ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ 5 ਮੈਂਬਰ ਕਾਬੂ
ਸਰਬਜੀਤ ਸਿੰਘ ਭੰਗੂ
ਪਟਿਆਲਾ, 7 ਅਕਤੂਬਰ
ਸੀਆਈਏ ਸਟਾਫ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਤੇ ਟੀਮ ਨੇ ਪੰਜ ਨੌਜਵਾਨਾਂ ਨੂੰ ਤਿੰਨ ਪਿਸਤੌਲਾਂ ਤੇ ਹੋਰ ਮਾਰੂ ਹਥਿਆਰਾਂ ਸਣੇ ਕਾਬੂ ਕੀਤਾ ਹੈ। ਇਹ ਕਾਰਵਾਈ ਐਸਪੀ ਇਨਵੈਸਟੀਗੇਸ਼ਨ ਯੋਗੇਸ਼ ਸ਼ਰਮਾ ਤੇ ਡੀਐਸਪੀ ਵੈਭਬ ਚੌਧਰੀ ਦੀ ਨਿਗਰਾਨੀ ਹੇਠ ਕੀਤੀ ਗਈ। ਇਥੇ ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਇਸ ਗਰੋਹ ਨੇ ਗੈਂਗਸਟਰਾਂ ਦੇ ਨਾਂ ’ਤੇ ਲੋਕਾਂ ਤੋਂ ਫਿਰੌਤੀਆਂ ਮੰਗੀਆਂ ਤੇ ਲੁੱਟਾਂ ਖੋਹਾਂ ਦੀਆਂ ਕਈ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ। ਇਨ੍ਹਾਂ ਦੀ ਪਛਾਣ ਗੁਰਸੇਵਕ ਸਿੰਘ ਸੇਵਕ ਵਾਸੀ ਖਿੱਲਣ ਜ਼ਿਲ੍ਹਾ ਮਾਨਸਾ, ਸੰਦੀਪ ਸਿੰਘ ਸੁੱਖਾ ਵਾਸੀ ਮੁਕਤਸਰ ਸਾਹਿਬ, ਸੁਖਵਿੰਦਰ ਸਿੰਘ ਬੌਬੀ ਵਾਸੀ ਮੌੜ ਜ਼ਿਲ੍ਹਾ ਬਠਿੰਡਾ, ਸੁਖਵੀਰ ਸਿੰਘ ਵਿਸ਼ਾਲ ਤੇ ਹਰਬੰਸ ਸਿੰਘ ਨਿਕੜੀ ਵਾਸੀ ਮਾਨਸਾ ਸ਼ਾਮਲ ਹਨ। ਇਨ੍ਹਾਂ ਖਿਲਾਫ਼ ਪਹਿਲਾਂ ਹੀ ਕਤਲ, ਇਰਾਦਾ ਕਤਲ ਅਤੇ ਲੁੱਟ-ਖੋਹ ਆਦਿ ਦੇ ਕੇਸ ਦਰਜ ਹਨ। ਉਧਰ ਇਨ੍ਹਾਂ ਨੂੰ ਕਾਬੂ ਕਰਨ ਵਾਲੀ ਟੀਮ ਦੇ ਮੁਖੀ ਇੰਸਪੈਕਟਰ ਸ਼ਮਿੰਦਰ ਸਿੰਘ ਦਾ ਕਹਿਣਾ ਸੀ ਕਿ ਇਨ੍ਹਾਂ ਮੁਲਜ਼ਮਾਂ ਨੂੰ ਸਨੌਰ ਨੇੜਲੇ ਪਿੰਡ ਬੂਟਾ ਸਿੰਘ ਵਾਲਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋਂ ਬਰਾਮਦ ਹੋਈਆਂ ਪਿਸਤੌਲਾਂ ਗੁਰਸੇਵਕ ਸਿੰਘ ਅਤੇ ਸੰਦੀਪ ਸਿੰਘ ਨੇ ਪਾਤੜਾਂ ਗੋਲੀ ਕਾਂਡ ’ਚ ਵਰਤੀਆਂ ਸਨ। ਇਸ ਸਬੰਧੀ ਥਾਣਾ ਸਨੌਰ ਵਿਚ ਕੇਸ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇੰਸਪੈਕਟਰ ਸ਼ਮਿੰਦਰ ਸਿੰਘ ਤੇ ਟੀਮ ਪਹਿਲਾਂ ਹੀ ਕਈ ਖਤਰਨਾਕ ਅਪਰਾਧੀਆਂ ਨੂੰ ਕਾਬੂ ਕਰ ਚੁੱਕੀ ਹੈ ਜਿਸ ਕਾਰਨ ਇੰਸਪੈਕਟਰ ਸ਼ਮਿੰਦਰ ਨੂੰ ਵੱਕਾਰੀ ਐਵਾਰਡ ਵੀ ਮਿਲ ਚੁੱਕੇ ਹਨ।