ਸੈਂਸੈਕਸ ’ਚ 426 ਅੰਕਾਂ ਦੀ ਗਿਰਾਵਟ
ਮੁੰਬਈ:
ਸਥਾਨਕ ਸ਼ੇਅਰ ਬਾਜ਼ਾਰ ’ਚ ਅੱਜ ਭਾਰੀ ਵਿਕਰੀ ਦੇ ਰੁਝਾਨ ਕਾਰਨ ਬੀਐੱਸਈ ਸੈਂਸੈਕਸ 426 ਤੋਂ ਵੱਧ ਅੰਕਾਂ ਦੀ ਗਿਰਾਵਟ ਨਾਲ ਰਿਕਾਰਡ ਪੱਧਰ ਤੋਂ ਹੇਠਾਂ ਆ ਕੇ 79,924.77 ਅੰਕਾਂ ’ਤੇ ਬੰਦ ਹੋਇਆ। ਇਸ ਗਿਰਾਵਟ ਕਾਰਨ ਧਾਤਾਂ, ਵਾਹਨ ਤੇ ਆਈ ਕੰਪਨੀਆਂ ਦੇ ਸ਼ੇਅਰ ਨੁਕਸਾਨ ’ਚ ਰਹੇ। ਕਾਰੋਬਾਰੀਆਂ ਮੁਤਾਬਕ ਅਮਰੀਕਾ ’ਚ ਨੀਤੀਗਤ ਦਰਾਂ ’ਚ ਕਟੌਤੀ ਨੂੰ ਲੈ ਕੇ ਬਣੀ ਬੇਯਕੀਨੀ ਕਾਰਨ ਘਰੇਲੂ ਮਾਰਕੀਟ ਅਸਰਅੰਦਾਜ਼ ਹੋਈ। ਉਤਰਾਅ-ਚੜ੍ਹਾਅ ਦੌਰਾਨ ਬੀਐੱਸਈ ਸੈਂਸੈਕਸ 426.87 ਅੰਕ ਜਾਂ 0.53 ਫ਼ੀਸਦ ਡਿੱਗ ਕੇ 79,924.77 ਅੰਕਾਂ ’ਤੇ ਬੰਦ ਹੋਇਆ। ਹਾਲਾਂਕਿ ਸ਼ੁਰੂਆਤੀ ਕਾਰੋਬਾਰ ’ਚ ਇਹ 129.72 ਅੰਕਾਂ ਦੇ ਵਾਧੇ ਨਾਲ ਹੁਣ ਤੱਕ ਦੇ ਉਪਰਲੇ ਪੱਧਰ 80,481.36 ਅੰਕਾਂ ’ਤੇ ਪਹੁੰਚਿਆ ਪਰ ਫਿਰ 915.88 ਅੰਕਾਂ ਦਾ ਗੋਤਾ ਲਾ ਕੇ 79,435.76. ਅੰਕਾਂ ’ਤੇ ਆ ਗਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 108.75 ਅੰਕ ਜਾਂ 0.45 ਫ਼ੀਸਦ ਟੁੱਟ ਕੇ 24,324.45 ਅੰਕਾਂ ’ਤੇ ਬੰਦ ਹੋਇਆ। -ਪੀਟੀਆਈ
ਸੋਨੇ ਦਾ ਭਾਅ 400 ਰੁਪਏ ਵਧਿਆ
ਨਵੀਂ ਦਿੱਲੀ: ਰਾਜਧਾਨੀ ਦਿੱਲੀ ’ਚ ਸੋਨੇ ਦਾ ਭਾਅ ਅੱਜ 400 ਰੁਪਏ ਵਧ ਕੇ 75,050 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਨੇ ਇਹ ਜਾਣਕਾਰੀ ਦਿੱਤੀ। ਲੰਘੇ ਦਿਨ ਸੋਨੇ ਦਾ ਭਾਅ 74,650 ਪ੍ਰਤੀ 10 ਗ੍ਰਾਮ ਸੀ। ਹਾਲਾਂਕਿ ਇਸ ਦੌਰਾਨ ਚਾਂਦੀ ਭਾਅ 94,400 ਰੁਪਏ ਪ੍ਰਤੀ ਕਿਲੋ ’ਤੇ ਬਰਕਰਾਰ ਰਿਹਾ। -ਪੀਟੀਆਈ