‘ਆਪ’ ਵੱਲੋਂ ਹਰਿਆਣਾ ਵਿੱਚ ਆਗਾਮੀ ਚੋਣਾਂ ਲਈ ਪ੍ਰਚਾਰ ਦੀ ਸ਼ੁਰੂਆਤ
ਮਹਾਂਵੀਰ ਮਿੱਤਲ/ਆਤਿਸ਼ ਗੁਪਤਾ
ਜੀਂਦ/ਚੰਡੀਗੜ੍ਹ, 8 ਜੂਨ
ਆਮ ਆਦਮੀ ਪਾਰਟੀ ਨੇ ਅੱਜ ਇੱਥੇ ਹਰਿਆਣਾ ਦੀਆਂ 2024 ਦੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੀ ਸ਼ੁਰੂਆਤ ਕਰ ਦਿੱਤੀ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਥੇ ਕੁੰਦਨ ਸਿਨੇਮਾ ਕੋਲ ਤਿਰੰਗਾ ਯਾਤਰਾ ਰੋਡ-ਸ਼ੋਅ ਕੀਤਾ। ਜ਼ਿਕਰਯੋਗ ਹੈ ਕਿ ਦੋਵਾਂ ਮੁੱਖ ਮੰਤਰੀਆਂ ਇੱਥੇ ਰੋਡ ਸ਼ੋਅ ਵਿੱਚ ਪਹੁੰਚਣ ਦਾ ਸਮਾਂ ਲਗਪਗ ਬਾਅਦ ਦੁਪਿਹਰ 3 ਵਜੇ ਦਾ ਸੀ, ਪਰ ਲੋਕਾਂ ਨੇ ਉੱਥੇ ਸਵੇਰੇ 11 ਵਜੇ ਹੀ ਪੁੱਜਣਾ ਸ਼ੁਰੂ ਕਰ ਦਿੱਤਾ। ਰੋਡ ਸ਼ੋਅ ਦੌਰਾਨ ‘ਮੇਰਾ ਰੰਗ ਦੇ ਬਸੰਤੀ ਚੋਲਾ’ ਦਾ ਗੀਤ ਵੱਜਦਾ ਰਿਹਾ। ਤਿਰੰਗਾ ਯਾਤਰਾ ਵਿੱਚ ਪਹੁੰਚਣ ਤੋਂ ਪਹਿਲਾਂ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਹੈਲੀਪੈਡ ਉੱਤੇ ਹੀ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਉਹ ਹਰਿਆਣਾ ਵਿੱਚ ‘ਆਪ’ ਦੀ ਸਰਕਾਰ ਬਣਾ ਕੇ ਦਿੱਲੀ ਅਤੇ ਪੰਜਾਬ ਵਾਂਗ ਹਰਿਆਣਾ ਦੇ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਦਿੱਲੀ ਅਤੇ ਪੰਜਾਬ ਵਿੱਚ ਭ੍ਰਿਸ਼ਟਾਚਾਰ ਸਮਾਪਤ ਕਰਕੇ ਜਿੱਥੇ ਲੋਕਾਂ ਨੂੰ ਸਾਫ਼ ਸੁਥਰਾ ਸਾਸ਼ਨ ਦਿੱਤਾ ਹੈ, ਉੱਥੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਸੁਧਾਰ ਲਿਆ ਕੇ ਬੱਚਿਆਂ ਨੂੰ ਚੰਗੇਰੀ ਸਿੱਖਿਆ ਮੁਹੱਈਆ ਕਰਵਾਈ। ਇਸ ਮੌਕੇ ਸੰਸਦ ਮੈਂਬਰ ਅਤੇ ‘ਆਪ’ ਦੇ ਹਰਿਆਣਾ ਮੁਖੀ ਡਾ. ਸੁਸ਼ੀਲ ਗੁਪਤਾ, ਅਨੁਰਾਗ ਢਾਂਡਾ ਅਤੇ ਡਾ. ਅਸ਼ੋਕ ਤੰਵਰ ਹਾਜ਼ਰ ਸਨ। ਭਗਵੰਤ ਮਾਨ ਨੇ ਕਿਹਾ ਕਿ ਕੇਜਰੀਵਾਲ ਚਾਹੁੰਦੇ ਹਨ ਕਿ ਦਿੱਲੀ ਅਤੇ ਪੰਜਾਬ ਵਾਂਗ ਹਰਿਆਣਾ ਵਿੱਚ ਵੀ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਣ।
ਸਰਕਾਰ ਬਣਨ ‘ਤੇ 24 ਘੰਟੇ ਬਿਜਲੀ ਮੁਫ਼ਤ ਮਿਲੇਗੀ: ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਰਿਆਣਾ ‘ਚ ‘ਆਪ’ ਦੀ ਸਰਕਾਰ ਬਨਣ ‘ਤੇ 24 ਘੰਟੇ ਮੁਫਤ ਬਿਜਲੀ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਪਾਰਟੀਆਂ ਭ੍ਰਿਸ਼ਟ ਹਨ, ਇਸ ਲਈ 24 ਘੰਟੇ ਬਿਜਲੀ ਨਹੀਂ ਦਿੰਦੀਆਂ। ਕੇਜਰੀਵਾਲ ਨੇ ਕਿਹਾ ਕਿ ਹਰਿਆਣਾ ‘ਚ ਕਾਂਗਰਸ ਨੇ 25 ਸਾਲ ਤੇ ਭਾਜਪਾ ਨੇ 9 ਸਾਲ ਰਾਜ ਕੀਤਾ। ਜਿਨ੍ਹਾਂ ਨੇ ਸੂਬੇ ਦਾ ਵਿਕਾਸ ਨਹੀਂ ਵਿਨਾਸ਼ ਕੀਤਾ ਹੈ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ‘ਆਪ’ ਸਰਕਾਰ ਨੇ ਦਿੱਲੀ ‘ਚ 12 ਲੱਖ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਸਨ। ਜਦੋਂ ਕਿ ਪੰਜਾਬ ‘ਚ ਇਕ ਸਾਲ ਦੌਰਾਨ 30 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ।