402 ਕਰੋੜ ਨਾਲ ਪਨਿਆੜ ਖੰਡ ਮਿੱਲ ਅਪਗ੍ਰੇਡ ਕਰਾਂਗੇ: ਕਟਾਰੂਚੱਕ
ਜਤਿੰਦਰ ਬੈਂਸ
ਗੁਰਦਾਸਪੁਰ, 30 ਨਵੰਬਰ
ਸਹਿਕਾਰੀ ਖੰਡ ਮਿੱਲ ਪਨਿਆੜ ਦੇ 45ਵੇਂ ਦੇ ਗੰਨਾ ਪਿੜਾਈ ਸੀਜ਼ਨ ਦਾ ਉਦਘਾਟਨ ਅੱਜ ਇੱਥੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਵੇਲੇ ਕਿਸਾਨ ਭਰਾਵਾਂ ਦੇ ਨਾਲ ਖੜੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤਾਂ ਵਿੱਚ ਕੰਮ ਕੀਤੇ ਜਾ ਰਹੇ ਹਨ ਅਤੇ ਹਾਲ ਹੀ ਵਿੱਚ ਗੰਨੇ ਦੇ ਭਾਅ ਵਿੱਚ 10 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਭਰ ਵਿੱਚੋਂ ਕਿਸਾਨਾਂ ਨੂੰ ਸਭ ਤੋਂ ਵੱਧ ਗੰਨੇ ਦਾ ਭਾਅ ਦੇਣ ਵਾਲਾ ਸੂਬਾ ਹੈ। ਕਟਾਰੂਚੱਕ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰੀਬ 402 ਕਰੋੜ ਰੁਪਏ ਖਰਚ ਕਰਕੇ ਸਹਿਕਾਰੀ ਮਿੱਲ ਗੁਰਦਾਸਪੁਰ ਦੀ ਸਮਰੱਥਾ ਵਧਾ ਕੇ 5000 ਟੀਸੀਡੀ ਕੀਤੀ ਜਾ ਰਹੀ ਹੈ ਅਤੇ ਬਹੁਤ ਜਲਦੀ ਇਹ ਪ੍ਰਾਜੈਕਟ ਮੁਕੰਮਲ ਹੋ ਜਾਵੇਗਾ। ਇਸ ਤੋਂ ਇਲਾਵਾ ਮਿੱਲ ਵਿੱਚ 250 ਕਰੋੜ ਰੁਪਏ ਦੀ ਲਾਗਤ ਨਾਲ ਇੱਕ 120 ਕੇਐੱਲਪੀਡੀ ਈਥਾਨੋਲ ਪਲਾਂਟ ਵੀ ਲਗਾਇਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਮਸ਼ੇਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤ ਵਿੱਚ ਕੀਤੇ ਜਾ ਰਹੇ ਫ਼ੈਸਲਿਆਂ ਤੋਂ ਕਿਸਾਨ ਪੂਰੀ ਤਰ੍ਹਾਂ ਖੁਸ਼ ਹਨ।
ਕੈਬਨਿਟ ਮੰਤਰੀ ਕਟਾਰੂਚੱਕ ਨੇ ਮਿੱਲ ਨੂੰ ਪਹਿਲੇ ਪੰਜ ਗੰਨਾ ਸਪਲਾਈ ਕਰਨ ਵਾਲੇ ਕਿਸਾਨ ਬਲਬੀਰ ਸਿੰਘ ਪਿੰਡ ਬਲਸੂਆਂ, ਹੰਸ ਰਾਜ ਪਿੰਡ ਝੇਲਾ ਸ਼ਕਰਗੜ੍ਹ, ਅੱਛਰ ਸਿੰਘ ਪਿੰਡ ਦਲੇਰਪੁਰ, ਗੁਰਮੁੱਖ ਸਿੰਘ ਪਿੰਡ ਚੂੜ ਚੱਕ ਅਤੇ ਜੇਠਾ ਸਿੰਘ ਪਿੰਡ ਟਾਂਡਾ ਦਾ ਵਿਸ਼ੇਸ਼ ਸਨਮਾਨ ਕੀਤਾ।
ਧੀਆਂ-ਪੁੱਤਾਂ ਨੂੰ ਬਰਾਬਰ ਮੌਕੇ ਮੁਹੱਈਆ ਕਰਵਾਉਣ ਦਾ ਸੱਦਾ
ਪਠਾਨਕੋਟ (ਐੱਨਪੀ ਧਵਨ): ਸਮਾਜ ਦਾ ਸੰਤੁਲਨ ਕਾਇਮ ਰੱਖਣ ਲਈ ਸਾਨੂੰ ਸਭਨਾਂ ਨੂੰ ਧੀਆਂ ਤੇ ਪੁੱਤਾਂ ਨੂੰ ਬਰਾਬਰ ਦੇ ਮੌਕੇ ਦੇਣੇ ਚਾਹੀਦੇ ਹਨ ਤੇ ਉਨ੍ਹਾਂ ਨੂੰ ਬਰਾਬਰ ਸਮਝਣਾ ਚਾਹੀਦਾ ਹੈ। ਇਹ ਸੱਦਾ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪਠਾਨਕੋਟ ਸਿਵਲ ਹਸਪਤਾਲ ਵਿੱਚ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਅਭਿਆਨ ਦੇ ਤਹਿਤ ਹੋਏ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਤਾ। ਇਸ ਸਮਾਗਮ ਵਿੱਚ ਸਿਵਲ ਸਰਜਨ ਡਾ. ਅਦਿਤੀ ਸਲਾਰੀਆ, ਐੱਸਐੱਮਓ ਡਾ. ਸੁਨੀਲ ਚਾਂਦ, ਡੀਐੱਸਪੀ ਸੁਮੀਰ ਸਿੰਘ ਮਾਨ, ਵਿਕਾਸ ਕੁਮਾਰ, ਹਸਪਤਾਲ ਦੇ ਹੋਰ ਡਾਕਟਰ, ਆਂਗਣਵਾੜੀ ਮੁਲਾਜ਼ਮ, ਏਐਨਐਮਜ਼, ਆਸ਼ਾ ਵਰਕਰਜ਼ ਅਤੇ ਨਰਸਿੰਗ ਸਟਾਫ ਹਾਜ਼ਰ ਸਨ।
ਸਹਿਕਾਰੀ ਖੰਡ ਮਿੱਲ ਭੋਗਪੁਰ ’ਚ ਪਿੜਾਈ ਭਲਕ ਤੋਂ ਹੋਵੇਗੀ ਸ਼ੁਰੂ
ਭੋਗਪੁਰ (ਬਲਵਿੰਦਰ ਸਿੰਘ ਭੰਗੂ): ਸਹਿਕਾਰੀ ਖੰਡ ਮਿੱਲ ਭੋਗਪੁਰ ਦਾ 2024-25 ਪਿੜਾਈ ਸੀਜ਼ਨ 2 ਦਸੰਬਰ ਨੂੰ ਸਵੇਰੇ 11 ਵਜੇ ਸ਼ੁਰੂ ਹੋ ਰਿਹਾ ਹੈ। ਖੰਡ ਮਿੱਲ ਦੇ ਮੈਨੇਜਿੰਗ ਡਾਇਰੈਕਟਰ ਗੁਰਵਿੰਦਰ ਪਾਲ ਸਿੰਘ ਨੇ ਪ੍ਰੈੱਸ ਨੋਟ ਜਾਰੀ ਕਰਕੇ ਦੱਸਿਆ ਕਿ ਕੈਬਨਿਟ ਮੰਤਰੀ ਰਣਜੋਤ ਸਿੰਘ, ਉੜਮੁੜ ਟਾਂਡਾ ਤੋਂ ਵਿਧਾਇਕ ਜਸਵੀਰ ਸਿੰਘ ਗਿੱਲ ਰਾਜਾ, ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਅਤੇ ‘ਆਪ’ ਦੇ ਹਲਕਾ ਆਦਮਪੁਰ ਤੋਂ ਇੰਚਾਰਜ ਜੀਤ ਲਾਲ ਭੱਟੀ ਸਾਂਝੇ ਤੌਰ ’ਤੇ ਮਿੱਲ ਨੂੰ ਚਾਲੂ ਕਰਨ ਦਾ ਉਦਘਾਟਨ ਕਰਨਗੇ। ਕਿਸਾਨ ਆਗੂ ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਅਮਰਜੀਤ ਸਿੰਘ ਚੌਲਾਂਗ, ਗੁਰਦੀਪ ਸਿੰਘ ਚੱਕ ਝੱਡੂ, ਮੁਕੇਸ਼ ਚੰਦਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਖੰਡ ਮਿੱਲ ਭੋਗਪੁਰ ਵਿੱਚ ਗੰਨਾ ਕਾਸ਼ਤਕਾਰਾਂ ਨੂੰ ਗੰਨਾ ਲਿਆਉਣ ਲਈ ਪਿੰਡਾਂ ਦੀਆਂ ਖਸਤਾ ਹੋਈਆਂ ਲਿੰਕ ਪੱਕੀਆਂ ਸੜਕਾਂ ਦਾ ਨਵੀਨੀਕਰਨ ਕੀਤਾ ਜਾਵੇ।