ਹਵਾਈ ਅੱਡੇ ’ਤੇ ਦੋ ਯਾਤਰੂਆਂ ਕੋਲੋਂ 60 ਹਜ਼ਾਰ ਵਿਦੇਸ਼ੀ ਸਿਗਰਟਾਂ ਬਰਾਮਦ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 30 ਜੁਲਾਈ
ਕਸਟਮ ਵਿਭਾਗ ਨੇ ਸਥਾਨਕ ਹਵਾਈ ਅੱਡੇ ’ਤੇ ਸ਼ਾਰਜਾਹ ਤੋਂ ਆਏ ਦੋ ਯਾਤਰੂਆਂ ਕੋਲੋਂ ਲਗਪਗ 10 ਲੱਖ ਰੁਪਏ ਮੁੱਲ ਦੀਆਂ 60 ਹਜ਼ਾਰ ਵਿਦੇਸ਼ੀ ਸਿਗਰਟਾਂ ਬਰਾਮਦ ਕੀਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇੰਡੀਗੋ ਹਵਾਈ ਕੰਪਨੀ ਦੀ ਉਡਾਣ ਰਾਹੀਂ ਸ਼ਾਰਜਾਹ ਤੋਂ ਅੰਮ੍ਰਿਤਸਰ ਪੁੱਜੇ ਦੋ ਯਾਤਰੂਆਂ ਦੇ ਸਾਮਾਨ ਦੀ ਜਾਂਚ ਕਰਦਿਆਂ ਦੋਵਾਂ ਯਾਤਰੂਆਂ ਕੋਲੋਂ 30-30 ਹਜ਼ਾਰ ਵਿਦੇਸ਼ੀ ਸਿਗਰਟਾਂ ਬਰਾਮਦ ਹੋਈਆਂ ਹਨ। ਇਹ ਕੁੱਲ 60 ਹਜ਼ਾਰ ਵਿਦੇਸ਼ੀ ਸਿਗਰਟਾਂ ਹਨ ਜਿਨ੍ਹਾਂ ਦੀ ਬਾਜ਼ਾਰ ਵਿੱਚ ਕੀਮਤ 10 ਲੱਖ 20 ਹਜ਼ਾਰ ਰੁਪਏ ਹੈ। ਕਸਟਮ ਵਿਭਾਗ ਨੇ ਕਾਰਵਾਈ ਕਰਦਿਆਂ ਤਸਕਰੀ ਕਰ ਕੇ ਲਿਆਂਦੀਆਂ ਗਈਆਂ ਇਹ ਵਿਦੇਸ਼ੀ ਸਿਗਰਟਾਂ ਜ਼ਬਤ ਕਰ ਲਈਆਂ ਹਨ ਅਤੇ ਇਸ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਇੱਕ ਹੋਰ ਮਾਮਲੇ ਵਿੱਚ ਇੱਕ ਯਾਤਰੂ ਕੋਲੋਂ ਮੈਡੀਕਲ ਕਿੱਤੇ ਨਾਲ ਸਬੰਧਤ ਅਹਿਮ ਸਾਮਾਨ ਬਰਾਮਦ ਕੀਤਾ ਗਿਆ ਹੈ। ਇਸ ਵਿੱਚ 11 ਪੀਸ ਹਾਰਟ ਵਾਲਵ ਤੇ 39 ਪੀਸ ਐਸਪੀਰੇਸ਼ਨ ਕੈਥੇਟਰ ਦੇ ਹਨ। ਇਸ ਦੇ ਬਾਜ਼ਾਰੀ ਮੁੱਲ ਦਾ ਪਤਾ ਲਾਇਆ ਜਾ ਰਿਹਾ ਹੈ। ਕਸਟਮ ਵਿਭਾਗ ਨੇ ਤਸਕਰੀ ਕਰ ਕੇ ਲਿਆਂਦਾ ਗਿਆ ਇਹ ਸਾਮਾਨ ਵੀ ਜ਼ਬਤ ਕਰ ਲਿਆ ਹੈ ਤੇ ਇਸ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।