ਸੀਐੱਮ ਦੀ ਯੋਗਸ਼ਾਲਾ ਤਹਿਤ 5898 ਵਿਅਕਤੀਆਂ ਨੇ ਉਠਾਇਆ ਯੋਗ ਦਾ ਲਾਭ
ਪੱਤਰ ਪ੍ਰੇਰਕ
ਜਲੰਧਰ, 27 ਨਵੰਬਰ
ਪੰਜਾਬ ਸਰਕਾਰ ਵੱਲੋਂ ਚਲਾਇਆ ਗਿਆ ਸੀਐੱਮ ਦੀ ਯੋਗਸ਼ਾਲਾ ਪ੍ਰੋਗਰਾਮ, ਜਲੰਧਰ ਵਿੱਚ ਸਿਹਤ ਦੇ ਖੇਤਰ ਵਿਚ ਵਰਦਾਨ ਬਣ ਗਿਆ ਹੈ। ਇਸ ਉਪਰਾਲੇ ਸਦਕਾ ਜ਼ਿਲ੍ਹੇ ਦੇ 5,898 ਰਜਿਸਟਰਡ ਭਾਗੀਦਾਰ ਆਪਣੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਨੂੰ ਵਧਾਉਣ ਲਈ ਯੋਗ ਕਲਾਸਾਂ ਵਿੱਚ ਸਰਗਰਮੀ ਨਾਲ ਭਾਗ ਲੈ ਰਹੇ ਹਨ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਜ਼ਿਲ੍ਹੇ ਭਰ ਵਿੱਚ ਸਿਹਤਮੰਦ ਜੀਵਨ ਸ਼ੈਲੀ ਅਤੇ ਸੰਪੂਰਨ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਵਿੱਚ ਇਸ ਦੀ ਭੂਮਿਕਾ ਬਾਰੇ ਚਾਨਣਾ ਪਾਇਆ। ਉਨ੍ਹਾਂ ਜ਼ਿਕਰ ਕੀਤਾ ਕਿ 167 ਸਰਗਰਮ ਯੋਗਾ ਕਲਾਸਾਂ ਦੁਆਰਾ ਸੰਚਾਲਿਤ ਇਸ ਪ੍ਰੋਗਰਾਮ ਰਾਹੀਂ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਪਹੁੰਚ ਯਕੀਨੀ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ 80 ਕਲਾਸਾਂ ਬਲਾਕ ਪੱਧਰ ’ਤੇ ਚਲਾਈਆਂ ਜਾਂਦੀਆਂ ਹਨ ਜਦੋਂ ਕਿ 87 ਕਲਾਸਾਂ ਰਾਹੀਂ ਸ਼ਹਿਰੀ ਭਾਗੀਦਾਰਾਂ ਨੂੰ ਯੋਗ ਸਿਖਾਇਆ ਜਾ ਰਿਹਾ ਹੈ। 32 ਮੈਂਬਰੀ ਟੀਮ ਵਲੋਂ ਪ੍ਰੋਗਰਾਮ ਦੀ ਸਫਲਤਾ ਲਈ ਅਗਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਏਡੀਸੀ ਜਸਬੀਰ ਸਿੰਘ ਨੇ ਦੱਸਿਆ ਕਿ ਯੋਗਾ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਹੋਰ ਨਿਵੇਕਲੀ ਪਹਿਲਕਦਮੀ ਤਹਿਤ ਜ਼ਿਲ੍ਹੇ ਵਿੱਚ ਸੈਟੇਲਾਈਟ ਸੈਂਟਰ ਸਥਾਪਿਤ ਕੀਤੇ ਜਾ ਰਹੇ ਹਨ।