ਸਰਕਾਰੀ ਨੌਕਰੀ ਦਿਵਾਉਣ ਬਦਲੇ 41 ਲੱਖ ਰੁਪਏ ਠੱਗੇ
ਪੱਤਰ ਪ੍ਰੇਰਕ
ਟੋਹਾਣਾ, 8 ਜੂਨ
ਇਕ ਨੌਸ਼shy;ਰਬਾਜ਼ ਨੇ ਇਥੋਂ ਦੇ ਪਿੰਡ ਭੋਡੀ ਦੇ ਕਿਸਾਨ ਪਰਿਵਾਰ ਦੇ 5 ਨੌਜਵਾਨਾਂ ਨੂੰ ਸਰਕਾਰੀ ਨੌਕਰੀ ਲਾਉਣ ਬਦਲੇ 41 ਲੱਖ ਰੁਪਏ ਦੀ ਠੱਗੀ ਮਾਰ ਲਈ। ਉਹ ਪਰਿਵਾਰ ਨੂੰ ਸਾਲ 2019 ਤੋਂ ਇਸ ਬਾਰੇ ਕਿਸੇ ਨੂੰ ਨਾ ਦੱਸਣ ਦੀ ਧਮਕੀ ਵੀ ਦਿੰਦਾ ਰਿਹਾ। ਇਸ ਸਬੰਧੀ ਜਦੋਂ ਪਰਿਵਾਰ ਨੇ ਚੀਕਾ ਪੁੱਜ ਕੇ ਨੌਸਰਬਾਜ਼ ਬਾਰੇ ਜਾਣਕਾਰੀ ਲਈ ਤਾਂ ਭੇਦ ਖੁੱਲ੍ਹਿਆ ਕਿ ਮੁਲਜ਼ਮ ਪਿਛਲੇ 6 ਮਹੀਨਿਆਂ ਤੋ ਧੋਖਾਧੜੀ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹੈ। ਪੀੜਤ ਪਰਿਵਾਰ ਦੇ ਮੁਖੀ ਰਾਮਲਾਲ ਨੇ ਡੀਐੱਸਪੀ ਸ਼ਮਸ਼ੇਰ ਸਿੰਘ ਕੋਲ ਇਸ ਸਬੰਧੀ ਸ਼ਿਕਾਇਤ ਕੀਤੀ। ਸਦਰ ਥਾਣਾ ਟੋਹਾਣਾ ਪੁਲੀਸ ਨੇ ਨੌਸਰਬਾਜ਼ ਰਾਵਿੰਦਰ ਕੁਮਾਰ ਵਿਰੁੱਧ ਧੋਖਾਧੜੀ ਤੇ ਹੋਰ ਦੋਸ਼ਾਂ ਹੇਠ ਕੇਸ ਦਰਜ ਕਰ ਲਿਆ ਹੈ। ਕਿਸਾਨ ਰਾਮਲਾਲ ਨੇ ਦੱਸਿਆ ਕਿ ਉਸ ਦਾ ਪੁੱਤਰ ਵਿਨੋਦ ਕੁਮਾਰ ਹਿਸਾਰ ਵਿੱਚ ਨੌਕਰੀ ਦੀ ਤਿਆਰੀ ਕਰ ਰਿਹਾ ਸੀ ਤੇ ਨੌਸਰਬਾਜ਼ ਨੇ ਵਿਨੋਦ ਕੁਮਾਰ ਨੂੰ ਸਰਕਾਰੀ ਨੌਕਰੀ ਵਿੱਚ ਮਦਦ ਦਾ ਭਰੋਸਾ ਦੇ ਕੇ ਦੋਸਤੀ ਪਾ ਲਈ। ਖੁਦ ਨੂੰ ਬੀਐੱਸਐੱਨਐੱਲ ਦਾ ਜੇਈ ਦੱਸ ਕੇ ਉਸ ਨੇ ਪਰਿਵਾਰ ਨੇ ਦੋ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਜੁਆਇਨ ਕਰਨ ਦੇ ਜਾਅਲੀ ਪੱਤਰ ਦੇ ਕੇ 41 ਲੱਖ ਰੁਪਏ ਦੀ ਪਰਿਵਾਰ ਨਾਲ ਠੱਗੀ ਮਾਰ ਲਈ।