ਵਿਸ਼ੇਸ਼ ਉਡਾਣਾਂ ਰਾਹੀਂ ਬੰਗਲਾਦੇਸ਼ ਤੋਂ ਲਿਆਂਦੇ 400 ਭਾਰਤੀ
ਨਵੀਂ ਦਿੱਲੀ, 7 ਅਗਸਤ
ਏਅਰ ਇੰਡੀਆ ਅਤੇ ਇੰਡੀਗੋ ਦੀਆਂ ਵਿਸ਼ੇਸ਼ ਉਡਾਣਾਂ ਰਾਹੀਂ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ 400 ਤੋਂ ਵੱਧ ਵਿਅਕਤੀਆਂ ਨੂੰ ਭਾਰਤ ਲਿਆਂਦਾ ਗਿਆ ਹੈ। ਏਅਰ ਇੰਡੀਆ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਏ321 ਨਿਓ ਏਅਰਕ੍ਰਾਫਟ ਦੁਆਰਾ ਸੰਚਾਲਿਤ ਚਾਰਟਰਡ ਜਹਾਜ਼ ਨੇ ਮੰਗਲਵਾਰ ਰਾਤ ਨੂੰ ਢਾਕਾ ਤੋਂ ਉਡਾਣ ਭਰੀ ਅਤੇ ਬੁੱਧਵਾਰ ਸਵੇਰ ਛੇ ਬੱਚਿਆਂ ਸਮੇਤ 205 ਲੋਕਾਂ ਨੂੰ ਭਾਰਤ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਦਿੱਲੀ ਤੋਂ ਉਡਾਣ ਭਰਨ ਵਾਲੇ ਇਸ ਜਹਾਜ਼ ਵਿੱਚ ਕੋਈ ਯਾਤਰੀ ਨਹੀਂ ਸੀ।
ਉਧਰ ਇੰਡੀਗੋ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਢਾਕਾ ਹਵਾਈ ਅੱਡੇ ਦੇ ਅਸਥਾਈ ਤੌਰ 'ਤੇ ਬੰਦ ਹੋਣ ਤੋਂ ਬਾਅਦ ਇੰਡੀਗੋ ਨੇ 6 ਅਗਸਤ 2024 ਨੂੰ ਢਾਕਾ ਤੋਂ ਕੋਲਕਾਤਾ ਲਈ ਵਿਸ਼ੇਸ਼ ਉਡਾਣ 6E 8503 ਦਾ ਸੰਚਾਲਨ ਕੀਤਾ ਹੈ। ਇਹ ਉਡਾਣ ਬੰਗਲਾਦੇਸ਼ ਤੋਂ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਚਲਾਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੰਡੀਗੋ ਦੀ ਵਿਸ਼ੇਸ਼ ਉਡਾਣ ਰਾਹੀਂ 200 ਵਿਅਕੀਤਆਂ ਨੂੰ ਭਾਰਤ ਲਿਆਂਦਾ ਗਿਆ ਹੈ।
ਏਅਰਲਾਈਨ ਨੇ ਕਿਹਾ ਕਿ ਭਾਰਤ ਅਤੇ ਢਾਕਾ ਵਿਚਕਾਰ ਉਡਾਣ ਸੰਚਾਲਨ ਬੁੱਧਵਾਰ ਨੂੰ ਮੁੜ ਸ਼ੁਰੂ ਹੋ ਜਾਵੇਗਾ ਅਤੇ ਉਨ੍ਹਾਂ ਵੱਲੋਂ ਸਾਰੇ ਪ੍ਰਭਾਵਿਤ ਲੋਕਾਂ ਨਾਲ ਸੰਪਰਕ ਕੀਤਾ ਗਿਆ ਹੈ, ਜਿਨ੍ਹਾਂ ਨੂੰ ਚੋਣਵੇਂ ਯਾਤਰਾ ਪ੍ਰਬੰਧਾਂ ਦੀ ਪੇਸ਼ਕਸ਼ ਕੀਤੀ ਹੈ। -ਪੀਟੀਆਈ