ਨਰੋਟ ਜੈਮਲ ਸਿੰਘ ਸਕੂਲ ਵਿੱਚ 62.50 ਲੱਖ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ
ਐੱਨ ਪੀ ਧਵਨ
ਪਠਾਨਕੋਟ, 24 ਨਵੰਬਰ
ਸ਼ਹੀਦ ਮੇਹਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰੋਟ ਜੈਮਲ ਸਿੰਘ ਵਿੱਚ 62.50 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਦੀ ਕਾਇਆ-ਕਲਪ ਕਰਨ ਲਈ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਹੋਏ ਸਮਾਗਮ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਨ੍ਹਾਂ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਰਾਜੇਸ਼ ਗੁਪਤਾ, ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਕੁਮਾਰ ਸੈਣੀ, ਬਲਾਕ ਪ੍ਰਧਾਨ ਬਬਲੀ ਕੁਮਾਰ, ਬਲਾਕ ਪ੍ਰਧਾਨ ਸੂਬੇਦਾਰ ਕੁਲਵੰਤ ਸਿੰਘ ਅਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ।
ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਉਦੇਸ਼ ਲੋਕਾਂ ਨੂੰ ਚੰਗੀ ਸਿਹਤ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਹੈ ਜਿਸ ਤਹਿਤ ਇਸ ਸਕੂਲ ਦੇ ਵੱਖ-ਵੱਖ ਨਿਰਮਾਣ ਕਾਰਜਾਂ ਲਈ 62.50 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਤੋਂ ਬਾਅਦ ਇਸ ਸਕੂਲ ਨੂੰ 1 ਕਰੋੜ ਰੁਪਏ ਹੋਰ ਦਿੱਤੇ ਜਾਣਗੇ। ਇਸੇ ਤਰ੍ਹਾਂ ਪ੍ਰਾਇਮਰੀ ਸਿੱਖਿਆ ਅਧੀਨ ਚੱਲ ਰਹੇ ਇਸ ਖੇਤਰ ਦੇ ਸਰਹੱਦੀ 4 ਸਕੂਲਾਂ ਤੇ ਕਰੀਬ 44 ਲੱਖ ਰੁਪਏ ਖਰਚ ਕੀਤੇ ਜਾਣੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸੱਤਾ ਵਿੱਚ ਆਉਣ ਬਾਅਦ ਸਰਕਾਰੀ ਸਕੂਲਾਂ ਦੀ ਦਸ਼ਾ ਵਿੱਚ ਪਹਿਲਾਂ ਨਾਲੋਂ ਬਹੁਤ ਸੁਧਾਰ ਹੋਇਆ ਹੈ ਅਤੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦਾ ਦਾਖ਼ਲਾ ਵਧਿਆ ਹੈ। ਹੁਣ ਉਨ੍ਹਾਂ ਦਾ ਜ਼ੋਰ ਸਰਕਾਰੀ ਸਕੂਲਾਂ ਅੰਦਰ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨ ’ਤੇ ਹੈ।
ਪਿੰਡਾਂ ਦੀਆਂ ਸੜਕਾਂ ਚੌੜੀਆਂ ਕਰਨ ਦੀ ਸ਼ੁਰੂਆਤ
ਅਜਨਾਲਾ (ਸੁਖਦੇਵ ਸੁੱਖ): ਸ਼ਹਿਰ ਅਜਨਾਲਾ ਤੋਂ ਵੱਖ-ਵੱਖ ਪਿੰਡਾਂ ਨੂੰ ਜਾਂਦੀਆਂ ਲਿੰਕ ਸੜਕਾਂ ਚੌੜੀਆਂ ਕਰਨ ਦੀ ਸ਼ੁਰੂਆਤ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਦੇ ਪਿੰਡ ਤਲਵੰਡੀ ਰਾਏ ਦਾਦੂ ਵਿੱਚ ਕਰਵਾਈ। ਇਸ ਮੌਕੇ ਉਨ੍ਹਾਂ ਕਿਹਾ ਕਿ ਕਰੀਬ 27 ਕਰੋੜ ਰੁਪਏ ਦੀ ਲਾਗਤ ਨਾਲ 35 ਕਿਲੋਮੀਟਰ ਲੰਮੀਆਂ ਸੜਕਾਂ ਚੌੜੀਆਂ ਕਰਨ ਅਤੇ ਮੁਰੰਮਤ ਕਰਨ ਦੇ ਕੰਮਾਂ ਨੂੰ ਨੇਪਰੇ ਚਾੜ੍ਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਜਨਾਲਾ ਪਿਛਲੀਆਂ ਸਰਕਾਰਾਂ ਵੇਲੇ ਬਿਲਕੁਲ ਅਣਗੌਲਿਆ ਰਹਿ ਗਿਆ ਸੀ, ਜਿਸ ਵਿੱਚ ਪਿਛਲੇ ਢਾਈ ਸਾਲਾਂ ਦੌਰਾਨ ਵਿਕਾਸ ਕਾਰਜਾਂ ਦੀ ਹਨੇਰੀ ਲਿਆਂਦੀ ਗਈ ਹੈ ਜਿਸ ਸਦਕਾ ਅੱਜ ਅਜਨਾਲਾ ਹਲਕੇ ਵਿੱਚ ਗਲੀਆਂ, ਨਾਲੀਆਂ, ਸੜਕਾਂ, ਸਟਰੀਟ ਲਾਈਟਾਂ ਤੇ ਸੀਸੀਟੀਵੀ ਕੈਮਰੇ ਸਮੇਤ ਅਨੇਕਾਂ ਵਿਕਾਸ ਕਾਰਜ ਨੇਪਰੇ ਚਾੜ੍ਹੇ ਗਏ ਹਨ। ਸ੍ਰੀ ਧਾਲੀਵਾਲ ਨੇ ਕਿਹਾ ਕਿ ਆਉਣ ਵਾਲੀਆਂ ਨਗਰ ਕੌਂਸਲ ਤੇ ਨਗਰ ਨਿਗਮ ਦੀਆਂ ਚੋਣਾਂ ਵਿੱਚ ਪਾਰਟੀ ਹੂੰਝਾਫੇਰ ਜਿੱਤ ਪ੍ਰਾਪਤ ਕਰੇਗੀ।