For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਦੇ ਧਰਨੇ ਕਾਰਨ 54 ਰੇਲ ਗੱਡੀਆਂ ਪ੍ਰਭਾਵਿਤ

07:08 AM Apr 21, 2024 IST
ਕਿਸਾਨਾਂ ਦੇ ਧਰਨੇ ਕਾਰਨ 54 ਰੇਲ ਗੱਡੀਆਂ ਪ੍ਰਭਾਵਿਤ
ਸ਼ੰਭੂ ਸਟੇਸ਼ਨ ਨੇੜੇ ਰੇਲ ਪਟੜੀਆਂ ’ਤੇ ਧਰਨਾ ਦਿੰਦੇ ਹੋਏ ਕਿਸਾਨ। -ਫੋਟੋ: ਰਾਜੇਸ਼ ਸੱਚਰ
Advertisement

ਸਰਬਜੀਤ ਸਿੰਘ ਭੰਗੂ/ਪੀਟੀਆਈ
ਪਟਿਆਲਾ/ਅੰਬਾਲਾ, 20 ਅਪਰੈਲ
ਹਰਿਆਣਾ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਤਿੰਨ ਕਿਸਾਨਾਂ ਦੀ ਰਿਹਾਈ ਦੀ ਮੰਗ ਲਈ ‘ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ)’ ਅਤੇ ‘ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ’ ਨੇ ਸ਼ੰਭੂ ਰੇਲਵੇ ਸਟੇਸ਼ਨ ’ਤੇ ਲਾਏ ਧਰਨੇ ਕਾਰਨ ਅੱਜ 54 ਰੇਲਗੱਡੀਆਂ ਪ੍ਰਭਾਵਿਤ ਹੋਈਆਂ, ਜਿਨ੍ਹਾਂ ਵਿੱਚੋਂ ਕੁਝ ਨੂੰ ਰੱਦ ਕਰਨਾ ਪਿਆ ਤੇ ਕਈ ਬਦਲਵੇਂ ਰੂਟਾਂ ਜ਼ਰੀਏ ਮੰਜ਼ਿਲ ’ਤੇ ਪੁੱਜੀਆਂ। ਰੇਲ ਗੱਡੀਆਂ ਰੱਦ ਹੋਣ ਕਾਰਨ ਅੱਜ ਵੀ ਹਜ਼ਾਰਾਂ ਮੁਸਾਫਰਾਂ ਨੂੰ ਮੁਸ਼ਕਲਾਂ ਨਾਲ ਜੂਝਣਾ ਪਿਆ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਕਿਸਾਨਾਂ ਦੇ ਅੰਦੋਲਨ ਕਾਰਨ ਅੰਬਾਲਾ-ਅੰਮ੍ਰਿਤਸਰ ਰੂਟ ’ਤੇ ਅੱਜ ਕੁੱਲ 54 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਪਟੜੀਆਂ ’ਤੇ ਧਰਨੇ ਕਾਰਨ ਹੁਣ ਤੱਕ 380 ਰੇਲ ਗੱਡੀਆਂ ਪ੍ਰਭਾਵਿਤ ਹੋ ਚੁੱਕੀਆਂ ਹਨ।

Advertisement

ਸ਼ੰਭੂ ਰੇਲਵੇ ਸਟੇਸ਼ਨ ’ਤੇ ਜਾਰੀ ਚੌਥੇ ਦਿਨ ਦੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ। -ਫੋਟੋ: ਭੰਗੂ

ਉਧਰ ‘ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ’ ਦੇ ਪ੍ਰਧਾਨ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਅੱਜ ਮਾਝੇ ਤੋਂ ਪੁੱਜੇ ਕਿਸਾਨ ਬੀਬੀਆਂ ਦੇ ਇੱਕ ਵੱਡੇ ਜਥੇ ਨੇ ਵੀ ਰੇਲਵੇ ਟਰੈਕ ’ਤੇ ਲੱਗੇ ਇਸ ਧਰਨੇ ’ਚ ਸ਼ਮੂਲੀਅਤ ਕੀਤੀ। ਚਾਰ ਦਿਨਾਂ ਤੋਂ ਜਾਰੀ ਇਸ ਧਰਨੇ ’ਚ ਸਰਵਣ ਪੰਧੇਰ ਦੀ ਵੀ ਅੱਜ ਪਲੇਠੀ ਸ਼ਮੂਲੀਅਤ ਰਹੀ। ਇਸ ਮੌਕੇ ਪੰਧੇਰ ਨੇ ਕਿਹਾ ਕਿ ਤਿੰਨੋਂ ਕਿਸਾਨ ਸਾਥੀਆਂ ਦੀ ਰਿਹਾਈ ਤੱਕ ਇਹ ਧਰਨਾ ਅਤੇ ਸਵਾ ਦੋ ਮਹੀਨੇ ਤੋਂ ਸ਼ੰਭੂ ਬਾਰਡਰ ’ਤੇ ਜਾਰੀ ਧਰਨਾ ਵੀ ਕਿਸਾਨੀ ਮੰਗਾਂ ਦੀ ਪੂਰਤੀ ਤੱਕ ਜਾਰੀ ਰਹੇਗਾ। ਉਨ੍ਹਾਂ ਨੇ ਦੁਹਰਾਇਆ ਕਿ ਜੇਕਰ 21 ਅਪਰੈਲ ਦੀ ਸ਼ਾਮ ਤੱਕ ਵੀ ਕਿਸਾਨ ਨਾ ਰਿਹਾਅ ਕੀਤੇ ਗਏ, ਤਾਂ ਕਿਸਾਨ ਮੋਰਚੇ ਵੱਲੋਂ 22 ਤਰੀਕ ਨੂੰ ਹਰਿਆਣਾ ਦੇ ਜੀਂਦ ਵਿੱਚ ਕਿਸਾਨ ਪੰਚਾਇਤ ਕਰ ਕੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਨਵੇਂ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਅੱਜ ਧਰਨੇ ਨੂੰ ਸੁਰਜੀਤ ਫੂਲ, ਗੁਰਵਨੀਤ ਮਾਂਗਟ, ਸੁਖਜੀਤ ਹਰਦੋਝੰਡੇ, ਬਲਵੰਤ ਬਹਿਰਾਮਕੇ, ਮਨਜੀਤ ਰਾਏ, ਮਨਜੀਤ ਘੁਮਾਣਾ, ਮਲਕੀਤ ਗੁਲਾਮੀਵਾਲਾ, ਮਨਜੀਤ ਨਿਆਲ਼, ਮਾਨ ਸਿੰਘ ਰਾਜਪੁਰਾ ਅਤੇ ਅਸ਼ੋਕ ਬੁਲਾਰਾ ਆਦਿ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ ਤੇ ਪੰਜਾਬ ਸਰਕਾਰ ਨੂੰ ਵੀ ਲੰਮੇ ਹੱਥੀਂ ਲਿਆ। ‘ਆਪ’ ਸਰਕਾਰ ਨੂੰ ਕਿਸਾਨ ਵਿਰੋਧੀ ਗਰਦਾਨਦਿਆਂ, ਬੁਲਾਰਿਆਂ ਦਾ ਕਹਿਣਾ ਸੀ ਕਿ ਇਸ ਸਰਕਾਰ ਨੇ ਜਿਥੇ ਪਹਿਲਾਂ ਕਿਸਾਨਾ ਦੀਆਂ ਫਸਲਾਂ ਦੇ ਹੋਏ ਨੁਕਸਾਨ ਦੀ ਭਰਪਾਈ ਨਹੀਂ ਕੀਤੀ, ਉਥੇ ਹੀ ਹੁਣ ਫੇਰ ਮੀਂਹ ਅਤੇ ਗੜਿਆਂ ਨਾਲ ਹੋਏ ਫਸਲੀ ਨੁਕਸਾਨ ਬਾਰੇ ਚੁੱਪ ਧਾਰ ਲਈ ਹੈ। ਸੁਰਜੀਤ ਫੂਲ ਨੇ ਕਿਹਾ ਕਿ ਮੰਡੀਆ ’ਚ ਵੀ ਕਣਕ ਦੀ ਖਰੀਦ ਸਬੰਧੀ ਢੁਕਵੇਂ ਪ੍ਰਬੰਧ ਨਹੀ ਕੀਤੇ ਗਏ। ਪੰਧੇਰ ਨੇ ਕਿਸਾਨ ਭਾਈਚਾਰੇ ਨੂੰ ਭਾਜਪਾ ਉਮੀਦਵਾਰਾਂ ਅਤੇ ਉਨ੍ਹਾਂ ਦੀਆਂ ਹਮਾਇਤੀ ਧਿਰਾਂ ਕੋਲੋਂ ਕਿਸਾਨੀ ਮਸਲਿਆਂ ’ਤੇ ਸਵਾਲ ਜਵਾਬ ਕਰਨ ਦਾ ਸਿਲਸਿਲਾ ਜਾਰੀ ਰੱਖਣ ਲਈ ਆਖਿਆ। ਜ਼ਿਕਰਯੋਗ ਹੈ ਕਿ ਕਿਸਾਨ ਨਵਦੀਪ ਬਲਵੇੜਾ ਅਤੇ ਗੁਰਪ੍ਰੀਤ ਸਿੰਘ ਆਦਿ ਦੀ ਰਿਹਾਈ ਦੀ ਮੰਗ ਕਰ ਰਹੇ ਹਨ। ਆਗੂਆਂ ਦਾ ਇਹ ਵੀ ਕਹਿਣਾ ਹੈ ਹਰਿਆਣਾ ਪੁਲੀਸ ਕਿਸਾਨਾ ਨੂੰ ਮੁਹਾਲੀ ਤੋਂ ਚੁੱਕ ਕੇ ਲੈ ਗਈ ਸੀ, ਪਰ ਪੰਜਾਬ ਸਰਕਾਰ ਨੇ ਇਸ ਸਬੰਧੀ ਉਕਾ ਹੀ ਕੋਈ ਵੀ ਕਾਰਵਾਈ ਨਹੀਂ ਕੀਤੀ। ਇਸੇ ਦੌਰਾਨ ਸ਼ੰਭੂ ਰੇਲਵੇ ਸਟੇਸ਼ਨ ’ਤੇ ਜਾਰੀ ਧਰਨੇ ’ਚ ਸ਼ਾਮਲ ਹੋਏ ਬੀਬੀਆਂ ਦੇ ਜਥੇ ਨੇ ਹਕੂਮਤਾਂ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਕਿਹਾ ਕਿ ਉਹ ਆਪਣੇ ਵੀਰਾਂ ਦੀ ਰਿਹਾਈ ਤੱਕ ਇਥੇ ਹੀ ਡਟੀਆਂ ਰਹਿਣਗੀਆਂ।

Advertisement
Author Image

sukhwinder singh

View all posts

Advertisement
Advertisement
×