ਸਿਗਨਲ ਉਪਕਰਣ ਵਾਲੀਆਂ ਥਾਵਾਂ ’ਤੇ ‘ਡਬਲ ਲਾਕਿੰਗ ਪ੍ਰਬੰਧ’ ਕੀਤੇ ਜਾਣ: ਰੇਲਵੇ
ਨਵੀਂ ਦਿੱਲੀ, 5 ਜੂਨ
ਰੇਲਵੇ ਨੇ ਆਪਣੇ ਜ਼ੋਨਲ ਹੈੱਡਕੁਆਰਟਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜਿਹੜੀਆਂ ਥਾਵਾਂ ‘ਤੇ ਸਿਗਨਲਿੰਗ ਉਪਕਰਣ ਲੱਗੇ ਹੋਏ ਹਨ, ਉਥੇ ‘ਡਬਲ ਲਾਕਿੰਗ ਪ੍ਰਬੰਧ’ ਕੀਤੇ ਜਾਣ। ਬਾਲਾਸੌਰ ਰੇਲ ਹਾਦਸੇ ‘ਚ ਸਿਗਨਲ ਨਾਲ ਛੇੜਖਾਨੀ ਦੇ ਖ਼ਦਸ਼ੇ ਨੂੰ ਦੇਖਦਿਆਂ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ। ਸਾਰੇ ਜ਼ੋਨਾਂ ਦੇ ਜਨਰਲ ਮੈਨੇਜਰਾਂ ਨੂੰ ਲਿਖੇ ਇੱਕ ਪੱਤਰ ਵਿੱਚ ਰੇਲਵੇ ਬੋਰਡ ਨੇ ਨਿਰਦੇਸ਼ ਦਿੱਤਾ ਹੈ ਕਿ ਸਟੇਸ਼ਨ ਹੱਦ ਦੇ ਅੰਦਰ ਸਾਰੇ ‘ਗੁਮਟੀਜ਼’ (ਟਰੈਕ ਦੇ ਨਾਲ ਬਣੇ ਕਮਰਿਆਂ) ‘ਚ ਲੱਗੇ ਸਿਗਨਲਿੰਗ ਉਪਕਰਣਾਂ ‘ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਦਿਆਂ ਤੁਰੰਤ ਸੁਰੱਖਿਆ ਮੁਹਿੰਮ ਸ਼ੁਰੂ ਕੀਤੀ ਜਾਵੇ। ਇਹ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਕੋਲ ‘ਡਬਲ ਲਾਕਿੰਗ ਪ੍ਰਬੰਧ’ ਹੋਣ। ਇਹ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਇਨ੍ਹਾਂ ਰਿਲੇਅ ਰੂਮਾਂ ਦੇ ਦਰਵਾਜ਼ੇ ਖੋਲ੍ਹਣ/ਬੰਦ ਕਰਨ ਲਈ ਡੇਟਾ ਲੌਗਿੰਗ ਅਤੇ ਐੱਸਐੱਮਐੱਸ ਅਲਰਟ ਤਿਆਰ ਹੋਵੇ। ਉਨ੍ਹਾਂ ਮੁਹਿੰਮ ਦੇ ਨਤੀਜੇ 14 ਜੂਨ ਤੱਕ ਬੋਰਡ ਨੂੰ ਭੇਜਣ ਲਈ ਕਿਹਾ ਹੈ। ਇਸ ਦੌਰਾਨ ਦੱਖਣ ਪੂਰਬੀ ਰੇਲਵੇ ਦੇ ਖੜਗਪੁਰ ਡਿਵੀਜ਼ਨ ਦੇ ਕਰੀਬ 54 ਅਧਿਕਾਰੀਆਂ, ਜੋ ਹਾਦਸੇ ਦੌਰਾਨ ਡਿਊਟੀ ‘ਤੇ ਸਨ, ਨੂੰ ਜਾਂਚ ਲਈ ਹਾਜ਼ਰ ਰਹਿਣ ਦੇ ਹੁਕਮ ਦਿੱਤੇ ਗਏ ਹਨ। -ਪੀਟੀਆਈ