ਬੇਰੁਜ਼ਗਾਰਾਂ ਨੂੰ ਫਰਜ਼ੀ ਨਿਯੁਕਤੀ ਪੱਤਰ ਦੇਣ ਵਾਲੇ 4 ਕਾਬੂ
ਜਸਵੰਤ ਜੱਸ
ਫਰੀਦਕੋਟ, 16 ਦਸੰਬਰ
ਫ਼ਰੀਦਕੋਟ ਪੁਲੀਸ ਨੇ ਬੇਰੁਜ਼ਗਾਰ ਨੌਜਵਾਨਾਂ ਤੋਂ ਧੋਖੇ ਨਾਲ ਪੈਸੇ ਲੈ ਕੇ ਉਨ੍ਹਾਂ ਨੂੰ ਫਰਜ਼ੀ ਨਿਯੁਕਤੀ ਪੱਤਰ ਦੇਣ ਦੇ ਮਾਮਲੇ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 100 ਖਾਲੀ ਅਸ਼ਟਾਮ, 23 ਮੋਹਰਾਂ, 500 ਸਰਕਾਰੀ ਫਰਜ਼ੀ ਲੈਟਰ ਪੈਡ, ਪੁਲੀਸ ਦੀਆਂ ਵਰਦੀਆਂ ਤੇ ਹੋਰ ਸਾਮਾਨ ਬਰਾਮਦ ਹੋਇਆ ਹੈ। ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਪੰਜਗਰਾਈਂ ਕਲਾਂ ਦਾ ਵਸਨੀਕ ਜਗਪਾਲ ਸਿੰਘ, ਉਸ ਦੀ ਪਤਨੀ ਕੁਲਦੀਪ ਕੌਰ, ਅਮਿਤ ਬਾਂਸਲ ਅਤੇ ਨੱਥਾ ਟੇਲਰ ਨਾਮ ਦਾ ਵਿਅਕਤੀ ਆਪਸ ਵਿੱਚ ਮਿਲ ਕੇ ਫ਼ਰੀਦਕੋਟ, ਪਟਿਆਲਾ, ਮਾਨਸਾ ਅਤੇ ਮੋਗਾ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਜ਼ਿਲ੍ਹਾ ਅਦਾਲਤਾ, ਪੁਲੀਸ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਸਰਕਾਰੀ ਨੌਕਰੀ ਦਿਵਾਉਣ ਬਹਾਨੇ ਉਨ੍ਹਾਂ ਕੋਲੋਂ ਪੈਸੇ ਲੈ ਲੈਂਦੇ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਫਰਜ਼ੀ ਨਿਯੁਕਤੀ ਪੱਤਰ ਸੌਂਪ ਦਿੰਦੇ ਸਨ। ਪਿੰਡ ਠੱਠੀ ਭਾਈ ਦੀ ਇੱਕ ਪੀੜਤ ਔਰਤ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਇਹ ਪੂਰਾ ਫਰਜ਼ੀਵਾੜਾ ਸਾਹਮਣੇ ਆਇਆ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਆਪਣੇ ਘਰ ਵਿੱਚ ਪੁਲੀਸ ਅਤੇ ਹੋਰ ਵੱਡੇ ਅਧਿਕਾਰੀਆਂ ਦੀਆਂ ਫੋਟੋ ਲਾਈਆਂ ਹੋਈਆਂ ਸਨ ਅਤੇ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਸਬ-ਇੰਸਪੈਕਟਰ ਦੀ ਵਰਦੀ ਵੀ ਪਹਿਨਦੇ ਸਨ। ਮੁਲਜ਼ਮਾਂ ਨੇ ਹੁਣ ਤੱਕ ਬੇਰੁਜ਼ਗਾਰ ਨੌਜਵਾਨਾਂ ਤੋਂ ਕਰੀਬ 20 ਲੱਖ ਰੁਪਏ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਹਾਸਲ ਕੀਤੇ ਹਨ ਪਰੰਤੂ ਕਿਸੇ ਵੀ ਨੌਜਵਾਨ ਨੂੰ ਕੋਈ ਸਰਕਾਰੀ ਨਹੀਂ ਦਿੱਤੀ ਗਈ। ਮੁਲਜ਼ਮਾਂ ਨੂੰ ਅੱਜ ਇੱਥੇ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਪੁੱਛ-ਪੜਤਾਲ ਲਈ ਮੁਲਜ਼ਮਾਂ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਣ ਦਾ ਹੁਕਮ ਦਿੱਤਾ ਹੈ। ਮੁਲਜ਼ਮਾਂ ਕੋਲੋਂ ਨੌਜਵਾਨਾਂ ਦੇ ਅਸਲ ਵਿੱਦਿਅਕ ਸਰਟੀਫਿਕੇਟ ਵੀ ਬਰਾਮਦ ਹੋਏ ਹਨ। ਇਸ ਮਾਮਲੇ ਵਿੱਚ ਪੁਲੀਸ ਹੁਣ ਪੀੜਤਾਂ ਦੀ ਭਾਲ ਕਰ ਰਹੀ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਦੇ ਹੋਰ ਵੀ ਫਰਜ਼ੀਵਾੜੇ ਸਾਹਮਣੇ ਆਉਣ ਦੀ ਸੰਭਾਵਨਾ ਹੈ।