਕੇ ਈਵੀਐੱਮ ਤੋੜ ਦਿੱਤੀ। ਪੁਲੀਸ ਨੇ ਬਾਅਦ ’ਚ ਨਵੀਂ ਈਵੀਐੱਮ ਰੱਖ ਕੇ ਵੋਟਾਂ ਪੁਆਈਆਂ। ਪੁਲੀਸ ਵੱਲੋਂ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਕਿਸੇ ਪਾਰਟੀ ਨਾਲ ਤਾਂ ਨਹੀਂ ਜੁੜਿਆ ਹੋਇਆ। ਉਸ ਨੇ ਲਾਅ ਅਤੇ ਪੱਤਰਕਾਰੀ ’ਚ ਕੋਰਸ ਕੀਤੇ ਹੋਏ ਹਨ ਅਤੇ ਪਿਛਲੇ 10 ਮਹੀਨੇ ਉਹ ਪੁਣੇ ’ਚ ਰਿਹਾ ਸੀ ਪਰ ਇਸ ਮਗਰੋਂ ਉਹ ਪਿੰਡ ਪਰਤ ਆਇਆ ਸੀ। -ਪੀਟੀਆਈ

Advertisement
Advertisement