ਬਠਿੰਡਾ ’ਚ ਕਰੋਨਾ ਦੇ 60 ਨਵੇਂ ਮਰੀਜ਼
ਪੱਤਰ ਪੇ੍ਰਕ
ਬਠਿੰਡਾ, 26 ਜੁਲਾਈ
ਡਿਪਟੀ ਕਮਿਸ਼ਨਰ ਬੀ ਸ੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਐਤਵਾਰ ਦੀ ਸ਼ਾਮ ਤੱਕ 4 ਵਿਅਕਤੀ ਕਰੋਨਾ ਨੂੰ ਹਰਾ ਕੇੇ ਘਰਾਂ ਨੂੰ ਪਰਤ ਗਏ ਹਨ ਬੀਤੇ 24 ਘੰਟਿਆਂ ਦੌਰਾਨ ਪ੍ਰਾਪਤ ਰਿਪੋਰਟਾਂ ਮੁਤਾਬਿਕ 412 ਨਮੂਨਿਆਂ ਦੀ ਰਿਪੋਰਟ ਨੈਗੇਟਿਵ ਤੇ 60 ਕੇਸ ਨਵੇਂ ਕੇਸ ਸਾਹਮਣੇ ਆਏ ਹਨ, ਜਨਿਾਂ ਵਿਚੋਂ 1 ਬਠਿੰਡਾ ਤੇ ਬਾਕੀ 59 ਬਾਹਰਲੇ ਰਾਜਾਂ ਨਾਲ ਸਬੰਧਤ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਮੇਂ ਜ਼ਿਲੇ ਵਿੱਚ ਕੁੱਲ 257 ਕੇਸ ਐਕਟਿਵ ਹਨ ਜਨਿਾਂ ਵਿਚੋਂ 100 ਕੇਸ ਬਠਿੰਡਾ ਜ਼ਿਲ੍ਹੇ ਨਾਲ ਤੇ ਬਾਕੀ 157 ਕੇਸ ਬਾਹਰੀ ਰਾਜਾਂ ਨਾਲ ਸਬੰਧਤ ਹਨ।
ਸਿਰਸਾ (ਪ੍ਰਭੂ ਦਿਆਲ): ਜ਼ਿਲ੍ਹਾ ਸਿਰਸਾ ਵਿੱਚ ਅੱਜ ਪੰਜ ਬੱਚਿਆਂ ਸਮੇਤ 31 ਕਰੋਨਾ ਪਾਜ਼ੇਟਿਵ ਕੇਸ ਆਏ ਹਨ। ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ’ਚ ਇਕ ਵਿਅਕਤੀ ਲੰਡਨ ਤੋਂ ਤੇ ਦੋ ਜਣੇ ਸਿੰਗਾਪੁਰ ਤੋਂ ਆਏ ਹਨ। ਪਾਜ਼ੇਟਿਵ ਕੇਸਾਂ ਵਿੱਚ ਕਈ ਕਈ ਜਣੇ ਇਕੋ ਪਰਿਵਾਰ ਦੇ ਹਨ।
ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ): ਇਲਾਕੇ ਅੰਦਰ ਐਤਵਾਰ ਨੂੰ ਇਕ ਔਰਤ ਸਮੇਤ 4 ਲੋਕ ਪਾਜ਼ੇਟਿਵ ਪਾਏ ਗਏ ਹਨ। ਜਨਿ੍ਹਾਂ ’ਚ ਇੰਦਰ ਨਗਰੀ ਜਲਾਲਾਬਾਦ, ਪੀਰ ਬਖਸ਼ ਚੌਹਾਨ, ਸਿਮਰੇਵਾਲਾ ਤੇ ਜੰਡਵਾਲਾ ਭੀਮੇਸ਼ਾਹ ਨਾਲ ਸਬੰਧਤ ਚਾਰ ਲੋਕ ਹਨ ਤੇ ਇਕ ਔਰਤ ਵੀ ਸ਼ਾਮਲ ਹੈ।
ਹੰਡਿਆਇਆ (ਕੁਲਦੀਪ ਸੂਦ): ਕਸਬਾ ਹੰਡਿਆਇਆ ’ਚ ਇਕ ਮਰੀਜ਼ ਸਾਹਮਣੇ ਆਇਆ ਹੈ। ਇਸ ਮਰੀਜ਼ ਦੇ ਸੰਪਰਕ ਵਿੱਚ ਆਉਣ ਵਾਲੇ 8 ਪਰਿਵਾਰਕ ਮੈਂਬਰਾਂ ਸਮੇਤ 2 ਹੋਰ ਵਿਅਕਤੀਆਂ ਨੂੰ ਵੀ ਘਰਾਂ ਵਿੱਚ ਇਕਾਂਤਵਾਸ ਕਰ ਦਿੱਤਾ ਗਿਆ ਹੈ।
ਫਰੀਦਕੋਟ (ਜਸਵੰਤ ਜੱਸ): ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਇੱਕ ਹੋਰ ਕਰੋਨਾ ਪਾਜ਼ੇਟਿਵ ਕੇਸ ਰਿਪੋਰਟ ਹੋਇਆ ਹੈ ਜਦੋਂ ਕਿ 4 ਮਰੀਜ਼ ਤੰਦਰੁਸਤ ਹੋਣ ਉਪਰੰਤ ਘਰ ਚਲੇ ਗਏ। ਹੁਣ ਕਰੋਨਾ ਦੇ ਐਕਟਿਵ ਕੇਸ 75 ਰਹਿ ਗਏ ਹਨ। ਸਿਵਲ ਸਰਜਨ ਡਾ.ਰਜਿੰਦਰ ਅਤੇ ਕੋਵਿਡ-19 ਦੇ ਜ਼ਿਲ੍ਹਾ ਨੋਡਲ ਅਫਸਰ ਡਾ. ਮਨਜੀਤ ਕ੍ਰਿਸ਼ਨ ਭੱਲਾ ਨੇ ਦੱਸਿਆ ਕਿ ਅੱਜ 4 ਮਰੀਜ਼ਾਂ ਨੂੰ ਸਿਹਤਯਾਬ ਹੋਣ ਤੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਫ਼ਾਜ਼ਿਲਕਾ (ਪਰਮਜੀਤ ਸਿੰਘ): ਸਿਵਲ ਸਰਜਨ ਫਾਜ਼ਿਲਕਾ ਵੱਲੋਂ ਜਾਣਕਾਰੀ ਅਨੁਸਾਰ ਜ਼ਿਲ੍ਹੇ ’ਚ ਕਰੋਨਾ ਦੇ 12 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਸੀ, ਜਿਸ ‘ਚ 9 ਆਦਮੀ ਅਤੇ 3 ਔਰਤਾਂ ਸ਼ਾਮਲ ਹਨ। ਇਨ੍ਹਾਂ ਨਵੇਂ ਕੇਸਾਂ ‘ਚ 3 ਡੀ. ਸੀ. ਦਫ਼ਤਰ ਦੇ ਮੁਲਾਜ਼ਮ ਹਨ।
ਡੱਬਵਾਲੀ (ਇਕਬਾਲ ਸਿੰਘ ਸ਼ਾਂਤ): ਸਿਹਤ ਵਿਭਾਗ ਦੀ ਜਾਣਕਾਰੀ ਅਨੁਸਾਰ 33 ਸਾਲਾ ਫੋਟੋਗ੍ਰਾਫ਼ਰ ਕਰੋਨਾ ਪਾਜਿਟਿਵ ਪਾਇਆ ਗਿਆ ਜਿਸ ਮਗਰੋਂ ਉਸ ਦੀ ਰਿਹਾਇਸ਼ ਸੀਲ ਕਰ ਦਿੱਤੀ ਗਈ ਹੈ।
ਨਥਾਣਾ ਖੇਤਰ ਵਿੱਚ 10 ਪਾਜ਼ੇਟਿਵ ਕੇਸ
ਨਥਾਣਾ (ਭਗਵਾਨ ਦਾਸ ਗਰਗ): ਸਥਾਨਕ ਥਾਣੇ ਦੇ ਢਾਈ ਦਰਜਨ ਪੁਲੀਸ ਮੁਲਾਜ਼ਮਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਉਪਰੰਤ ਮੁਲਾਜ਼ਮਾਂ ਦੇ ਸੰਪਰਕ ਵਾਲੇ ਲੋਕਾਂ ਦੀਆਂ ਰਿਪੋਰਟਾਂ ਵੀ ਪਾਜ਼ੇਟਿਵ ਮਿਲਣ ਲੱਗੀਆਂ ਹਨ। ਅੱਜ ਦਸ ਨਵੇ ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਮਿਲਣ ਕਾਰਨ ਲੋਕਾਂ ’ਚ ਸਹਿਮ ਦਾ ਮਾਹੌਲ ਹੈ। ਨਥਾਣਾ ਦੇ ਸਾਬਕਾ ਸਰਪੰਚ ਗੁਰਭੇਜ ਸਿੰਘ ਤੋ ਇਲਾਵਾ ਕਮਲ ਸਿੰਘ, ਖਜਾਨ ਕੌਰ ਅਤੇ ਸਟਾਫ ਨਰਸ ਕੁਲਵੀਰ ਕੌਰ ਨੂੰ ਪਾਜ਼ੇਟਿਵ ਰਿਪੋਰਟ ਕਾਰਨ ਇਕਾਂਤਵਾਸ ਭੇਜਿਆ ਗਿਆ ਹੈ। ਪਿੰਡ ਗਿੱਦੜ ਦੇ ਦੋ ਪਰਿਵਾਰਾਂ ਦੇ ਅੱਧੀ ਦਰਜਨ ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਹੈ। ਰਾਜ ਸਿੰਘ ਤੇ ਉਸ ਦੀ ਪਤਨੀ ਨੂੰ ਐਬੂਲੈਸ ਰਾਹੀ ਲਿਜਣ ਸਮੇ ਉਨ੍ਹਾਂ ਦੇ ਪਰਿਵਾਰਕ ਮੈਬਰ ਨੇ ਇਕਾਂਤਵਾਸ ਭੇਜਣ ਵਾਲੀ ਟੀਮ ਨਾਲ ਝਗੜਾ ਕੀਤਾ ਜਿਸ ਦੇ ਨਤੀਜੇ ਵਜੋ ਪੁਲੀਸ ਸਹਾਇਤਾ ਲੈਣੀ ਪਈ। ਇਸ ਪਰਿਵਾਰ ਦਾ ਡੁਬਈ ਤੋ ਪਰਤਿਆ ਜਸਕਰਨ ਸਿੰਘ ਕੁਝ ਦਨਿ ਪਹਿਲਾਂ ਇਕਾਂਤਵਾਸ ਭੇਜਿਆ ਗਿਆ ਹੈ। ਪਹਿਲਾਂ ਇਕਾਂਤਵਾਸ ਭੇਜੀ ਪੁਲੀਸ ਮੁਲਾਜਮ ਦੇ ਡੇਢ ਸਾਲਾਂ ਬੱਚੇ ਸਮੇਤ ਚਾਰ ਪਰਿਵਾਰਕ ਮੈਬਰਾਂ ਨੂੰ ਵੀ ਅੱਜ ਇਕਾਂਤਵਾਸ ਭੇਜਿਆ ਗਿਆ।
ਮੋਗਾ ਸਬ-ਜੇਲ੍ਹ ਦਾ ਮੁਲਾਜ਼ਮ ਪਾਜ਼ੇਟਿਵ; ਕੈਦੀ ਤੇ ਅਮਲਾ ਤਬਦੀਲ
ਮੋਗਾ (ਮਹਿੰਦਰ ਸਿੰਘ ਰੱਤੀਆਂ): ਕੋਵਿਡ-19 ਦੀ ਲਾਗ ਨੇ ਸਥਾਨਕ ਸਬ ਜੇਲ੍ਹ ਨੂੰ ਵੀ ਭਸੂੜੀ ਪਾ ਦਿੱਤੀ। ਇੱਥੇ ਇੱਕ ਮੁਲਾਜ੍ਰਮ ਦੀ ਰਿਪੋਰਟ ਪਾਜ਼ੇਟਿਵ ਆਉਣ ਮਗਰੋਂ ਜੇਲ੍ਹ ’ਚ ਬੰਦ ਕੈਦੀ ਮਾਡਰਨ ਜੇਲ੍ਹ ਫ਼ਰੀਦਕੋਟ ਅਤੇ ਅਮਲਾ ਅਮ੍ਰਿੰਤਸਰ ਤਬਦੀਲ ਕਰ ਦਿੱਤਾ ਹੈ। ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਅੱਜ ਜ਼ਿਲ੍ਹੇ ’ਚ 6 ਨਵੇਂ ਕਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਜਿਲ੍ਹੇ ਵਿੱਚ ਹੁਣ ਤੱਕ ਕੁੱਲ 275 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ ਜਨਿ੍ਹਾਂ ਵਿੱਚੋਂ 108 ਐਕਟਿਵ ਮਰੀਜ਼ ਹਨ ਅਤੇ 161 ਤੰਦਰੁਸਤ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ। 6 ਮਰੀਜਾਂ ਦੀ ਮੌਤ ਹੋ ਚੁੱਕੀ ਹੈ। ਇਸੇ ਦੌਰਾਨ ਜਾਣਕਾਰੀ ਮਿਲੀ ਹੈ ਕਿ ਮੋਗਾ ਜਿਲ੍ਹੇ ਦੇ ਪਿੰਡ ਚੀਮਾ ਦੇ ਇੱਕ ਕਰੋਨਾ ਪਾਜ਼ੇਟਿਵ 45 ਸਾਲਾ ਵਿਅਕਤੀ ਦੀ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਹੈ।
ਥਾਣਾ ਮਹਿਲ ਕਲਾਂ ਦੀ ਮੁਖੀ ਅਤੇ ਹੌਲਦਾਰ ਦੀ ਰਿਪੋਰਟ ਪਾਜ਼ੇਟਿਵ
ਮਹਿਲ ਕਲਾਂ (ਨਵਕਿਰਨ ਸਿੰਘ): ਪੁਲੀਸ ਥਾਣਾ ਮਹਿਲ ਕਲਾਂ ਦੀ ਐਸਐਚਓ ਅਤੇ ਇੱਕ ਹੌਲਦਾਰ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਇਹ ਜਾਣਕਾਰੀ ਐਸਐਮਓ ਡਾ. ਹਰਜਿੰਦਰ ਸਿੰਘ ਆਂਡਲੂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਮਰੀਜ਼ਾਂ ਨੂੰ ਇਲਾਜ ਲਈ ਸਿਹਤ ਵਿਭਾਗ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਮਹਿਲ ਕਲਾਂ ਥਾਣੇ ਨਾਲ ਸਬੰਧਤ ਚਾਰ ਪੁਲੀਸ ਕਰਮਚਾਰੀਆਂ ਇਕਾਂਤਵਾਸ ਕਰ ਦਿੱਤਾ ਗਿਆ ਹੈ।