ਫ਼ਰੀਦਾਬਾਦ ਦੇ ਛੇ ਵਿਧਾਨ ਸਭਾ ਹਲਕਿਆਂ ਵਿੱਚ 48 ਫ਼ੀਸਦ ਵੋਟਾਂ ਪਈਆਂ
ਪੱਤਰ ਪ੍ਰੇਰਕ
ਫਰੀਦਾਬਾਦ, 5 ਅਕਤੂਬਰ
ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਫਰੀਦਾਬਾਦ ਜ਼ਿਲ੍ਹੇ ਦੇ ਸਾਰੇ ਛੇ ਵਿਧਾਨ ਸਭਾ ਹਲਕਿਆਂ ਦੇ 1650 ਪੋਲਿੰਗ ਸਟੇਸ਼ਨਾਂ ’ਤੇ ਸਵੇਰੇ 7 ਵਜੇ ਤੋਂ ਵੋਟਾਂ ਪੈਣੀਆਂ ਸ਼ੁਰੂ ਹੋਈਆਂ। ਵੋਟਾਂ ਸ਼ਾਮ 6 ਵਜੇ ਤੱਕ ਪੈਂਦੀਆਂ ਰਹੀਆਂ। ਇਸ ਦੌਰਾਨ 48 ਫ਼ੀਸਦ ਵੋਟਰਾਂ ਨੇ ਵੋਟ ਦੀ ਵਰਤੋਂ ਕੀਤੀ। ਛੇ ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 64 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚ ਬੜਖਲ ਤੋਂ 9, ਬੱਲਭਗੜ੍ਹ ਤੋਂ 8, ਫਰੀਦਾਬਾਦ ਤੋਂ 8, ਐੱਨਆਈਟੀ ਤੋਂ 13, ਪ੍ਰਿਥਲਾ ਤੋਂ 13 ਅਤੇ ਫਰੀਦਾਬਾਦ ਜ਼ਿਲ੍ਹੇ ਦੇ ਤਿਗਾਂਵ ਵਿਧਾਨ ਸਭਾ ਹਲਕੇ ਤੋਂ 17 ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿੱਚ ਬੰਦ ਕਰ ਦਿੱਤੀ ਗਈ।
ਆਖਰੀ ਅੰਕੜੇ ਜਾਰੀ ਕਰਨ ਤੱਕ 48 ਫੀਸਦੀ ਪੋਲਿੰਗ ਹੋ ਚੁੱਕੀ ਸੀ। ਜੋ ਪਹਿਲਾਂ ਨਾਲੋਂ ਘੱਟ ਮੰਨੀ ਜਾ ਰਹੀ ਹੈ। ਇਸ ਕਰਕੇ ਸੱਤਾਧਾਰੀ ਧਿਰ ਦੇ ਨਾਲ ਨਾਲ ਵਿਰੋਧੀ ਧਿਰ ਵੀ ਭੰਬਲਭੂਸੇ ਵਿੱਚ ਪੈ ਗਈ ਹੈ।
ਫਰੀਦਾਬਾਦ ਜ਼ਿਲ੍ਹੇ ਵਿੱਚ ਕੁੱਲ 17,94,552 ਵੋਟਰ ਸਨ, ਜਿਨ੍ਹਾਂ ਵਿੱਚੋਂ 9,76,504 ਪੁਰਸ਼, 8,17,968 ਔਰਤਾਂ ਅਤੇ 80 ਟਰਾਂਸਜੈਂਡਰ ਸਨ। ਬੜਖਲ ਦੇ 283 ਪੋਲਿੰਗ ਸਟੇਸ਼ਨਾਂ ’ਤੇ 332125, ਬੱਲਭਗੜ੍ਹ ਦੇ 249 ਪੋਲਿੰਗ ਸਟੇਸ਼ਨਾਂ ‘ਤੇ 274743, ਫਰੀਦਾਬਾਦ ਦੇ 288 ਪੋਲਿੰਗ ਸਟੇਸ਼ਨਾਂ ’ਤੇ 321159 ਵੋਟਰ ਅਤੇ ਤਿਗਾਂਵ ਵਿੱਚ 345 ਪੋਲਿੰਗ ਸਟੇਸ਼ਨ ਅਤੇ 374454 ਵੋਟਰ ਹਨ।
ਫਰੀਦਾਬਾਦ ਜ਼ਿਲ੍ਹੇ ਵਿੱਚ ਵੋਟ ਫ਼ੀਸਦ ਵਧਾਉਣ ਲਈ ਸਮੂਹ ਹਾਊਸਿੰਗ ਸੁਸਾਇਟੀਆਂ ਵਿੱਚ ਵੀ 57 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਵਿਧਾਨ ਸਭਾ ਹਲਕਿਆਂ ਵਿੱਚ ਪਿੰਕ ਬੂਥ ਬਣਾਏ ਗਏ ਹਨ। ਵੋਟਿੰਗ ਫ਼ੀਸਦ ਨੂੰ ਵਧਾਉਣ ਲਈ ਜ਼ਿਲ੍ਹਾ ਚੋਣ ਅਫ਼ਸਰ ਅਤੇ ਡੀਸੀ ਵਿਕਰਮ ਸਿੰਘ ਨੇ ਆਪਣੇ ਸੰਦੇਸ਼ ਵਿੱਚ ਵੋਟਰਾਂ ਨੂੰ ਆਪਣੀ ਵੋਟ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਜ਼ਿਲ੍ਹੇ ਦੇ ਸਾਰੇ ਪੋਲਿੰਗ ਸਟੇਸ਼ਨਾਂ ਦੀ ਵੈਬਕਾਸਟਿੰਗ ਕੀਤੀ ਗਈ, ਜਿਸ ਦੀ ਨਿਗਰਾਨੀ ਲਈ ਮਿੰਨੀ ਸਕੱਤਰੇਤ ਵਿੱਚ ਸਥਿਤ ਕਾਨਫਰੰਸ ਹਾਲ ਵਿੱਚ ਕੰਟਰੋਲ ਰੂਮ ਬਣਾਇਆ ਗਿਆ ਸੀ।
ਤਿਗਾਂਵ ਹਲਕੇ ਵਿੱਚ ਸਭ ਤੋਂ ਵੱਧ ਵੋਟਾਂ ਪਈਆਂ
ਜ਼ਿਲ੍ਹਾ ਫਰੀਦਾਬਾਦ ਵਿੱਚ ਔਸਤ ਪੋਲਿੰਗ 51 ਫ਼ੀਸਦ, ਬੜਖਲ ਵਿੱਚ ਕਰੀਬ 48 ਫ਼ੀਸਦੀ, ਬੱਲਭਗੜ੍ਹ 51, ਫਰੀਦਾਬਾਦ ਵਿੱਚ 51.2 ਫ਼ੀਸਦ, ਫਰੀਦਾਬਾਦ ਐੱਨਆਈਟੀ ਹਲਕੇ ਵਿੱਚ 60 ਫ਼ੀਸਦ ਤੋਂ ਵੱਧ, ਪ੍ਰਿਥਲਾ ਵਿੱਚ 70.1 ਫ਼ੀਸਦ ਤੇ ਤਿਗਾਂਵ ਵਿਧਾਨ ਸਭਾ ਹਲਕੇ ਵਿੱਚ ਕਰੀਬ 52 ਫ਼ੀਸਦ ਵੋਟਾਂ ਪਈਆਂ।