ਅੰਮ੍ਰਿਤਸਰ ਜ਼ਿਲ੍ਹੇ ’ਚ 860 ਪੰਚਾਇਤਾਂ ਲਈ 3770 ਉਮੀਦਵਾਰ ਸਰਪੰਚੀ ਲਈ ਮੈਦਾਨ ਵਿੱਚ ਨਿੱਤਰੇ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 5 ਅਕਤੂਬਰ
ਜ਼ਿਲ੍ਹੇ ਵਿੱਚ ਪੰਚਾਇਤੀ ਚੋਣਾਂ ਵਾਸਤੇ 10 ਬਲਾਕਾਂ ਦੇ 860 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਵਾਸਤੇ ਸਰਪੰਚ ਦੇ ਅਹੁਦੇ ਵਾਸਤੇ 3770 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਇਸੇ ਤਰ੍ਹਾਂ ਪੰਚਾਂ ਵਾਸਤੇ 14,860 ਵਿਅਕਤੀਆਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ।
ਬੀਤੇ ਕੱਲ੍ਹ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਆਖਰੀ ਦਿਨ ਸੀ ਅਤੇ ਵੱਡੀ ਗਿਣਤੀ ਵਿੱਚ ਨਾਮਜ਼ਦਗੀ ਪੱਤਰ ਦਾਖਲ ਹੋਏ ਸਨ। ਦੇਰ ਸ਼ਾਮ ਤੱਕ ਨਾਮਜ਼ਦਗੀ ਪੱਤਰਾਂ ਦੀ ਗਿਣਤੀ ਦਾ ਕੰਮ ਜਾਰੀ ਸੀ। ਇਸ ਸਬੰਧੀ ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਜਾਰੀ ਕੀਤੇ ਗਏ ਵੇਰਵਿਆਂ ਮੁਤਾਬਕ ਜ਼ਿਲ੍ਹੇ ਦੀਆਂ 860 ਗਰਾਮ ਪੰਚਾਇਤਾਂ ਵਾਸਤੇ ਸਰਪੰਚ ਦੇ ਅਹੁਦੇ ਲਈ 3770 ਅਤੇ ਪੰਚਾਂ ਦੇ ਅਹੁਦੇ ਵਾਸਤੇ 14860 ਵਿਅਕਤੀਆਂ ਨੇ ਨਾਮਜ਼ਦਗੀ ਪੱਤਰ ਭਰੇ ਹਨ। ਉਨ੍ਹਾਂ ਦੱਸਿਆ ਕਿ ਮਜੀਠਾ ਵਿਧਾਨ ਸਭਾ ਹਲਕੇ ਵਿੱਚ ਸਭ ਤੋਂ ਵੱਧ 113 ਗਰਾਮ ਪੰਚਾਇਤਾਂ ਹਨ ਜਿੱਥੇ 491 ਵਿਅਕਤੀਆਂ ਨੇ ਸਰਪੰਚ ਦੇ ਅਹੁਦੇ ਵਾਸਤੇ ਅਤੇ 1949 ਵਿਅਕਤੀਆਂ ਨੇ ਪੰਚਾਂ ਦੇ ਅਹੁਦੇ ਵਾਸਤੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ।
ਇਸੇ ਤਰ੍ਹਾਂ ਚੌਗਾਵਾਂ ਬਲਾਕ ਵਿੱਚ 109 ਗ੍ਰਾਮ ਪੰਚਾਇਤਾਂ ਵਾਸਤੇ 469 ਵਿਅਕਤੀਆਂ ਨੇ ਸਰਪੰਚ ਦੇ ਅਹੁਦੇ ਲਈ ਅਤੇ 1689 ਵਿਅਕਤੀਆਂ ਨੇ ਪੰਚਾਂ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ। ਸਭ ਤੋਂ ਘੱਟ ਗ੍ਰਾਮ ਪੰਚਾਇਤਾਂ ਜੰਡਿਆਲਾ ਗੁਰੂ ਬਲਾਕ ਵਿੱਚ ਹਨ, ਜਿੱਥੇ 59 ਗ੍ਰਾਮ ਪੰਚਾਇਤਾਂ ਵਾਸਤੇ 291 ਵਿਅਕਤੀਆਂ ਨੇ ਸਰਪੰਚ ਦੇ ਅਹੁਦੇ ਅਤੇ 993 ਵਿਅਕਤੀਆਂ ਨੇ ਪੰਚਾਂ ਦੇ ਅਹੁਦੇ ਵਾਸਤੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਅਜਨਾਲਾ ਬਲਾਕ ਵਿੱਚ 78 ਗ੍ਰਾਮ ਪੰਚਾਇਤਾਂ ਵਾਸਤੇ 301 ਵਿਅਕਤੀਆਂ ਨੇ ਸਰਪੰਚ ਲਈ ਅਤੇ 1083 ਵਿਅਕਤੀਆਂ ਨੇ ਪੰਚਾਂ, ਰਮਦਾਸ ਬਲਾਕ ਵਿੱਚ 75 ਗ੍ਰਾਮ ਪੰਚਾਇਤਾਂ ਵਾਸਤੇ 317 ਵਿਅਕਤੀਆਂ ਨੇ ਸਰਪੰਚ ਅਤੇ 1048 ਵਿਅਕਤੀਆਂ ਨੇ ਪੰਚਾਂ, ਹਰਸ਼ਾ ਛੀਨਾ ਬਲਾਕ ਵਿੱਚ 80 ਗ੍ਰਾਮ ਪੰਚਾਇਤਾਂ ਵਾਸਤੇ 334 ਵਿਅਕਤੀਆਂ ਨੇ ਸਰਪੰਚ ਅਤੇ 1339 ਵਿਅਕਤੀਆਂ ਨੇ ਪੰਚਾਂ, ਅਟਾਰੀ ਬਲਾਕ ਵਿੱਚ 69 ਗ੍ਰਾਮ ਪੰਚਾਇਤਾਂ ਵਾਸਤੇ 275 ਵਿਅਕਤੀਆਂ ਨੇ ਸਰਪੰਚਅਤੇ 1231 ਵਿਅਕਤੀਆਂ ਨੇ ਪੰਚਾਂ, ਵੇਰਕਾ ਬਲਾਕ ਵਿੱਚ 85 ਗ੍ਰਾਮ ਪੰਚਾਇਤਾਂ ਵਾਸਤੇ 426 ਵਿਅਕਤੀਆਂ ਨੇ ਸਰਪੰਚ ਲਈ ਅਤੇ 1721 ਵਿਅਕਤੀਆਂ ਨੇ ਪੰਚਾਂ, ਰਈਆ ਬਲਾਕ ਦੀਆਂ 99 ਗ੍ਰਾਮ ਪੰਚਾਇਤਾਂ ਵਾਸਤੇ 450 ਵਿਅਕਤੀਆਂ ਨੇ ਸਰਪੰਚ ਲਈ ਅਤੇ 1993 ਵਿਅਕਤੀਆਂ ਨੇ ਪੰਚਾਂ ਵਾਸਤੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ।