ਰੂਸੀ ਫੌਜ ਵੱਲੋਂ 45 ਭਾਰਤੀ ਰਿਹਾਅ
* ਬਾਕੀਆਂ ਦੀ ਜਲਦੀ ਘਰ ਵਾਪਸੀ ਲਈ ਗੱਲਬਾਤ ਜਾਰੀ
ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 12 ਸਤੰਬਰ
ਰੂਸੀ ਫੌਜ ਵਿਚ ਜਬਰੀ ਸ਼ਾਮਲ ਕੀਤੇ 45 ਭਾਰਤੀ ਨਾਗਰਿਕਾਂ ਨੂੰ ਸੇਵਾਵਾਂ ਤੋਂ ਮੁਕਤ ਕਰਦਿਆਂ ਰਿਹਾਅ ਕਰ ਦਿੱਤਾ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ ਕਿ 50 ਤੋਂ ਵੱਧ ਭਾਰਤੀ ਨਾਗਰਿਕ ਹਾਲੇ ਵੀ ਯੂਕਰੇਨ ਖਿਲਾਫ਼ ਜੰਗ ਵਿਚ ਵੱਖ ਵੱਖ ਮੋਰਚਿਆਂ ’ਤੇ ਫਸੇ ਹਨ ਤੇ ਇਨ੍ਹਾਂ ਦੀ ਰਿਹਾਈ ਲਈ ਕੋਸ਼ਿਸ਼ਾਂ ਜਾਰੀ ਹਨ। ਸੂਤਰਾਂ ਨੇ ਕਿਹਾ ਕਿ ਜਿਨ੍ਹਾਂ 45 ਭਾਰਤੀਆਂ ਦੀ ਰੂਸੀ ਫੌਜ ’ਚੋਂ ਖਲਾਸੀ ਹੋਈ ਹੈ, ਉਨ੍ਹਾਂ ਵਿਚੋਂ 22 ਆਪਣੇ ਘਰਾਂ ਨੂੰ ਪਰਤ ਆਏ ਹਨ। ਇਨ੍ਹਾਂ ਵਿਚੋਂ ਛੇ ਭਾਰਤੀ ਨਾਗਰਿਕ ਦੋ ਦਿਨ ਪਹਿਲਾਂ ਭਾਰਤ ਪੁੱਜੇ ਹਨ। ਤਰਜਮਾਨ ਨੇ ਕਿਹਾ ਕਿ ਬਾਕੀਆਂ ਦੇ ਕੇਸ ਅਮਲ ਅਧੀਨ ਹਨ ਤੇ ਉਨ੍ਹਾਂ ਦੀ ਵੀ ਜਲਦੀ ਘਰ ਵਾਪਸੀ ਹੋਵੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਲੀਆ ਮਾਸਕੋ ਫੇਰੀ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਰੂਸੀ ਫੌਜ ਵਿਚ ਧੋਖੇ ਤੇ ਝੂਠ ਬੋਲ ਕੇ ਸ਼ਾਮਲ ਕੀਤੇ ਤੇ ਜਬਰੀ ਜੰਗ ਦੇ ਮੈਦਾਨ ਵਿਚ ਧੱਕੇ ਸਾਰੇ ਭਾਰਤੀਆਂ ਨੂੰ ਰਿਹਾਅ ਕਰਨ ਦਾ ਵਾਅਦਾ ਕੀਤਾ ਸੀ। ਕਾਬਿਲੇਗੌਰ ਹੈ ਕਿ ਨਵੀਂ ਦਿੱਲੀ ਤੋਂ ਤਾਮਿਲ ਨਾਡੂ ਤੱਕ ਫੈਲੇ ਮਨੁੱਖੀ ਤਸਕਰੀ ਨੈੱਟਵਰਕ ਵੱਲੋਂ ਸੋਸ਼ਲ ਮੀਡੀਆ ਪਲੈਟਫਾਰਮਾਂ ਤੇ ਸਥਾਨਕ ਏਜੰਟਾਂ ਦੀ ਮਦਦ ਨਾਲ ਲੋਕਾਂ ਨੂੰ ਚੰਗੀਆਂ ਨੌਕਰੀਆਂ ਦਾ ਲਾਲਚ ਦੇ ਕੇ ਜਾਂ ‘ਸ਼ੱਕੀ ਪ੍ਰਾਈਵੇਟ ਯੂਨੀਵਰਸਿਟੀਆਂ’ ਵਿਚ ਦਾਖ਼ਲਿਆਂ ਦੀ ਪੇਸ਼ਕਸ਼ ਕਰਕੇ ਰੂਸ ਭੇਜਿਆ ਜਾਂਦਾ ਹੈ। ਇਕ ਵਾਰੀ ਰੂਸ ਪਹੁੰਚਣ ਮਗਰੋਂ ਇਨ੍ਹਾਂ ਦੇ ਪਾਸਪੋਰਟ ਖੋਹ ਲਏ ਜਾਂਦੇ ਹਨ ਤੇ ਜੰਗ ਦੇ ਮੈਦਾਨ ਵਿਚ ਧੱਕਣ ਤੋਂ ਪਹਿਲਾਂ ਉਨ੍ਹਾਂ ਨੂੰ ਸੁਰੱਖਿਆ ਬਲਾਂ ਵਾਲੀ ਸਿਖਲਾਈ ਦਿੱਤੀ ਜਾਂਦੀ ਹੈ। ਸੌ ਦੇ ਕਰੀਬ ਭਾਰਤੀ ਨਾਗਰਿਕ ਰੂਸ ਵਿਚ ਫਸੇ ਹੋਏ ਸਨ। ਯੂਕਰੇਨ ਖਿਲਾਫ਼ ਜੰਗ ਦੇ ਮੈਦਾਨ ’ਚ ਧੱਕੇ ਅੱਠ ਭਾਰਤੀਆਂ ਦੀ ਮੌਤ ਹੋ ਚੁੱਕੀ ਹੈ।
ਰੂਸ-ਯੂਕਰੇਨ ਨੂੰ ਭਰੋਸੇ ’ਚ ਲਏ ਬਗੈਰ ਸ਼ਾਂਤੀ ਵਾਰਤਾ ਸੰਭਵ ਨਹੀਂ: ਜੈਸ਼ੰਕਰ
ਜਨੇਵਾ:
ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਕਿਹਾ ਕਿ ਭਾਰਤ ਉਨ੍ਹਾਂ ਕੁਝ ਮੁਲਕਾਂ ਵਿਚ ਸ਼ਾਮਲ ਹੈ, ਜੋ ਰੂਸ ਤੇ ਯੂਕਰੇਨ ਨਾਲ ਗੱਲਬਾਤ ਕਰਕੇ ਜੰਗ ਦੇ ਮੈਦਾਨ ਤੋਂ ਬਾਹਰ ਇਸ ਮਸਲੇ ਦਾ ਹੱਲ ਲੱਭ ਸਕਦਾ ਹੈ। ਜੈਸ਼ੰਕਰ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਦੋਵਾਂ ਧਿਰਾਂ ਨੂੰ ਭਰੋਸੇ ਵਿਚ ਲਏ ਬਿਨਾਂ ਇਹ ਸੰਭਵ ਨਹੀਂ ਹੈ। ਥਿੰਕ ਟੈਂਕ ਗਲੋਬਲ ਸੈਂਟਰ ਫਾਰ ਸਕਿਉਰਿਟੀ ਪਾਲਿਸੀ ਦੇ ਰਾਜਦੂਤ ਜੀਨ ਡੇਵਿਡ ਲੈਵਿਟ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿਚ ਜੈਸ਼ੰਕਰ ਨੇ ਕਿਹਾ, ‘ਅਸੀਂ ਇਸ ਮਸਲੇ ਦਾ ਫੌਜੀ ਹੱਲ ਨਹੀਂ ਕੱਢਾਂਗੇ, ਇਸ ਦਾ ਕੋਈ ਕੂਟਨੀਤਕ ਤੇ ਗੱਲਬਾਤ ਰਾਹੀਂ ਹੱਲ ਹੋਣਾ ਚਾਹੀਦਾ ਹੈ।’ ਜੈਸ਼ੰਕਰ ਨੇ ਇਸ ਦਲੀਲ ਨੂੰ ਖਾਰਜ ਕਰ ਦਿੱਤਾ ਕਿ ‘ਬ੍ਰਿਕਸ’ ਸਮੂਹ ਦੀ ਲੋੜ ਨਹੀਂ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਜਦੋਂ ਜੀ7 ਹੋ ਸਕਦਾ ਹੈ ਜਦੋਂ ਜੀ20 ਹੈ ਤਾਂ ਫਿਰ ਬ੍ਰਿਕਸ ਕਿਉਂ ਨਹੀਂ। -ਪੀਟੀਆਈ
ਡੋਵਾਲ ਨੇ ਪੂਤਿਨ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ:
ਯੂਕਰੇਨ ਜੰਗ ਦਾ ਹੱਲ ਲੱਭਣ ਦੀਆਂ ਕੋਸ਼ਿਸ਼ਾਂ ਦਰਮਿਆਨ ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਵਾਲ ਨੇ ਅੱਜ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਮੁਲਾਕਾਤ ਕੀਤੀ। ਇਹ ਮੀਟਿੰਗ ਸੇਂਟ ਪੀਟਰਜ਼ਬਰਗ ’ਚ ਬ੍ਰਿਕਸ ਮੁਲਕਾਂ ਦੇ ਕੌਮੀ ਸੁਰੱਖਿਆ ਸਲਾਹਕਾਰਾਂ ਦੇ ਸੰਮੇਲਨ ਤੋਂ ਅੱਡ ਹੋਈ। ਇਸ ਤੋਂ ਪਹਿਲਾਂ ਰੂਸੀ ਹਮਰੁਤਬਾ ਸਰਗੇਈ ਸ਼ੋਇਗੂ ਨਾਲ ਗੱਲਬਾਤ ਦੌਰਾਨ ਡੋਵਾਲ ਨੇ ਯੂਕਰੇਨ ਜੰਗ ਦਾ ਹੱਲ ਕੱਢਣ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਡੋਵਾਲ ਨਾਲ ਗੱਲਬਾਤ ਦੌਰਾਨ ਪੂਤਿਨ ਨੇ ਆਸ ਜਤਾਈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਮਹੀਨੇ ਰੂਸ ਦੇ ਕਜ਼ਾਨ ’ਚ ਹੋਣ ਵਾਲੇ ਸਾਲਾਨਾ ਬ੍ਰਿਕਸ ਸਿਖਰ ਸੰਮੇਲਨ ’ਚ ਹਾਜ਼ਰੀ ਜ਼ਰੂਰ ਭਰਨਗੇ। ਰੂਸੀ ਰਾਸ਼ਟਰਪਤੀ ਨੇ 22 ਅਕਤੂਬਰ ਨੂੰ ਮੋਦੀ ਨਾਲ ਦੁਵੱਲੀ ਮੀਟਿੰਗ ਦੀ ਪੇਸ਼ਕਸ਼ ਵੀ ਕੀਤੀ ਹੈ ਤਾਂ ਜੋ ਦੁਵੱਲੇ ਸਬੰਧਾਂ ਦੀ ਨਜ਼ਰਸਾਨੀ ਤੋਂ ਇਲਾਵਾ ਭਵਿੱਖ ਮੁਖੀ ਕਾਰਵਾਈਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ। ਰੂਸੀ ਮੀਡੀਆ ਨੇ ਪੂਤਿਨ ਦੇ ਹਵਾਲੇ ਨਾਲ ਕਿਹਾ, ‘ਅਸੀਂ ਆਪਣੇ ਚੰਗੇ ਦੋਸਤ ਮੋਦੀ ਦੀ ਉਡੀਕ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ।’ ਇਸ ਤੋਂ ਪਹਿਲਾਂ ਡੋਵਾਲ ਨੇ ਬੁੱਧਵਾਰ ਨੂੰ ਸੇਂਟ ਪੀਟਰਜ਼ਬਰਗ ’ਚ ਆਪਣੇ ਰੂਸੀ ਹਮਰੁਤਬਾ ਸਰਗੇਈ ਸ਼ੋਇਗੂ ਨਾਲ ਵੱਖ ਵੱਖ ਮੁੱਦਿਆਂ ’ਤੇ ਗੱਲਬਾਤ ਕੀਤੀ ਸੀ। ਯੂਕਰੇਨ ਜੰਗ ਦਾ ਹੱਲ ਲੱਭਣ ’ਚ ਭਾਰਤ ਦੀ ਸੰਭਾਵੀ ਭੂਮਿਕਾ ਦੇ ਸੱਦੇ ਦਰਮਿਆਨ ਦੋਵੇਂ ਆਗੂਆਂ ਨੇ ਆਪਸੀ ਹਿੱਤਾਂ ਦੇ ਅਹਿਮ ਮੁੱਦਿਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਡੋਵਾਲ ਬ੍ਰਿਕਸ ਮੁਲਕਾਂ ਦੇ ਕੌਮੀ ਸੁਰੱਖਿਆ ਸਲਾਹਕਾਰਾਂ ਦੇ ਸੰਮੇਲਨ ’ਚ ਹਿੱਸਾ ਲੈਣ ਲਈ ਰੂਸ ’ਚ ਹਨ। ਮੰਨਿਆ ਜਾ ਰਿਹਾ ਹੈ ਕਿ ਦੋਵੇਂ ਐੱਨਐੱਸਏਜ਼ ਵਿਚਕਾਰ ਹੋਈ ਗੱਲਬਾਤ ਦੌਰਾਨ ਕੀਵ ’ਚ 23 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੂਕਰੇਨੀ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨਾਲ ਹੋਈ ਵਾਰਤਾ ਦਾ ਵੀ ਜ਼ਿਕਰ ਹੋਇਆ ਹੈ। ਰੂਸ ’ਚ ਭਾਰਤੀ ਸਫ਼ਾਰਤਖਾਨੇ ਨੇ ਕਿਹਾ, ‘ਦੋਵੇਂ ਮੁਲਕਾਂ ਨੇ ਦੁਵੱਲੇ ਸਹਿਯੋਗ ਅਤੇ ਆਪਸੀ ਹਿੱਤਾਂ ਦੇ ਅਹਿਮ ਮੁੱਦਿਆਂ ਬਾਰੇ ਨਜ਼ਰਸਾਨੀ ਕੀਤੀ ਹੈ।’ ਭਾਰਤ ਆਖਦਾ ਆ ਰਿਹਾ ਹੈ ਕਿ ਰੂਸ-ਯੂਕਰੇਨ ਜੰਗ ਦਾ ਹੱਲ ਵਾਰਤਾ ਅਤੇ ਕੂਟਨੀਤੀ ਰਾਹੀਂ ਕੱਢਿਆ ਜਾਣਾ ਚਾਹੀਦਾ ਹੈ। -ਪੀਟੀਆਈ
ਪੂਰਬੀ ਲੱਦਾਖ ’ਚੋਂ ਫੌਜਾਂ ਦੀ ਫੌਰੀ ਵਾਪਸੀ ਲਈ ਭਾਰਤ-ਚੀਨ ਰਲ ਕੇ ਕੰਮ ਕਰਨਗੇ
ਨਵੀਂ ਦਿੱਲੀ:
ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਅੱਜ ਸੇਂਟ ਪੀਟਰਜ਼ਬਰਗ ’ਚ ਚੀਨੀ ਵਿਦੇਸ਼ ਮੰਤਰੀ ਵੈਂਗ ਯੀ ਨਾਲ ਮੁਲਾਕਾਤ ਕਰਕੇ ਪੂਰਬੀ ਲੱਦਾਖ ’ਚ ਵਿਵਾਦਤ ਖ਼ਿੱਤਿਆਂ ’ਚੋਂ ਫੌਜਾਂ ਦੀ ਫੌਰੀ ਵਾਪਸੀ ਲਈ ਰਲ ਕੇ ਕੰਮ ਕਰਨ ’ਤੇ ਸਹਿਮਤੀ ਜਤਾਈ। ਡੋਵਾਲ ਨੇ ਵੈਂਗ ਨੂੰ ਕਿਹਾ ਕਿ ਦੁਵੱਲੇ ਸਬੰਧਾਂ ਨੂੰ ਸੁਖਾਵਾਂ ਬਣਾਉਣ ਲਈ ਅਸਲ ਕੰਟਰੋਲ ਰੇਖਾ ’ਤੇ ਸ਼ਾਂਤੀ ਬਹਾਲੀ ਜ਼ਰੂਰੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਵੇਂ ਆਗੂਆਂ ਦੀ ਮੀਟਿੰਗ ਨਾਲ ਅਸਲ ਕੰਟਰੋਲ ਰੇਖਾ ’ਤੇ ਬਕਾਇਆ ਪਏ ਮੁੱਦਿਆਂ ਦਾ ਫੌਰੀ ਹੱਲ ਲੱਭਣ ਦਾ ਮੁੱਢ ਬੱਝ ਗਿਆ ਹੇ। -ਪੀਟੀਆਈ